Breaking News
Home / Special Story / ਪੰਜਾਬ ਦੇ ਕਈ ਇਲਾਕੇ ਹੜ੍ਹ ਦੀ ਮਾਰ ਹੇਠ

ਪੰਜਾਬ ਦੇ ਕਈ ਇਲਾਕੇ ਹੜ੍ਹ ਦੀ ਮਾਰ ਹੇਠ

ਪਟਿਆਲਾ ਅਤੇ ਸੰਗਰੂਰ ‘ਚ ਘੱਗਰ ਦੇ ਪਾਣੀ ਨੇ ਤਬਾਹੀ ਮਚਾਈ ੲ ਸਤਲੁਜ ਦਰਿਆ ਦੇ ਨੇੜਲੇ ਪਿੰਡ ਵੀ ਲਪੇਟ ‘ਚ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਨਾਲ ਨਿੱਪਟਣ ਲਈ ਸਰਕਾਰੀ ਪੱਧਰ ਅਤੇ ਸਮਾਜ ਸੇਵੀ ਜਥੇਬੰਦੀਆਂ ਵਲੋਂ ਰਾਹਤ ਕਾਰਜ ਜੰਗੀ ਪੱਧਰ ‘ਤੇ ਚੱਲ ਰਹੇ ਹਨ। ਪੰਜਾਬ ਦਾ ਅੱਧੇ ਤੋਂ ਵੱਧ ਇਲਾਕਾ ਹੜ੍ਹਾਂ ਦੀ ਮਾਰ ਹੇਠ ਆ ਚੁੱਕਾ ਹੈ। ਭਾਵੇਂ ਪੰਜਾਬ ਵਿਚ ਮੌਸਮ ਸਾਫ ਹੋ ਗਿਆ ਹੈ, ਪਰ ਲੋਕਾਂ ਦੀਆਂ ਮੁਸ਼ਕਲਾਂ ਉਵੇਂ ਖੜ੍ਹੀਆਂ ਨਜ਼ਰ ਆ ਰਹੀਆਂ ਹਨ। ਬੇਸ਼ੱਕ ਦਰਿਆਵਾਂ ਵਿਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਪਰ ਖ਼ਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਘੱਗਰ ਅਤੇ ਸਤਲੁਜ ਦਰਿਆ ਦੇ ਪਾਣੀ ਨੇ ਪਟਿਆਲਾ, ਮੁਹਾਲੀ, ਸੰਗਰੂਰ, ਰੂਪਨਗਰ, ਨਵਾਂਸ਼ਹਿਰ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਕਪੂਰਥਲਾ ਵਿਚ ਭਾਰੀ ਨੁਕਸਾਨ ਕੀਤਾ ਹੈ।
ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਵਿਚ ਮੀਂਹ ਬਹੁਤ ਹੀ ਘੱਟ ਪਿਆ ਹੈ ਅਤੇ ਇੱਥੇ ਸਤਲੁਜ ਦੇ ਪਾਣੀ ਦੀ ਮਾਰ ਜ਼ਰੂਰ ਵਧ ਗਈ ਹੈ। ਪ੍ਰਸ਼ਾਸਨ ਨੇ ਰਾਹਤ ਕੈਂਪ ਬਣਾਏ ਹਨ ਅਤੇ ਦਰਜਨਾਂ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਤਰਨਤਾਰਨ ਅਤੇ ਪੱਟੀ ਦੇ ਪਿੰਡਾਂ ਵਿਚ ਪਾਣੀ ਦਾਖ਼ਲ ਹੋ ਚੁੱਕਾ ਹੈ। ਭਾਰਤ-ਪਾਕਿ ਕੌਮਾਂਤਰੀ ਸੀਮਾ ‘ਤੇ ਕੰਡਿਆਲੀ ਤਾਰ ਲਾਗਲੇ ਖੇਤ ਵੀ ਪ੍ਰਭਾਵਿਤ ਹੋ ਚੁੱਕੇ ਹਨ। ਮੂਨਕ ਅਤੇ ਖਨੌਰੀ ਦੇ ਪਿੰਡਾਂ ਵਿਚ ਪਾਣੀ ਦਾਖ਼ਲ ਹੋਣ ਕਾਰਨ ਫ਼ੌਜ ਨੇ ਮੋਰਚਾ ਸੰਭਾਲ ਲਿਆ ਹੈ। ਘੱਗਰ ਨੇੜਲੇ ਖੇਤ ਪਾਣੀ ਵਿਚ ਜਲ-ਥਲ ਹੋ ਗਏ ਹਨ। ਪਟਿਆਲਾ ਜ਼ਿਲ੍ਹੇ ਵਿਚ ਹਰਿਆਣਾ ਤੋਂ ਆਉਂਦੀ ਟਾਂਗਰੀ ਨਦੀ ਵੀ ਦੋ-ਤਿੰਨ ਥਾਵਾਂ ਤੋਂ ਟੁੱਟ ਗਈ ਹੈ। ਪਟਿਆਲਾ ਦੇ ਪ੍ਰਭਾਵਿਤ ਪਿੰਡਾਂ ਵਿਚ ਰਾਹਤ ਕਾਰਜ ਚੱਲ ਰਹੇ ਹਨ। ਰੂਪਨਗਰ, ਪਟਿਆਲਾ, ਸ੍ਰੀ ਫਤਿਹਗੜ੍ਹ ਸਾਹਬਿ, ਮੁਹਾਲੀ ਅਤੇ ਜਲੰਧਰ ਜ਼ਿਲ੍ਹਿਆਂ ਵਿਚ ਰਾਹਤ ਕੰਮ ਚੱਲ ਰਹੇ ਹਨ ਅਤੇ ਧੁੱਸੀ ਬੰਨ੍ਹ ਵਿਚ ਪਏ ਪਾੜ ਪੂਰੇ ਜਾ ਰਹੇ ਹਨ। ਮੌਸਮ ਵਿਭਾਗ ਨੇ ਆਉਂਦੇ ਤਿੰਨ-ਚਾਰ ਦਿਨ ਰਾਹਤ ਭਰੇ ਦੱਸੇ ਹਨ ਪ੍ਰੰਤੂ 16 ਜੁਲਾਈ ਤੱਕ ਕੁੱਝ ਥਾਵਾਂ ‘ਤੇ ਬਾਰਸ਼ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਜੌਲੀ ਤੇ ਬੂਥਗੜ੍ਹ ਦਾ ਦੌਰਾ
ਮੋਰਿੰਡਾ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਮੀਨੀ ਪੱਧਰ ‘ਤੇ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਮੀਂਹ ਕਾਰਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਨੀਵੇਂ ਇਲਾਕਿਆਂ ਵਿੱਚੋਂ ਸੁਰੱਖਿਅਤ ਕੱਢੇ ਲੋਕਾਂ ਨਾਲ ਗੱਲਬਾਤ ਵੀ ਕੀਤੀ। ਪਿੰਡ ਕਜੌਲੀ ਤੇ ਬੂਥਗੜ੍ਹ ਦਾ ਦੌਰਾ ਕਰਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਚਿੰਤਾਜਨਕ ਹੈ, ਪਰ ਸੂਬਾ ਸਰਕਾਰ ਜਾਨੀ ਨੁਕਸਾਨ ਨੂੰ ਘੱਟ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਚਾਅ ਕਾਰਜਾਂ ਲਈ ਐੱਨਡੀਆਰਐੱਫ ਦੀਆਂ ਟੀਮਾਂ ਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਨੁਕਸਾਨੀਆਂ ਫ਼ਸਲਾਂ, ਘਰਾਂ ਆਦਿ ਦਾ ਪਤਾ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ ਤੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਸਥਾਨਕ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਕੁਦਰਤ ਦੇ ਕਹਿਰ ਕਾਰਨ ਪੈਦਾ ਹੋਏ ਹਾਲਾਤ ਵਿੱਚ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਲਕੁਲ ਨਾ ਘਬਰਾਉਣ। ਉਨ੍ਹਾਂ ਕਿਹਾ ਕਿ ਇਹ ਇੱਕ ਕੁਦਰਤੀ ਆਫ਼ਤ ਹੈ ਤੇ ਸਾਰਿਆਂ ਦੇ ਪੂਰਨ ਸਹਿਯੋਗ ਨਾਲ ਇਸ ਸਥਿਤੀ ਦਾ ਸੁਚੱਜੇ ਢੰਗ ਨਾਲ ਟਾਕਰਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਸੂਬੇ ਦੇ ਹਰ ਕੋਨੇ ਤੋਂ ਪਲ-ਪਲ ਦੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ।
ਲੋਕਾਂ ਦੇ ਨੁਕਸਾਨ ਲਈ ਸਰਕਾਰ ਜ਼ਿੰਮੇਵਾਰ : ਚੰਨੀ
ਪੰਜਾਬ ਭਰ ਵਿਚ ਮੀਂਹ ਕਾਰਨ ਸੂਬੇ ਦੇ ਲੋਕਾਂ ਦੇ ਹੋਏ ਭਾਰੀ ਨੁਕਸਾਨ ਲਈ ਜ਼ਿੰਮੇਵਾਰ ਪੰਜਾਬ ਸਰਕਾਰ ਹੈ, ਕਿਉਂਕਿ ਸਰਕਾਰ ਨੇ ਮੌਸਮ ਵਿਭਾਗ ਦੀ ਅਗਾਊਂ ਚਿਤਾਵਨੀ ਦੇ ਬਾਵਜੂਦ ਠੋਸ ਬੰਦੋਬਸਤ ਨਹੀਂ ਕੀਤੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਇੰਦਰਾ ਕਲੋਨੀ ਦੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲ ਕਰਦਿਆਂ ਕੀਤਾ। ਉਨ੍ਹਾਂ ਕਲੋਨੀ ਦੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਲਈ ਲੰਗਰ ਦਾ ਪ੍ਰਬੰਧ ਉਹ ਕਰਨਗੇ ਅਤੇ ਕਲੋਨੀ ਵਿਚੋਂ ਆਪਣੇ ਖਰਚੇ ‘ਤੇ ਜੇਸੀਬੀ ਮਸ਼ੀਨਾਂ ਲਗਾ ਕੇ ਪਾਣੀ ਦੀ ਨਿਕਾਸੀ ਕਰਵਾਉਣਗੇ। ਉਨ੍ਹਾਂ ਕਲੋਨੀ ਵਿਚ ਕੰਧਾਂ ‘ਤੇ ਚੜ੍ਹ ਕੇ ਘਰਾਂ ਅੰਦਰ ਵੜੇ ਪਾਣੀ ਦਾ ਜਾਇਜ਼ਾ ਵੀ ਲਿਆ।
ਜਾਖੜ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਸੁਨੀਲ ਜਾਖੜ ਨੇ ਖਰੜ ਅਤੇ ਮੁਹਾਲੀ ਇਲਾਕੇ ਦਾ ਦੌਰਾ ਕਰਕੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ ਤੇ ਮੀਂਹ ਕਾਰਨ ਨੁਕਸਾਨੀਆਂ ਇਮਾਰਤਾਂ ਦੇ ਮਾਲਕਾਂ ਨਾਲ ਗੱਲਬਾਤ ਵੀ ਕੀਤੀ। ਜਾਖੜ ਨੇ ਡਿਪਟੀ ਕਮਿਸ਼ਨਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਹੈ, ਉਥੇ ਜੇਸੀਬੀ ਦੀ ਮਦਦ ਨਾਲ ਪਾਣੀ ਕਢਵਾਇਆ ਜਾਵੇ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾਵੇ।ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੰਜਾਬ ਭਾਜਪਾ ਇਲਾਕੇ ਦੇ ਵਸਨੀਕ ਨਾਲ ਖੜ੍ਹੀ ਹੈ ਤੇ ਹਰ ਵੇਲੇ ਮਦਦ ਲਈ ਹਾਜ਼ਰ ਹੈ।
ਪੰਜਾਬ ‘ਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ‘ਆਪ’ ਸਰਕਾਰ ‘ਤੇ ਚੁੱਕੇ ਸਵਾਲ
ਭਗਵੰਤ ਮਾਨ ਨੇ ਕਿਹਾ : ਮੈਨੂੰ ਲੋਕਾਂ ਦੀ ਮੱਦਦ ਕਰਨ ਦਿਓ, ਤੁਹਾਡੇ ਨਾਲ ਬਾਅਦ ‘ਚ ਕਰਾਂਗੇ ਗੱਲ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ‘ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ‘ਤੇ ਸਵਾਲ ਚੁੱਕੇ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਿਆਸੀ ਨਿਸ਼ਾਨੇ ਸਾਧ ਰਹੇ ਹਨ ਕਿ ਪੰਜਾਬ ਵਿਚ ਸੂਬਾ ਸਰਕਾਰ ਦੀ ਨਲਾਇਕੀ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹਨ। ਵਿਰੋਧੀ ਪਾਰਟੀਆਂ ਦੇ ਆਗੂ ਕਹਿ ਰਹੇ ਹਨ ਕਿ ਸੂਬਾ ਸਰਕਾਰ ਨੇ ਹੜ੍ਹਾਂ ਦੀ ਰੋਕਥਾਮ ਲਈ ਅਗਾਊਂ ਪ੍ਰਬੰਧ ਨਹੀਂ ਕੀਤੇ। ਇਸਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਦੇ ਇਨ੍ਹਾਂ ਆਗੂਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਟਵੀਟ ਕਰਕੇ ਦਿੱਤਾ ਹੈ। ਭਗਵੰਤ ਮਾਨ ਨੇ ਟਵੀਟ ਜ਼ਰੀਏ ਕਿਹਾ ਕਿ, ਪੰਜਾਬ ਕਾਂਗਰਸ ਦੀ ਭਾਜਪਾ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਜੀ, ਬਚੀ ਖੁਚੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ, ਸ੍ਰੋਮਣੀ ਖਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜੀ.. ਮੈਂ ਏਸ ਵਕਤ ਪੰਜਾਬ ਦੇ ਲੋਕਾਂ ਦੀ ਕੁਦਰਤੀ ਆਫਤ ਦੌਰਾਨ ਬਾਂਹ ਫੜ ਰਿਹਾ ਹਾਂ.. ਮੈਨੂੰ ਮੇਰੇ ਲੋਕਾਂ ਦੀ ਮਦਦ ਕਰ ਲੈਣ ਦਿਓ..ਬੱਸ ਆ ਕੇ ਥੋਡੇ ਨਾਲ ਰਾਜਨੀਤੀ ਦੀ ਗੱਲ ਕਰਾਂਗਾ।
ਗੁਆਂਢੀ ਰਾਜਾਂ ਵੱਲੋਂ ਪਾਣੀ ਲੈਣ ਤੋਂ ਇਨਕਾਰ
ਪੰਜਾਬ ਸਰਕਾਰ ਨੇ ਹਰਿਆਣਾ ਤੇ ਰਾਜਸਥਾਨ ਨੂੰ ਮੀਂਹ ਦਾ ਖੁੱਲ੍ਹਾ ਪਾਣੀ ਦੇਣ ਦੀ ਪੇਸ਼ਕਸ਼ ਕੀਤੀ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਵਿਚ ਹਰਿਆਣਾ ਨੇ ਮੰਗ ਉਠਾਈ ਕਿ ਨਰਵਾਣਾ ਬਰਾਂਚ ਵਿਚ ਪਾਣੀ ਬੰਦ ਕਰ ਦਿੱਤਾ ਜਾਵੇ ਜਿਸ ਬਾਰੇ ਪੰਜਾਬ ਨੇ ਕੋਈ ਹੁੰਗਾਰਾ ਨਹੀਂ ਭਰਿਆ। ਰਾਜਸਥਾਨ ਨੇ ਤਿੰਨ-ਚਾਰ ਦਿਨਾਂ ਮਗਰੋਂ 14,500 ਕਿਊਸਿਕ ਪਾਣੀ ਦੀ ਮੰਗ ਉਠਾਈ ਜਿਸ ਦੇ ਹੁੰਗਾਰੇ ਵਜੋਂ ਪੰਜਾਬ ਸਰਕਾਰ ਨੇ ਪਾਣੀ ਵੱਧ ਮਾਤਰਾ ਵਿਚ ਦੇਣ ਦੀ ਗੱਲ ਆਖੀ।
ਪਾਕਿਸਤਾਨ ਨੇ ਦਿਖਾਇਆ ਖੁੱਲ੍ਹਾ ਦਿਲ
ਪਾਕਿਸਤਾਨ ਨੇ ਚੰਗੇ ਗੁਆਂਢੀ ਵਾਲਾ ਵਿਵਹਾਰ ਦਿਖਾਇਆ ਹੈ। ਜਦੋਂ ਪੰਜਾਬ ਵਿਚ ਹੜ੍ਹ ਆਏ ਹੋਏ ਹਨ ਤਾਂ ਪਾਕਿਸਤਾਨ ਨੇ ਸੁਲੇਮਾਨ ਹੈੱਡ ਵਰਕਸ ਤੋਂ 10 ਫਲੱਡ ਗੇਟ ਖੋਲ੍ਹ ਦਿੱਤੇ। ਮੁੱਖ ਇੰਜਨੀਅਰ (ਡਰੇਨਜ਼) ਐੱਚ ਐੱਸ ਮਹਿੰਦੀਰੱਤਾ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਫਲੱਡ ਗੇਟ ਖੋਲ੍ਹੇ ਜਾਣ ਨਾਲ ਦੱਖਣੀ ਮਾਲਵੇ ਦਾ ਪਾਣੀ ਦੇ ਕਹਿਰ ਤੋਂ ਬਚਾਅ ਹੋ ਗਿਆ ਹੈ। ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਕਿਹਾ ਕਿ ਫਲੱਡ ਗੇਟ ਖੋਲ੍ਹੇ ਜਾਣ ਨਾਲ ਪਾਕਿਸਤਾਨ ਵਾਲੇ ਪਾਸੇ ਨੂੰ ਪਾਣੀ ਦਾ ਵਹਾਅ ਤੇਜ਼ ਹੋਇਆ ਹੈ।
ਸੰਸਦ ਮੈਂਬਰ ਰਿੰਕੂ ਤੇ ਡੀਸੀ ਸਾਰੰਗਲ ਖ਼ੁਦ ਬਚਾਅ ਕਾਰਜਾਂ ‘ਚ ਡਟੇ
ਫਿਲੌਰ : ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਡਿਪਟੀ ਕਮਿਸ਼ਨਰ ਜਲੰਧਰ ਵਿਸ਼ੇਸ਼ ਸਾਰੰਗਲ ਨੇ ਸਥਾਨਕ ਲੋਕਾਂ ਅਤੇ ਐੱਨਡੀਆਰਐੱਫ ਦੀ ਮਦਦ ਨਾਲ ਪਿੰਡ ਨਵਾਂ ਖਹਿਰਾ ਬੇਟ ‘ਚ ਫਸੇ ਲੋਕਾਂ ਦੀ ਮਦਦ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਦੇ ਸੰਸਦ ਮੈਂਬਰ ਤੇ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਫਿਲੌਰ ਸਬ-ਡਿਵੀਜ਼ਨ ਵਿੱਚ ਬਚਾਅ ਕਾਰਜਾਂ ਦੌਰਾਨ ਸਤਲੁਜ ਕੰਢੇ ਵਸੇ ਪਿੰਡ ਨਵਾਂ ਖਹਿਰਾ ਬੇਟ ‘ਚੋਂ ਐੱਨਡੀਆਰਐੱਫ ਦੀ ਟੀਮ ਨੇ ਲੋਕਾਂ ਨੂੰ ਬਾਹਰ ਕੱਢਿਆ। ਉਕਤ ਲੋਕਾਂ ਨੂੰ ਬਚਾਉਣ ਲਈ ਸੰਸਦ ਮੈਂਬਰ ਤੇ ਡੀਸੀ ਖ਼ੁਦ ਐੱਨਡੀਆਰਐੱਫ ਦੀ ਟੀਮ ਨਾਲ ਕਿਸ਼ਤੀ ਵਿੱਚ ਗਏ, ਪਰ ਜਦੋਂ ਉਹ ਪਿੰਡ ਵਿੱਚ ਪਹੁੰਚੇ ਤਾਂ ਲੋਕਾਂ ਨੇ ਘਰ ਛੱਡ ਕੇ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਸੰਸਦ ਮੈਂਬਰ ਤੇ ਡੀਸੀ ਨੇ ਲੋਕਾਂ ਨੂੰ ਸਮਝਾ ਕੇ ਪਹਿਲਾਂ ਆਪਣੀ ਜਾਨ ਬਚਾਉਣ ਲਈ ਪ੍ਰੇਰਿਆ। ਜ਼ਿਕਰਯੋਗ ਹੈ ਕਿ ਇਹ ਪਿੰਡ ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦਾ ਹੈ ਤੇ ਪਾਣੀ ਦੇ ਵਹਾਅ ਕਾਰਨ ਜ਼ਿਲ੍ਹੇ ਨਾਲ ਪਿੰਡ ਦਾ ਸੰਪਰਕ ਟੁੱਟ ਗਿਆ ਸੀ। ਡੀਸੀ ਸਾਰੰਗਲ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਜਲੰਧਰ ਪ੍ਰਸ਼ਾਸਨ ਦੇ ਨੰਬਰਾਂ ‘ਤੇ ਕਾਲ ਕਰਕੇ ਮਦਦ ਮੰਗੀ ਸੀ, ਜਿਸ ਕਰਕੇ ਉਨ੍ਹਾਂ ਦਾ ਇਹ ਫ਼ਰਜ਼ ਬਣਦਾ ਸੀ ਕਿ ਜ਼ਿਲ੍ਹੇ ਦੀ ਹੱਦ ਦਾ ਖਿਆਲ ਪਿੱਛੇ ਛੱਡ ਕੇ ਲੋੜ ਵੇਲੇ ਮਦਦ ਕੀਤੀ ਜਾਵੇ।
ਹੜ੍ਹ ਪੀੜਤਾਂ ਦੀ ਸਾਰ ਨਹੀਂ ਲੈ ਰਹੇ ਮੁੱਖ ਮੰਤਰੀ : ਸੁਖਬੀਰ ਬਾਦਲ
ਸੁਖਬੀਰ ਨੇ ਬਲਾਚੌਰ ਖੇਤਰ ਦਾ ਕੀਤਾ ਦੌਰਾ
ਬਲਾਚੌਰ/ਬਿਊਰੋ ਨਿਊਜ਼ : ‘ਮੀਂਹ ਅਤੇ ਹੜ੍ਹਾਂ ਕਾਰਨ ਪੰਜਾਬ ਦੇ ਵਿਗੜ ਰਹੇ ਹਾਲਾਤ ਅਤੇ ਪੀੜਤ ਪਰਿਵਾਰਾਂ ਦੀ ਮਦਦ ਕਰਨ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਈ ਫਿਕਰ ਨਹੀਂ, ਉਹ ਸਿਰਫ ਫੋਟੋਆਂ ਖਿਚਵਾਉਣ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਹੈਲੀਕਾਪਟਰ ਤੇ ਪੰਜਾਬ ਦੇ ਪੈਸੇ ‘ਤੇ ਸੈਰ-ਸਪਾਟਾ ਕਰਵਾਉਣ ਵਿੱਚ ਮਸਰੂਫ ਹਨ।’ ਇਹ ਗੱਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਹੀਆਂ।
ਉਨ੍ਹਾਂ ਮੀਂਹ ਪ੍ਰਭਾਵਿਤ ਬਲਾਚੌਰ ਇਲਾਕੇ ਦੇ ਪਿੰਡਾਂ ਠਠਿਆਲਾ ਬੇਟ, ਗਰਲੋਂ ਬੇਟ, ਭਾਈਪੁਰ, ਹੇਡੋਂ ਬੇਟ, ਗਊਸ਼ਾਲਾ ਮੁੱਤੋਂ ਮੰਡ ਅਤੇ ਡੁੱਗਰੀ ਆਦਿ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ। ਬਲਾਚੌਰ ਦੇ ਪਿੰਡ ਭੋਲੇਵਾਲ ‘ਚ ਇੱਕ ਨੌਜਵਾਨ ਦੀ ਹੋਈ ਮੌਤ ‘ਤੇ ਉਨ੍ਹਾਂ ਕਿਹਾ ਕਿ ਇਹ ਹਾਦਸਾ ਗੈਰ-ਕਾਨੂੰਨੀ ਮਾਈਨਿੰਗ ਕਾਰਨ ਵਾਪਰਿਆ ਹੈ।
ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਘਨੌਲੀ ਨੇੜਲੇ ਪਿੰਡ ਆਸਪੁਰ ਦਾ ਦੌਰਾ ਕਰਕੇ ਸਿਰਸਾ ਨਦੀ ਦੇ ਹੜ੍ਹ ਪ੍ਰਭਾਵਿਤ ਹੋਏ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ।

 

Check Also

ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਆਗੂਆਂ ਦਾ ਵਿਰੋਧ ਜਾਰੀ

ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖਿਲਾਫ ਡਟੇ ਕਿਸਾਨ ਪਟਿਆਲਾ : ਪਟਿਆਲਾ ਤੋਂ ਭਾਜਪਾ ਦੇ ਲੋਕ ਸਭਾ …