Breaking News
Home / ਪੰਜਾਬ / ਰਾਜਪਾਲ ਤੇ ਮੁੱਖ ਮੰਤਰੀ ਦੀ ਖਿੱਚੋਤਾਣ ਨੇ ਪੰਜਾਬ ਨੂੰ ਕੀਤਾ ਬਦਨਾਮ : ਸਿਮਰਨਜੀਤ ਸਿੰਘ ਮਾਨ

ਰਾਜਪਾਲ ਤੇ ਮੁੱਖ ਮੰਤਰੀ ਦੀ ਖਿੱਚੋਤਾਣ ਨੇ ਪੰਜਾਬ ਨੂੰ ਕੀਤਾ ਬਦਨਾਮ : ਸਿਮਰਨਜੀਤ ਸਿੰਘ ਮਾਨ

ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ : ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਕੁਝ ਕੀਤਾ ਗਿਆ ਉਸ ਨੇ ਸੂਬੇ ਦੀ ਬਹੁਤ ਬਦਨਾਮੀ ਕੀਤੀ ਹੈ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਦੋਵਾਂ ਨੂੰ ਆਪਣੀ ਕੀਤੀ ਇਸ ਗ਼ਲਤੀ ਦਾ ਅਹਿਸਾਸ ਕਰਦਿਆਂ ਸ੍ਰੀ ਦਰਬਾਰ ਸਾਹਿਬ ਜਾ ਕੇ ਭੁੱਲ ਬਖ਼ਸ਼ਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਦੋਵਾਂ ਨੂੰ ਅੱਗੇ ਲਈ ਅਜਿਹਾ ਕਰਨ ਤੋਂ ਤੋਬਾ ਕਰਨੀ ਚਾਹੀਦੀ ਹੈ ਤਾਂ ਜੋਂ ਪੰਜਾਬ ਅਤੇ ਪੰਜਾਬੀਆਂ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਵੱਡੀ ਸ਼ਖ਼ਸੀਅਤ ਨੂੰ ਨਿਮਰਤਾ ਅਤੇ ਦੂਰ-ਅੰਦੇਸ਼ੀ ਵਰਤਦਿਆਂ ਅਜਿਹੇ ਫ਼ੈਸਲੇ ਲੈਣੇ ਚਾਹੀਦੇ ਹਨ ਜਿਸ ਨਾਲ ਉੱਥੋਂ ਦੇ ਲੋਕਾਂ ਅਤੇ ਸੂਬੇ ਦੀ ਬਦਨਾਮੀ ਨਾ ਹੋਵੇ। ਉਨ੍ਹਾਂ ਕਿਹਾ ਕਿ ਰਾਜ ਪ੍ਰਬੰਧ ਕਦੇ ਵੀ ਹਊਮੇ ਅਤੇ ਤਾਨਾਸ਼ਾਹੀ ਨਾਲ ਨਹੀਂ ਚੱਲਦੇ, ਸਗੋਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਸੂਝ ਨਾਲ ਫ਼ੈਸਲੇ ਲੈਣੇ ਹੁੰਦੇ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਰਾਜਪਾਲ ਅਤੇ ਮੁੱਖ ਮੰਤਰੀ ਆਪਣੀਆਂ ਭੁੱਲਾਂ ਬਖ਼ਸ਼ਾਉਣ ਲਈ ਅਰਦਾਸ ਕਰਨਗੇ ਅਤੇ ਪੈਦਾ ਹੋਈ ਆਪਸੀ ਕੁੜੱਤਣ ਨੂੰ ਦੂਰ ਕਰਕੇ ਪੰਜਾਬ ਦੇ ਮਾਹੌਲ ਨੂੰ ਸਾਜ਼ਗਾਰ ਰੱਖਣ ਦੇ ਉਪਰਾਲੇ ਕਰਨਗੇ।
ਪਾਵਰਕੌਮ ਦੇ ਸੀਐੱਮਡੀ ਸਰਾ ਦਾ ਕਾਰਜਕਾਲ ਵਧਾਇਆ
ਪਟਿਆਲਾ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵੱਲੋਂ ਪਾਵਰਕੌਮ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾ ਦੇ ਅਹੁਦੇ ਦੀ ਮਿਆਦ ਵਧਾ ਦਿੱਤੀ ਗਈ ਹੈ। ਬਿਜਲੀ ਵਿਭਾਗ ਨੇ ਇਸ ਸਬੰਧੀ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਬਲਦੇਵ ਸਿੰਘ ਸਰਾ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਤੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੰਦਿਆਂ ਇਸ ਇਸ ਅਹੁਦੇ ‘ਤੇ ਹੋਰ ਸਮਾਂ ਕੰਮ ਕਰਨ ਤੋਂ ਅਸਮਰੱਥਾ ਜ਼ਾਹਰ ਕੀਤੀ ਸੀ, ਪਰ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸੇਵਾਵਾਂ ਜਾਰੀ ਰੱਖਣ ਲਈ ਕਿਹਾ ਸੀ।

 

Check Also

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਦੇ ਪਾਸਪੋਰਟ ਦਫਤਰ ਖਿਲਾਫ ਕੀਤੀ ਸ਼ਿਕਾਇਤ

ਸਰਕਾਰ ਦੇ ਨਿਯਮਾਂ ਦੀ ਅਣਦੇਖੀ ਹੋਣ ਦੇ ਵੀ ਸੰਤ ਸੀਚੇਵਾਲ ਨੇ ਲਗਾਏ ਆਰੋਪ ਜਲੰਧਰ/ਬਿਊਰੋ ਨਿਊਜ਼ …