ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ ਮੁਲਕਾਂ ਨੂੰ ਵੀ ਆਪਣੀ ਲਪੇਟ ਵਿਚ ਲੈਂਦੀ ਜਾ ਰਹੀ ਹੈ। ਖ਼ਾਸ ਕਰਕੇ ਇਸ ਮੁੱਦੇ ‘ਤੇ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਾਂ ਸਿੱਧਾ ਟਕਰਾਅ ਹੋ ਗਿਆ ਹੈ। ਈਰਾਨ ਨੇ ਬੀਤੇ ਐਤਵਾਰ ਨੂੰ ਇਜ਼ਰਾਈਲ ‘ਤੇ 300 ਡਰੋਨਾਂ ਅਤੇ ਮਿਜ਼ਾਈਲਾਂ ਨਾਲ ਵੱਡਾ ਹਮਲਾ ਕਰ ਦਿੱਤਾ। ਇਸ ਹਮਲੇ ਨੂੰ ਇਜ਼ਰਾਈਲ ਨੇ ਅਮਰੀਕਾ, ਬਰਤਾਨੀਆ, ਫਰਾਂਸ ਅਤੇ ਹੋਰ ਮੁਲਕਾਂ ਦੇ ਸਹਿਯੋਗ ਨਾਲ 99 ਫ਼ੀਸਦੀ ਤਕ ਅਸਫ਼ਲ ਕਰਨ ਦਾ ਦਾਅਵਾ ਕੀਤਾ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਸੂਨਕ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਦੇ ਜਹਾਜ਼ ਈਰਾਨੀ ਹਮਲੇ ਨੂੰ ਅਸਫ਼ਲ ਕਰਨ ਵਿਚ ਸ਼ਾਮਿਲ ਸਨ।
ਈਰਾਨ ਵਲੋਂ ਇਹ ਹਮਲਾ ਸੀਰੀਆ ਵਿਚ ਇਜ਼ਰਾਈਲ ਵਲੋਂ ਈਰਾਨ ਦੇ ਦੂਤਾਵਾਸ ਨੂੰ ਨਿਸ਼ਾਨਾ ਬਣਾਉਣ ਦੇ ਪ੍ਰਤੀਕਰਮ ਵਜੋਂ ਕੀਤਾ ਹੈ। ਇਜ਼ਰਾਈਲ ਦਾ ਦੋਸ਼ ਹੈ ਕਿ ਈਰਾਨ ਹਮਾਸ ਤੇ ਹਿਜ਼ਬਬੁੱਲਾ ਆਦਿ ਇਜ਼ਰਾਈਲ ਵਿਰੋਧੀ ਸੰਗਠਨਾਂ ਦੀ ਮਦਦ ਕਰ ਰਿਹਾ ਹੈ। ਇਸ ਬਹਾਨੇ ਇਕ ਅਪ੍ਰੈਲ ਨੂੰ ਇਜ਼ਰਾਈਲ ਨੇ ਈਰਾਨੀ ਦੂਤਾਵਾਸ ‘ਤੇ ਹਵਾਈ ਹਮਲਾ ਕੀਤਾ ਸੀ, ਜਿਸ ਵਿਚ ਇਕ ਇਰਾਨੀ ਜਨਰਲ ਅਤੇ 7 ਹੋਰ ਵਿਅਕਤੀ, ਜੋ ਰੈਵੋਲੁਸ਼ਨਰੀ ਗਾਰਡ ਦੇ ਅਧਿਕਾਰੀ ਸਨ, ਮਾਰੇ ਗਏ ਸਨ। ਇਸ ਤੋਂ ਬਾਅਦ ਈਰਾਨ ਨੇ ਇਜ਼ਰਾਈਲ ‘ਤੇ ਹਮਲਾ ਕਰਨ ਦੀ ਤਿਆਰੀ ਆਰੰਭ ਦਿੱਤੀ ਸੀ। ਹਮਲਾ ਕਰਨ ਤੋਂ ਕੁਝ ਦਿਨ ਪਹਿਲਾਂ ਈਰਾਨ ਨੇ ਇਜ਼ਰਾਈਲ ਦੇ ਭਾਰਤ ਆ ਰਹੇ ਮਾਲਵਾਹਕ ਜਹਾਜ਼ ਨੂੰ ਵੀ ਅਮਲੇ ਸਮੇਤ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਇਸ ਜਹਾਜ਼ ਦੇ ਅਮਲੇ ਵਿਚ 17 ਭਾਰਤੀ ਵੀ ਸ਼ਾਮਿਲ ਸਨ, ਜਿਨ੍ਹਾਂ ਨੂੰ ਛੁਡਾਉਣ ਲਈ ਭਾਰਤ ਦੇ ਵਿਦੇਸ਼ ਮੰਤਰੀ ਈਰਾਨ ਸਰਕਾਰ ਨਾਲ ਰਾਬਤਾ ਕਾਇਮ ਕਰ ਰਹੇ ਹਨ। ਈਰਾਨ ਅਤੇ ਇਜ਼ਰਾਈਲ ਦਰਮਿਆਨ ਵਧ ਰਹੇ ਟਕਰਾਅ ‘ਤੇ ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਐਨਟੋਨੀਓ ਗੁਟਰੇਜ਼ ਨੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਪੱਛਮੀ ਏਸ਼ੀਆ ਇਕ ਹੋਰ ਜੰਗ ਸਹਿਣ ਨਹੀਂ ਕਰ ਸਕਦਾ। ਰੂਸ ਨੇ ਵੀ ਸਾਰੀਆਂ ਸੰਬੰਧਿਤ ਧਿਰਾਂ ਨੂੰ ਮਿਲ ਕੇ ਇਸ ਮਸਲੇ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ।
ਇਸ ਤਰ੍ਹਾਂ ਨਾਲ ਇਹ ਲੜਾਈ ਇਕ ਭਿਆਨਕ ਰੂਪ ਧਾਰਨ ਕਰਦੀ ਨਜ਼ਰ ਆ ਰਹੀ ਹੈ। ਪਿਛਲੇ ਲਗਭਗ 6 ਮਹੀਨਿਆਂ ਤੋਂ ਇਹ ਜੰਗ ਚਲਦੀ ਆ ਰਹੀ ਹੈ ਅਤੇ ਇਸ ਦੀ ਸ਼ੁਰੂਆਤ ਹਮਾਸ ਵਲੋਂ ਇਜ਼ਰਾਈਲ ‘ਤੇ ਹਮਲਾ ਕਰਨ ਨਾਲ ਹੋਈ ਸੀ। ਉਸ ਸਮੇਂ ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਵਿਚ ਹਜ਼ਾਰ ਤੋਂ ਵੀ ਵਧੇਰੇ ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ ਅਤੇ ਸੈਂਕੜੇ ਲੋਕਾਂ ਨੂੰ ਬੰਦੀ ਵੀ ਬਣਾ ਲਿਆ ਸੀ। ਇਸ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਪੱਟੀ ‘ਚੋਂ ਹਮਾਸ ਗੁਰੀਲਿਆਂ ਨੂੰ ਕੱਢਣ ਲਈ ਹਵਾਈ ਅਤੇ ਜ਼ਮੀਨੀ ਹਮਲਾ ਕਰ ਦਿੱਤਾ ਸੀ। ਪਰ ਗਾਜ਼ਾ ਪੱਟੀ ਦੀ ਵੱਡੀ ਤਬਾਹੀ ਅਤੇ 20 ਹਜ਼ਾਰ ਤੋਂ ਵੱਧ ਫਿਲਸਤੀਨੀਆਂ ਦੇ ਮਾਰੇ ਜਾਣ ਦੇ ਬਾਵਜੂਦ ਹਮਾਸ ਨੇ ਹਥਿਆਰ ਸੁੱਟਣ ਤੋਂ ਇਨਕਾਰ ਕਰ ਦਿੱਤਾ ਸੀ, ਉਥੇ ਇਜ਼ਰਾਈਲ ਨੇ ਸਖ਼ਤ ਸ਼ਬਦਾਂ ਵਿਚ ਇਹ ਚਿਤਾਵਨੀ ਦਿੱਤੀ ਸੀ ਕਿ ਉਹ ਹਰ ਹੀਲੇ ਗਾਜ਼ਾ ਪੱਟੀ ‘ਤੇ ਦਹਾਕੇ ਭਰ ਤੋਂ ਕਬਜ਼ਾ ਕਰੀ ਬੈਠੇ ਇਸ ਸੰਗਠਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ।
ਦਹਾਕਿਆਂ ਪਹਿਲਾਂ ਇਜ਼ਰਾਈਲ ਤੋਂ ਬਾਹਰ ਧਕੇਲੇ ਗਏ ਫਿਲਸਤੀਨੀ ਸ਼ਰਨਾਰਥੀ ਗਾਜ਼ਾ ਪੱਟੀ ਤੋਂ ਇਲਾਵਾ ਮਿਸਰ, ਸੀਰੀਆ, ਜਾਰਡਨ ਅਤੇ ਕਈ ਹੋਰ ਮੁਲਕਾਂ ਵਿਚ ਸ਼ਰਨ ਲਈ ਬੈਠੇ ਹਨ। ਇਸ ਦੇ ਨਾਲ ਹੀ ਈਰਾਨ ਨੇ ਵੀ ਇਜ਼ਰਾਈਲ ਦਾ ਖੁਰਾਖੋਜ ਮਿਟਾਉਣ ਦੀ ਸਹੁੰ ਖਾਧੀ ਹੋਈ ਹੈ। ਜਿਵੇਂ-ਜਿਵੇਂ ਇਜ਼ਰਾਈਲ ਅਤੇ ਹਮਾਸ ਦੀ ਜੰਗ ਤਬਾਹਕੁੰਨ ਅਤੇ ਲੰਬੀ ਹੋ ਰਹੀ ਹੈ, ਉਵੇਂ-ਉਵੇਂ ਹੀ ਗੁਆਂਢੀ ਅਰਬ ਮੁਲਕਾਂ ਦੇ ਨਾਲ-ਨਾਲ ਅਮਰੀਕਾ ਅਤੇ ਪੱਛਮ ਦੇ ਕਾਫ਼ੀ ਹੋਰ ਦੇਸ਼ਾਂ ਦੇ ਵੀ ਇਸ ਜੰਗ ਵਿਚ ਸਿੱਧੇ ਅਤੇ ਅਸਿੱਧੇ ਤੌਰ ‘ਤੇ ਸ਼ਾਮਿਲ ਹੋਣ ਦੀ ਸੰਭਾਵਨਾ ਵਧਦੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਸੰਘ ਅਤੇ ਹੋਰ ਕੌਮਾਂਤਰੀ ਸੰਗਠਨਾਂ ਨੂੰ ਫੈਲਦੀ ਜਾ ਰਹੀ ਇਸ ਜੰਗ ਨੂੰ ਰੋਕਣ ਲਈ ਸਰਗਰਮ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਅਮਰੀਕਾ ਤੇ ਪੱਛਮੀ ਦੇਸ਼ਾਂ ਨੂੰ ਵੀ ਇਜ਼ਰਾਈਲ ‘ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਨੀ ਚਾਹੀਦੀ ਹੈ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …