ਸਾਬਕਾ ਆਈਜੀ ਖਿਲਾਫ ਨਸ਼ਾ ਤਸਕਰ ਦੀ ਪੁਸ਼ਤ-ਪਨਾਹੀ ਕਰਨ ਦੇ ਲਗਾਏ ਆਰੋਪ
ਅੰਮ੍ਰਿਤਸਰ : ਯੂਥ ਅਕਾਲੀ ਦਲ ਵੱਲੋਂ 15 ਕਰੋੜ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਆਗੂ ਅਤੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਦੇ ਅੰਮ੍ਰਿਤਸਰ ਸਥਿਤ ਘਰ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਮੌਕੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾ-ਮੁੱਕੀ ਵੀ ਹੋਈ। ਮਾਮਲਾ ਵਧਦਾ ਦੇਖ ਕੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ, ਜਿਨ੍ਹਾਂ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿਚ ਸਾਬਕਾ ਆਈਜੀ ਖਿਲਾਫ ਨਸ਼ਾ ਤਸਕਰ ਦੀ ਕਥਿਤ ਪੁਸ਼ਤ ਪਨਾਹੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਪੁਲਿਸ ਨੇ ਪਾਉਂਟਾ ਸਾਹਿਬ ਦੀ ਇੱਕ ਫੈਕਟਰੀ ‘ਚੋਂ ਲਗਪਗ 15 ਕਰੋੜ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਇਸ ਮਾਮਲੇ ਵਿੱਚ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਦੇ ਪੋਤਰੇ ਸਮੇਤ ‘ਆਪ’ ਆਗੂ ਰਾਜੀਵ ਭਗਤ ਨੂੰ ਨਾਮਜ਼ਦ ਕੀਤਾ ਗਿਆ ਹੈ। ਯੂਥ ਆਗੂਆਂ ਨੇ ਆਰੋਪ ਲਾਇਆ ਕਿ ਨਾਮਜ਼ਦ ਕੀਤੇ ਗਏ ‘ਆਪ’ ਆਗੂ ਵੱਲੋਂ ਇਹ ਨਸ਼ੀਲੀਆਂ ਗੋਲੀਆਂ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਪੁਲਿਸ ਦੀ ਗੱਡੀ ਵਰਤਣ ਦਾ ਖੁਲਾਸਾ ਹੋਇਆ ਹੈ। ਉਨ੍ਹਾਂ ਕਿਹਾ ਕਿ ਰਾਜੀਵ ਭਗਤ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਤੋਂ ‘ਆਪ’ ਵਿੱਚ ਸ਼ਾਮਲ ਹੋਇਆ ਹੈ ਅਤੇ ਉਸ ਨੇ ‘ਆਪ’ ਵਿਚ ਸ਼ਾਮਲ ਹੋਣ ਲਈ ਵੱਡੀ ਰਕਮ ਦਿੱਤੀ ਹੈ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਇਸ ਕਾਰਜ ਲਈ ਨਸ਼ੇ ਦੇ ਕਾਰੋਬਾਰ ਵਾਲੀ ਰਕਮ ਵੀ ਵਰਤੀ ਗਈ ਹੋ ਸਕਦੀ ਹੈ, ਜਿਸ ਸਬੰਧੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜਾਣਕਾਰੀ ਅਨੁਸਾਰ ਯੂਥ ਕਾਰਕੁਨ ਜਦੋਂ ਰੋਸ ਮਾਰਚ ਕਰਦਿਆਂ ਸਾਬਕਾ ਪੁਲਿਸ ਅਧਿਕਾਰੀ ਦੇ ਘਰ ਬਾਹਰ ਪੁੱਜੇ ਤਾਂ ਪੁਲਿਸ ਨੇ ਰੋਕਾਂ ਲਾ ਕੇ ਰਸਤਾ ਬੰਦ ਕਰ ਦਿੱਤਾ। ਇਸ ਦੌਰਾਨ ਜਦੋਂ ਪ੍ਰਦਰਸ਼ਨਕਾਰੀਆਂ ਨੇ ਰੋਕਾਂ ਹਟਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾ-ਮੁੱਕੀ ਹੋ ਗਈ। ਇਸ ਮਗਰੋਂ ਪੁਲਿਸ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਮਾਮਲਾ ਸ਼ਾਂਤ ਹੋਣ ‘ਤੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਸਾਬਕਾ ਆਈਜੀ ਦੇ ਘਰ ਬਾਹਰ ਧਰਨਾ ਲਾਉਣ ਦੇ ਦੋਸ਼ ਹੇਠ 15 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਸੀ, ਜਿਨ੍ਹਾਂ ਨੂੰ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ।