ਹਰ ਜ਼ਿਲ੍ਹੇ ਦੇ 15 ਤੋਂ 35 ਸਾਲ ਤੱਕ ਦੇ ਦੋ-ਦੋ ਨੌਜਵਾਨਾਂ ਨੂੰ ਇਹ ਪੁਰਸਕਾਰ ਦਿੱਤੇ ਜਾਣਗੇ
ਚੰਡੀਗੜ੍ਹ/ਬਿਊਰੋ ਨਿਊਜ਼ : ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਹਰ ਜ਼ਿਲ੍ਹੇ ਦੇ 15 ਤੋਂ 35 ਸਾਲ ਤੱਕ ਦੇ ਦੋ-ਦੋ ਨੌਜਵਾਨਾਂ ਨੂੰ ਇਹ ਪੁਰਸਕਾਰ ਦਿੱਤੇ ਜਾਣਗੇ। ਕੁੱਝ ਸਮੇਂ ਤੋਂ ਨੌਜਵਾਨਾਂ ਨੂੰ ਇਹ ਪੁਰਸਕਾਰ ਨਹੀਂ ਦਿੱਤਾ ਜਾ ਰਿਹਾ ਸੀ। ਇਸੇ ਤਰ੍ਹਾਂ ਮੀਤ ਹੇਅਰ ਨੇ ਨੌਜਵਾਨਾਂ ਲਈ ਚੰਡੀਗੜ੍ਹ ਵਿੱਚ ਉਸਾਰੇ ਯੁਵਾ ਭਵਨ ਦੇ ਨਵੀਨੀਕਰਨ ਤੇ ਪੁਨਰ-ਸੁਰਜੀਤੀ ਦਾ ਵੀ ਫ਼ੈਸਲਾ ਕੀਤਾ ਹੈ। ਯੁਵਕ ਸੇਵਾਵਾਂ ਮੰਤਰੀ ਨੇ ਇੱਥੇ ਯੁਵਾ ਭਵਨ ਵਿੱਚ ਕੀਤੀ ਮੀਟਿੰਗ ਮਗਰੋਂ ਦੱਸਿਆ ਕਿ ਨੌਜਵਾਨਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿੱਚ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ, ਇੱਕ ਮੈਡਲ, ਇੱਕ ਸਕਰੋਲ, ਇੱਕ ਬਲੇਜ਼ਰ ਤੇ ਇੱਕ ਸਰਟੀਫਿਕੇਟ ਨਾਲ ਸਨਮਾਨਿਆ ਜਾਵੇਗਾ। ਇਸ ਸਬੰਧੀ ਯੁਵਕ ਸੇਵਾਵਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸ ਲਈ ਯੁਵਕ ਭਲਾਈ ਗਤੀਵਿਧੀਆਂ, ਐੱਨਸੀਸੀ, ਐੱਨਐੱਸਐੱਸ, ਸਮਾਜਸੇਵਾ, ਸਭਿਆਚਾਰਕ ਗਤੀਵਿਧੀਆਂ, ਖੇਡਾਂ, ਰਾਸ਼ਟਰੀ ਏਕਤਾ, ਖ਼ੂਨਦਾਨ, ਨਸ਼ਿਆਂ ਵਿਰੁੱਧ ਜਾਗਰੂਕਤਾ, ਵਿੱਦਿਅਕ ਯੋਗਤਾ, ਬਹਾਦਰੀ ਅਤੇ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾਂ ਦੀ ਮੈਰਿਟ ਦੇ ਆਧਾਰ ‘ਤੇ ਚੋਣ ਹੋਵੇਗੀ।
ਮੀਤ ਹੇਅਰ ਨੇ ਚੰਡੀਗੜ੍ਹ ਵਿੱਚ ਯੁਵਾ ਭਵਨ ਇਮਾਰਤ ਦੇ ਨਵੀਨੀਕਰਨ ਤੇ ਪੁਨਰ ਸੁਰਜੀਤੀ ਦਾ ਵੀ ਐਲਾਨ ਕੀਤਾ ਹੈ, ਜਿਸ ‘ਤੇ ਕਰੀਬ ਤਿੰਨ ਕਰੋੜ ਰੁਪਏ ਖ਼ਰਚਾ ਆਵੇਗਾ। ਮੀਟਿੰਗ ਵਿੱਚ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ, ਡਾਇਰੈਕਟਰ ਰਾਜੇਸ਼ ਧੀਮਾਨ, ਡਿਪਟੀ ਡਾਇਰੈਕਟਰ ਡਾ. ਕਮਲਜੀਤ ਸਿੰਘ ਸਿੱਧੂ ਤੇ ਸਹਾਇਕ ਡਾਇਰੈਕਟਰ ਰੁਪਿੰਦਰ ਕੌਰ ਵੀ ਹਾਜ਼ਰ ਸਨ।