ਕੇਜਰੀਵਾਲ ਨੇ ਕਿਹਾ : ਪਹਿਲਾਂ ਕਾਂਗਰਸ ਅਤੇ ਭਾਜਪਾ ਆਪਣਾ ਸਟੈਂਡ ਸਪੱਸ਼ਟ ਕਰੇ
ਚੰਡੀਗੜ੍ਹ/ਬਿਊੁਰੋ ਨਿਊਜ਼
ਸਤਲੁਜ-ਯਮੁਨਾ ਲਿੰਕ ਨਹਿਰ (ਐਸ.ਵਾਈ.ਐਲ.) ਦੇ ਮੁੱਦੇ ’ਤੇ ਆਮ ਆਦਮੀ ਪਾਰਟੀ ਘਿਰਦੀ ਜਾ ਰਹੀ ਹੈ। ਇਸ ਬਾਰੇ ਜਦੋਂ ਹਰਿਆਣਾ ਦੇ ਹਿਸਾਰ ਪਹੁੰਚੇ ਕੇਜਰੀਵਾਲ ਕੋਲੋਂ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਉਲਟਾ ਵਿਰੋਧੀਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਵਿਚ ਕਾਂਗਰਸ ਅਤੇ ਭਾਜਪਾ ਦਾ ਸਟੈਂਡ ਕੀ ਹੈ? ਪੰਜਾਬ ਵਿਚ ਇਹ ਲੋਕ ਕਹਿੰਦੇ ਹਨ ਕਿ ਐਸ.ਵਾਈ.ਐਲ. ਨਹਿਰ ਨਹੀਂ ਬਣਨ ਦਿਆਂਗੇ ਅਤੇ ਹਰਿਆਣਾ ਵਿਚ ਕਹਿੰਦੇ ਹਨ ਕਿ ਐਸ.ਵਾਈ.ਐਲ. ਦਾ ਪਾਣੀ ਲੈ ਕੇ ਰਹਾਂਗੇ। ਕੇਜਰੀਵਾਲ ਨੇ ਕਿਹਾ ਕਿ ਇਹ ਵਿਅਕਤੀ ਰਾਜਨੀਤੀ ਕਰਦੇ ਹਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਵਿਚ ਪਾਣੀ ਦਾ ਪੱਧਰ ਬਹੁਤ ਨੀਵਾਂ ਹੈ ਅਤੇ ਦੋਨੋਂ ਸੂਬਿਆਂ ਨੂੰ ਪਾਣੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਅਤੇ ਹਰਿਆਣਾ ਲਈ ਪਾਣੀ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਦਾ ਕੰਮ ਪੰਜਾਬ ਅਤੇ ਹਰਿਆਣਾ ਨੂੰ ਲੜਾਉਣਾ ਨਹੀਂ ਹੈ ਅਤੇ ਇਸ ਤਰ੍ਹਾਂ ਭਾਰਤ ਅੱਗੇ ਨਹੀਂ ਵਧੇਗਾ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਇਸ ਸਮੱਸਿਆ ਦਾ ਹੱਲ ਕਰੇ।