ਦਿੱਲੀ ਨੂੰ ਹਮੇਸ਼ਾ ਹੀ ਪੰਜਾਬ ਨਾਲ ਰਹਿੰਦਾ ਸੀ ਸ਼ਿਕਵਾ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਵਿਚ ਇਸ ਵਾਰ ਦੀਵਾਲੀ ਵਾਲੇ ਦਿਨ ਹਵਾ ਦੀ ਗੁਣਵੱਤਾ ‘ਚ ਪਿਛਲੇ ਸਾਲ ਦੇ ਮੁਕਾਬਲੇ ਸੁਧਾਰ ਵੇਖਣ ਨੂੰ ਮਿਲਿਆ ਹੈ। ਦੀਵਾਲੀ ਵਾਲੇ ਦਿਨ ਔਸਤਨ ਹਵਾ ਗੁਣਵੱਤਾ ਸੂਚਕ ਅੰਕ 210 ਰਿਕਾਰਡ ਕੀਤਾ ਗਿਆ, ਜੋ ਪਿਛਲੇ ਵਰ੍ਹੇ ਦੇ ਔਸਤਨ 234 ਦੇ ਮੁਕਾਬਲੇ 10.25 ਫ਼ੀਸਦੀ ਮਨਫ਼ੀ ਪਾਇਆ ਗਿਆ ਹੈ। ਸਮਝਿਆ ਜਾ ਰਿਹਾ ਹੈ ਕਿ ਪੰਜਾਬ ਅੰਦਰ ਹਵਾ ਦੇ ਗੁਣਵੱਤਾ ਅੰਕੜੇ ਦੇ ਸੁਧਾਰ ਤੋਂ ਐਤਕੀਂ ਪੰਜਾਬ ਨੂੰ ਪ੍ਰਦੂਸ਼ਣ ਦੇ ਮੁੱਦੇ ‘ਤੇ ਦਿੱਲੀ ਵਾਲਿਆਂ ਦੇ ਮਿਹਣੇ ਨਹੀਂ ਸੁਣਨੇ ਪੈਣਗੇ। ਦੱਸਣਯੋਗ ਹੈ ਕਿ ਰਾਜਧਾਨੀ ਦਿੱਲੀ ਦਾ ਅਕਸਰ ਪੰਜਾਬ ਪ੍ਰਤੀ ਸ਼ਿਕਵਾ ਰਹਿੰਦਾ ਸੀ ਕਿ ਦੀਵਾਲੀ ਦਾ ਫੈਲਿਆ ਪ੍ਰਦੂਸ਼ਣ ਝੋਨੇ ਦੀ ਪਰਾਲੀ ਦੇ ਧੂੰਏਂ ਨਾਲ ਰਲ ਕੇ ਦਿੱਲੀ ਤੱਕ ਮਾਰ ਕਰਦਾ ਹੈ। ਭਾਵੇਂ ਇਹ ਦੋਸ਼ ਪਿਛਲੇ ਦੋ ਸਾਲਾਂ ਤੋਂ ਸਹੀ ਸਿੱਧ ਨਹੀਂ ਹੋ ਰਹੇ ਪਰ ਐਤਕੀਂ ਮੁੜ ਇਹ ਗੱਲ ਸਾਫ਼ ਹੋ ਗਈ ਹੈ ਕਿ ਦੀਵਾਲੀ ਦੀ ਰਾਤ ਪਟਾਕਿਆਂ ਤੇ ਧੂੰਏਂ ਦੀ ਮਾਰ ਦਾ ਪੰਜਾਬ ਦੇ ਵਾਤਾਵਰਨ ‘ਤੇ ਓਨਾ ਅਸਰ ਨਹੀਂ ਹੋਇਆ, ਜਿਸ ਤੋਂ ਗੁਆਂਢੀਆਂ ਨੂੰ ਕੋਈ ਇਤਰਾਜ਼ ਹੋਵੇ। ਭਾਵੇਂ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਕਈ ਥਾਈਂ ਜਾਰੀ ਹੈ ਪਰ ਇਸ ਦੇ ਬਾਵਜੂਦ ਪ੍ਰਦੂਸ਼ਣ ਘਟਣ ਨੂੰ ਚੰਗਾ ਸੰਕੇਤ ਮੰਨਿਆ ਜਾ ਰਿਹਾ ਹੈ। ਉਧਰ, ਪੰਜਾਬ ਦੇ ਉਲਟ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ ਕਿਤੇ ਵੱਧ ਮਾਪਿਆ ਜਾ ਰਿਹਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਦਾਅਵਾ ਹੈ ਕਿ ਪੰਜਾਬੀਆਂ ਨੇ ਐਤਕੀਂ ਹਰੀ ਦੀਵਾਲੀ ਮਨਾਉਣ ਨੂੰ ਤਰਜੀਹ ਦੇ ਕੇ ਪ੍ਰਦੂਸ਼ਣ ਨੂੰ ਠੱਲ੍ਹ ਪਾਈ ਹੈ। ਦੀਵਾਲੀ ਵਾਲੇ ਦਿਨ ਸ਼ਾਮ 8 ਤੋਂ ਰਾਤ 10 ਵਜੇ ਤੱਕ ਹੀ ਪਟਾਕੇ ਚਲਾਉਣ ਦੇ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਪੰਜਾਬੀਆਂ ਨੇ ਫੁੱਲ ਚੜ੍ਹਾਏ ਹਨ। ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਬੋਰਡ ਦੇ ਫੀਲਡ ਅਫ਼ਸਰਾਂ ਨੇ ਪੁਲਿਸ ਵਿਭਾਗ ਦੀ ਮਦਦ ਨਾਲ ਪੂਰੀ ਮੁਸਤੈਦੀ ਵਰਤੀ, ਜਿਸ ਦੇ ਨਤੀਜੇ ਹਵਾ ਗੁਣਵੱਤਾ ਸੂਚਕ ਅੰਕ ਰਾਹੀਂ ਦਿਖਾਈ ਦਿੱਤੇ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਡਿਪਟੀ ਡਾਇਰੈਕਟਰ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਖੰਨਾ, ਪਟਿਆਲਾ, ਬਠਿੰਡਾ, ਮੰਡੀ ਗੋਬਿੰਦਗੜ੍ਹ ਅਤੇ ਰੋਪੜ ਵਿਚ ਲੱਗੇ ਹਵਾ ਪ੍ਰਦੂਸ਼ਣ ਮਾਪਕ ਯੰਤਰ, ਜਿਨ੍ਹਾਂ ਰਾਹੀਂ ਮਿੰਟ-ਮਿੰਟ ਦਾ ਪ੍ਰਦੂਸ਼ਣ ਡਾਟਾ ਰਿਕਾਰਡ ਕੀਤਾ ਜਾਂਦਾ ਹੈ, ਦੇ ਆਧਾਰ ‘ਤੇ ਦੀਵਾਲੀ ਵਾਲੇ ਦਿਨ ਪੰਜਾਬ ਦਾ ਔਸਤਨ ਹਵਾ ਗੁਣਵੱਤਾ ਸੂਚਕ ਅੰਕ 210 ਰਿਕਾਰਡ ਕੀਤਾ ਗਿਆ, ਜੋ ਪਿਛਲੇ ਵਰ੍ਹੇ ਦੇ ਔਸਤਨ 234 ਦੇ ਮੁਕਾਬਲੇ 10.25 ਫ਼ੀਸਦੀ ਅਤੇ 2017 ਦੇ ਔਸਤਨ 328 ਦੇ ਮੁਕਾਬਲੇ 36 ਫ਼ੀਸਦੀ ਘੱਟ ਹੈ। ਭਾਵੇਂ ਇਸ ਵੇਲੇ ਝੋਨੇ ਦਾ ਸੀਜ਼ਨ ਜੋਬਨ ‘ਤੇ ਹੈ ਅਤੇ ਪਿਛਲੇ ਦਿਨ 2231 ਥਾਵਾਂ ‘ਤੇ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਰਿਕਾਰਡ ਕੀਤੀਆਂ ਗਈਆਂ, ਫਿਰ ਵੀ ਦੀਵਾਲੀ ਵਾਲੇ ਦਿਨ ਹਵਾ ਗੁਣਵੱਤਾ ਸੂਚਕ ਅੰਕ ਵਿਚ ਗੁਣਾਤਮਕ ਸੁਧਾਰ ਉਤਸ਼ਾਹਜਨਕ ਵਰਤਾਰਾ ਹੈ। ਇਨ੍ਹਾਂ ਨਤੀਜਿਆਂ ‘ਤੇ ਤਸੱਲੀ ਪ੍ਰਗਟ ਕਰਦਿਆਂ ਬੋਰਡ ਦੇ ਚੇਅਰਮੈਨ ਪ੍ਰੋ. ਐੱਸ.ਐੱਸ. ਮਰਵਾਹਾ ਨੇ ਕਿਹਾ ਕਿ ਸਕੂਲਾਂ, ਕਾਲਜਾਂ ਵਿਚ ਅਧਿਆਪਕਾਂ ਦੁਆਰਾ ਵਿੱਢੀ ਪਟਾਕੇ ਨਾ ਚਲਾਉਣ ਦੀ ਮੁਹਿੰਮ, ਸਰਕਾਰੀ, ਗ਼ੈਰ-ਸਰਕਾਰੀ ਸੰਸਥਾਵਾਂ ਦੁਆਰਾ ਨਿਭਾਈ ਗਈ ਭੂਮਿਕਾ ਅਤੇ ਪੰਜਾਬੀਆਂ ਦੀ ਜਾਗ੍ਰਿਤੀ ਨੇ ਅਹਿਮ ਭੂਮਿਕਾ ਨਿਭਾਉਂਦਿਆਂ ਦੀਵਾਲੀ ਨੂੰ ਆਏ ਵਰ੍ਹੇ ਹੋਰ ਹਰਾ ਬਣਾਉਣ ਵਿਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਪਟਾਕਿਆਂ ਪ੍ਰਤੀ ਦਿਖਾਈ ਉਦਾਸੀਨਤਾ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਯੋਗਦਾਨ ਹਵਾ ਗੁਣਵੱਤਾ ਦੇ ਸੁਧਾਰ ਲਈ ਇਤਿਹਾਸਕ ਕਦਮ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …