ਸੂਬਾਈ ਸਕਾਲਰਸ਼ਿਪ ਸਕੀਮ ਤਹਿਤ ਗਰੀਬ ਵਿਦਿਆਰਥੀਆਂ ਨੂੰ ਮਿਲੇਗੀ ਮੁਫਤ ਸਿੱਖਿਆ : ਕੈਪਟਨ ਅਮਰਿੰਦਰ
ਅੰਮ੍ਰਿਤਸਰ : ਭਗਵਾਨ ਵਾਲਮੀਕਿ ਦੇ ਜਨਮ ਦਿਵਸ ਮੌਕੇ ਅੰਮ੍ਰਿਤਸਰ ‘ਚ ਰਾਮਤੀਰਥ ਵਿਖੇ ਕਰਵਾਏ ਗਏ ਇਕ ਸਮਾਗਮ ਵਿਚ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਨੇ ਆਨਲਾਈਨ ਸ਼ਮੂਲੀਅਤ ਕਰਦਿਆਂ ਦਲਿਤ ਵਿਦਿਆਰਥੀਆਂ ਲਈ ਡਾ. ਬੀ.ਆਰ. ਅੰਬੇਡਕਰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਰਾਮ ਤੀਰਥ ਵਿਚ 50 ઠਕਰੋੜ ਰੁਪਏ ਦੀ ਇਕ ਯੋਜਨਾ ਦੀ ਆਨਲਾਈਨ ਸ਼ੁਰੂਆਤ ਕੀਤੀ ਤੇ ਇੱਥੇ ਨਵੀਂ ਆਈਟੀਆਈ ਅਤੇ ਹੁਨਰ ਵਿਕਾਸ ਕੇਂਦਰ ਦੀ ਸਥਾਪਨਾ ਨੂੰ ਹਰੀ ਝੰਡੀ ਦਿੱਤੀ। ਉਨ੍ਹਾਂ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੇ ਤਹਿਤ ਭਗਵਾਨ ਵਾਲਮੀਕਿ ਦੀ ਯਾਦ ਵਿਚ ਸਾਲਾਨਾ ਛੁੱਟੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹਰ ਵਰ੍ਹੇ ਵਾਲਮੀਕਿ ਜੈਅੰਤੀ ਮੌਕੇ ਸੈਮੀਨਾਰ ਕਰਾਇਆ ਜਾਵੇਗਾ।ઠ ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾਈ ਸਕਾਲਰਸ਼ਿਪ ਸਕੀਮ ਤਹਿਤ ਯਕੀਨੀ ਬਣਾਇਆ ਜਾਵੇਗਾ ਕਿ ਗਰੀਬ ਵਰਗ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਦਿਆਰਥੀ ਮੁਫ਼ਤ ਸਿੱਖਿਆ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਡਾ. ਬੀ.ਆਰ. ਅੰਬੇਡਕਰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਕੇਂਦਰ ਸਰਕਾਰ ਵੱਲੋਂ ਬਿਨਾ ਕਿਸੇ ਵਿੱਤੀ ਮਦਦ ਦੇ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਐੱਸਸੀ ਵਿਦਿਆਰਥੀਆਂ ਨੂੰ ਫੀਸ ਵਿਚ 100 ਫੀਸਦੀ ਛੋਟ ਮਿਲੇਗੀ। ਇਸ ਨਾਲ ਤਿੰਨ ਲੱਖ ਤੋਂ ਵੱਧ ਐੱਸਸੀ ਵਿਦਿਆਰਥੀਆਂ ਨੂੰ ਹਰ ਵਰ੍ਹੇ ਲਾਭ ਮਿਲੇਗਾ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੰਸਥਾਵਾਂ ਵੱਲੋਂ ਇਸ ਸਕੀਮ ਤਹਿਤ ਸੂਬਾ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਿੱਧੀ ਸਬਸਿਡੀ ਕਾਰਨ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਤੇ ਵਰਦੀਆਂ ਖਰੀਦਣ ਲਈ ਮਹੀਨਾਵਾਰ ਭੱਤਾ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਮਹਾਂਰਿਸ਼ੀ ਵਾਲਮੀਕਿ ਸਬੰਧੀ ਇਕ ਪੈਨੋਰਮਾ ਬਣਾਇਆ ਜਾਵੇਗਾ, ਜਿਸ ‘ਤੇ 25-30 ਕਰੋੜ ਰੁਪਏ ਦੇ ਖਰਚ ਹੋਣਗੇ। ਇਸ ਤੋਂ ਇਲਾਵਾ ਬਾਹਰੀ ਕੰਧ ਉੱਤੇ ਲਾਈਟਾਂ ਲਾਈਆਂ ਜਾਣਗੀਆਂ, ਸਰੋਵਰ ਲਈ ਫਿਲਟਰੇਸ਼ਨ ਪਲਾਂਟ ਲਗੇਗਾ, ਸਰਾਵਾਂ ਲਈ ਫਰਨੀਚਰ ਅਤੇ ਪਰਿਕਰਮਾ ਦੀ ਉਸਾਰੀ ਕੀਤੀ ਜਾਵੇਗੀ। ਇਸ ਮੌਕੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਪੋਸਟ ਮੈਟਰਿਕ ਐੱਸਸੀ ਸਕਾਲਰਸ਼ਿਪ ਬੰਦ ਕਰਨ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਇਸ ਮੌਕੇ ਵਾਲਮੀਕਿ ਸਮਾਜ ਉੱਤੇ ਅਧਾਰਤ ਇੱਕ ਲਘੂ ਫ਼ਿਲਮ ਵੀ ਦਿਖਾਈ ਗਈ ਤੇ ਸੰਤ ਸਮਾਜ ਦੇ ਮੁਖੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿਚ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਤੇ ਗੁਰਜੀਤ ਸਿੰਘ ਔਜਲਾ ਵੀ ਹਾਜ਼ਰ ਸਨ।
ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਗ਼ਰੀਬ ਦਾ ਬੱਚਾ ਪੜ੍ਹੇ
ਪੰਜਾਬ ਦੇ ਐਸ.ਸੀ. ਬੱਚਿਆਂ ਦਾ ਵਜ਼ੀਫਾ ਰੋਕ ਕੇ ਕੇਂਦਰ ਸਰਕਾਰ ਨੇ ਕੀਤਾ ਧੋਖਾ : ਜਾਖੜ
ਚੰਡੀਗੜ੍ਹ : ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਗਰੀਬ ਦਾ ਬੱਚਾ ਪੜ੍ਹਾਈ ਕਰ ਸਕੇ। ਇਹ ਕਹਿਣਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ। ਜਾਖੜ ਨੇ ਚੰਡੀਗੜ੍ਹ ‘ਚ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਐਸ.ਸੀ. ਬੱਚਿਆਂ ਲਈ ਡਾ: ਬੀ.ਆਰ. ਅੰਬੇਡਕਰ ਵਜ਼ੀਫਾ ਸਕੀਮ ਸ਼ੁਰੂ ਹੋਣ ਨਾਲ ਰਾਜ ਦੇ 3 ਲੱਖ ਤੋਂ ਵਧੇਰੇ ਐਸ.ਸੀ. ਬੱਚਿਆਂ ਨੂੰ ਉਚੇਰੀ ਪੜ੍ਹਾਈ ਲਈ ਵਜ਼ੀਫਾ ਮਿਲ ਸਕੇਗਾ। ਉਨ੍ਹਾਂ ਨੇ ਕਿਹਾ ਕਿ ਪੜ੍ਹਾਈ ਹੀ ਇਕ ਤਰੀਕਾ ਹੈ ਜਿਸ ਨਾਲ ਸਮਾਜਿਕ ਅਤੇ ਆਰਥਿਕ ਤਰੱਕੀ ਸੰਭਵ ਹੈ। ਜਾਖੜ ਨੇ ਕਿਹਾ ਕਿ ਪੰਜਾਬ ਦੇ ਐਸ.ਸੀ. ਬੱਚਿਆਂ ਦਾ ਵਜ਼ੀਫਾ ਰੋਕ ਕੇ ਕੇਂਦਰ ਸਰਕਾਰ ਨੇ ਧੋਖਾ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਜਾਖੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਤਹਿਤ ਪੰਜਾਬ ਦੇ ਐਸ.ਸੀ. ਬੱਚਿਆਂ ਦਾ 800 ਕਰੋੜ ਦਾ ਸਾਲਾਨਾ ਵਜ਼ੀਫਾ ਰੋਕ ਕੇ ਆਪਣਾ ਗ਼ਰੀਬ ਵਿਰੋਧੀ ਕਿਰਦਾਰ ਬੇਨਕਾਬ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਗ਼ਰੀਬ ਦਾ ਬੱਚਾ ਪੜ੍ਹੇ ਅਤੇ ਇਸੇ ਲਈ ਪੋਸਟ ਮੈਟ੍ਰਿਕ ਸਕੀਮ ਦੇ ਸਾਲਾਨਾ 800 ਕਰੋੜ ਰੁਪਏ ਰੋਕ ਲਏ ਹਨ। ਉਨ੍ਹਾਂ ਕਿਹਾ ਕਿ ਇਹ ਸਕੀਮ ਸੂਬਾ ਸਰਕਾਰ ਨੂੰ ਇਸ ਲਈ ਸ਼ੁਰੂ ਕਰਨੀ ਪਈ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਨੇ ਗ਼ਰੀਬ, ਮਜ਼ਦੂਰ ਅਤੇ ਕਿਸਾਨ ਵਿਰੋਧੀ ਆਪਣੀ ਸੋਚ ਤਹਿਤ ਪੰਜਾਬ ਦੇ ਐਸ.ਸੀ. ਬੱਚਿਆਂ ਲਈ ਕਾਂਗਰਸ ਰਾਜ ਸਮੇਂ ਹੀ ਸ਼ੁਰੂ ਕੀਤੀ ਕੇਂਦਰੀ ਵਜ਼ੀਫਾ ਸਕੀਮ ਨੂੰ ਬੰਦ ਕਰ ਦਿੱਤਾ ਹੈ ਅਤੇ ਇਸੇ ਬਦਨੀਅਤ ਨਾਲ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਬੰਦ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਸਕੀਮ ਕੇਂਦਰ ਵਲੋਂ ਬੰਦ ਕਰਨ ਦੇ ਦੂਰਗਾਮੀ ਪ੍ਰਭਾਵ ਪੈਣੇ ਸਨ ਇਸੇ ਲਈ ਸਾਡੇ ਬੱਚਿਆਂ ਦੀ ਨਿਰਵਿਘਨ ਪੜ੍ਹਾਈ ਯਕੀਨੀ ਬਣਾਉਣ ਲਈ ਆਰਥਿਕ ਤੰਗੀਆਂ ਦੇ ਬਾਵਜੂਦ ਸੂਬਾ ਸਰਕਾਰ ਨੇ ਇਹ ਸਕੀਮ ਦੁਬਾਰਾ ਸ਼ੁਰੂ ਕੀਤੀ ਹੈ।