Home / Special Story / ਸਿੱਖ ਪੰਥ ਲਈ ਅਭੁੱਲ ਹੈ ਸਾਕਾ ਨੀਲਾ ਤਾਰਾ

ਸਿੱਖ ਪੰਥ ਲਈ ਅਭੁੱਲ ਹੈ ਸਾਕਾ ਨੀਲਾ ਤਾਰਾ

ਡਾ. ਰੂਪ ਸਿੰਘ
ਜੂਨ-1984 ‘ਚ ਭਾਰਤ ਸਰਕਾਰ ਨੇ ਮਾਨਵਤਾ ਦੇ ਸਰਬ-ਸਾਂਝੇ ਧਰਮ ਅਸਥਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ‘ਤੇ ਫ਼ੌਜੀ ਹਮਲਾ ਕਰਕੇ ਸਿੱਖ ਮਾਨਸਿਕਤਾ ਨੂੰ ਐਸੇ ਜ਼ਖ਼ਮ ਦਿੱਤੇ ਜਿਹੜੇ ਰਿਸਦੇ-ਰਿਸਦੇ ਨਾਸੂਰ ਬਣ ਚੁੱਕੇ ਹਨ, ਜਿਨ੍ਹਾਂ ਨੂੰ ਸਵੇਰੇ-ਸ਼ਾਮ ਸਰਬੱਤ ਦਾ ਭਲਾ ਮੰਗਣ ਵਾਲਾ ਗੁਰਸਿੱਖ ਕਦੇ ਨਹੀਂ ਭੁਲਾ ਸਕੇਗਾ। ਸੰਖੇਪ ਵਿਚ ਜੇ ਗੱਲ ਕਰੀਏ ਤਾਂ ਇਹ ਫ਼ੌਜੀ ਹਮਲਾ ਸੀ, ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ‘ਤੇ! ਫ਼ੌਜੀ ਹਮਲਾ ਕਿਸੇ ਦੂਸਰੇ ਦੇਸ਼ ਦੀ ਫ਼ੌਜ ‘ਤੇ ਕੀਤਾ ਜਾਂਦਾ ਹੈ। ਦੁਸ਼ਮਣ ਦੇਸ਼ ਦੇ ਨਿਹੱਥੇ-ਨਿਰਦੋਸ਼ ਨਾਗਰਿਕਾਂ ‘ਤੇ ਉਹ ਵੀ ਨਹੀਂ ਕੀਤਾ ਜਾਂਦਾ, ਕਿਉਂਕਿ ਕੌਮਾਂਤਰੀ ਕਾਨੂੰਨਾਂ ਤਹਿਤ ਕਿਸੇ ਦੁਸ਼ਮਣ ਦੇਸ਼ ‘ਤੇ ਹਮਲਾ ਕਰਨ ਦੇ ਵੀ ਕੁਝ ਨਿਯਮ ਹੁੰਦੇ ਹਨ। ਪਰ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ‘ਤੇ ਹਮਲਾ ਕਰਨ ਸਮੇਂ ਕੇਵਲ ਇਕ ਹੀ ਕਾਨੂੰਨ ਸੀ, ਸਿੱਖਾਂ ਵਾਸਤੇ ਕੋਈ ਕਾਨੂੰਨ ਨਹੀਂ; ਇਨ੍ਹਾਂ ਨੂੰ ਸਬਕ ਸਿਖਾਉਣਾ ਹੈ।
ਜੂਨ, 84 ‘ਚ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ‘ਤੇ ਭਾਰਤੀ ਫ਼ੌਜ ਨੇ ਜੋ ਹਮਲਾ ਕੀਤਾ, ਉਹ ਦੁਸ਼ਮਣ ਦੇਸ਼ ‘ਤੇ ਦੁਸ਼ਮਣ ਦੇਸ਼ ਦੇ ਸੈਨਿਕਾਂ ‘ਤੇ ਨਹੀਂ ਸੀ ਸਗੋਂ ਆਪਣੇ ਦੇਸ਼ ‘ਚ ਵਸਣ ਵਾਲੇ ਆਪਣੇ ਨਾਗਰਿਕਾਂ ‘ਤੇ ਸੀ ਜਿਨ੍ਹਾਂ ‘ਚ ਨਿਰਦੋਸ਼ ਹੀ ਸਿੱਖ ਬੱਚੇ-ਬੁੱਢੇ, ਜਵਾਨ ਮਰਦ-ਔਰਤਾਂ ਸ਼ਹੀਦ ਹੋ ਗਏ। ਹੈ ਕੋਈ ਐਸਾ ਕਾਨੂੰਨ-ਐਸੀ ਸਰਕਾਰ! ਜਿਹੜਾ ਅਜਿਹਾ ਮਨਹੂਸ ਕਾਰਜ ਕਰਨ ਲਈ ਯਤਨਸ਼ੀਲ ਹੋਵੇ। ਉਹ ਕਾਲਾ-ਘਿਨਾਉਣਾ ਕਾਰਨਾਮਾ ਕੀਤਾ ਭਾਰਤ ‘ਚ ਕੇਂਦਰ ਦੀ ਕਾਂਗਰਸ ਸਰਕਾਰ ਨੇ।
ਦੂਸਰਾ ਇਹ ਫ਼ੌਜੀ ਹਮਲਾ ‘ਸ੍ਰੀ ਹਰਿਮੰਦਰ ਸਾਹਿਬ’ ਉਤੇ ਕੀਤਾ ਗਿਆ, ਜਿਸ ਨੂੰ ਬ੍ਰਹਿਮੰਡ ‘ਚ ਮਾਨਵਤਾ ਦਾ ਸਰਬ-ਸਾਂਝਾ ਧਰਮ ਅਸਥਾਨ ਹੋਣ ਦਾ ਸ਼ਰਫ਼ ਤੇ ਮਾਣ-ਸਤਿਕਾਰ ਹਾਸਲ ਹੈ। ਬਾਬਾ ਕਬੀਰ ਜੀ ਦਾ ਪਾਵਨ ਕਥਨ ਹੈ, ਕਿ ਐਸਾ ਕੋਈ ਮਨੁੱਖ ਨਹੀਂ ਜੋ ਆਪਣੇ ਘਰ-ਮੰਦਰ-ਮਹਿਲ ਨੂੰ ਜਲਾ ਦੇਵੇ :
ਕਬੀਰ ਐਸਾ ਕੋ ਨਹੀ ਮੰਦਰੁ ਦੇਇ ਜਰਾਇ॥ (ਪੰਨਾ 1368)
ਪਰ ਸਾਡੇ ਦੇਸ਼ ਅੰਦਰ ਅਜਿਹੇ ਹਾਕਮ ਪੈਦਾ ਹੋ ਗਏ ਜਿਨ੍ਹਾਂ ਆਪਣਾ ਹੀ ਨਹੀਂ, ਮਨੁੱਖਤਾ ਦੇ ਧਰਮ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਲਈ ਫ਼ੌਜੀ ਹਮਲਾ ਕਰਵਾ ਦਿੱਤਾ। ਕਿਹਾ ਜਾਂਦਾ ਹੈ ਕਿ ਇਹ ਫ਼ੌਜੀ ਹਮਲਾ ਖ਼ਤਰਨਾਕ ਖਾੜਕੂਆਂ ਨੂੰ ਕੱਢਣ ਵਾਸਤੇ ਕੀਤਾ ਗਿਆ, ਪਰ ਇਹ ਕਿਹੜੇ ਕਾਨੂੰਨ ਤਹਿਤ ਹਮਲਾ ਕੀਤਾ ਗਿਆ। ਕੁਝ ਖ਼ਤਰਨਾਕ ਅੱਤਵਾਦੀਆਂ ਨੂੰ ਸੁਰੱਖਿਅਤ ਬਿਗਾਨੇ ਦੇਸ਼ ਉਨ੍ਹਾਂ ਦੇ ਘਰ ਛੱਡਿਆ ਜਾਂਦਾ ਹੈ। ਤਾਜ਼ ਹੋਟਲ ਮੁੰਬਈ, ਹਜ਼ਰਤ ਬਲ ਸ੍ਰੀਨਗਰ ‘ਚੋਂ ਵਿਦੇਸ਼ੀ-ਦੁਸ਼ਮਣ ਦੇਸ਼ ਦੇ ਅੱਤਵਾਦੀ ਕੱਢਣ ਸਮੇਂ ਇਨ੍ਹਾਂ ਸਥਾਨਾਂ ਦੀ ਵਿਰਾਸਤੀ ਅਹਿਮਤੀ ਨੂੰ ਤਰਜੀਹ ਦਿੱਤੀ ਗਈ ਸੀ। ਕੀ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਵਿਰਾਸਤ ਦਾ ਹਿੱਸਾ ਨਹੀਂ ਸੀ?
ਤੀਸਰਾ ਇਹ ਫ਼ੌਜੀ ਹਮਲਾ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ‘ਤੇ ਉਸ ਸਮੇਂ ਕੀਤਾ ਗਿਆ ਜਦ ਸਮੁੱਚੀ ਮਾਨਵਤਾ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਸੀ, ਜਿਨ੍ਹਾਂ ਨੇ ਮਨੁੱਖਤਾ ਨੂੰ ਸਰਬ-ਸਾਂਝਾ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਰਬ-ਸਾਂਝਾ ਧਰਮ ਮੰਦਰ ਸ੍ਰੀ ਹਰਿਮੰਦਰ ਸਾਹਿਬ ਦਿੱਤਾ ਅਤੇ ਬੁਜ਼ਦਿਲ ਤੇ ਕਾਇਰ ਗੁਲਾਮ ਭਾਰਤੀਆਂ ਵਾਸਤੇ ਸ਼ਹਾਦਤ ਦੇ ਕੇ ਗੌਰਵਮਈ ਸ਼ਹੀਦੀ ਸਿਧਾਂਤ ਤੇ ਪਰੰਪਰਾ ਦੀ ਨੀਂਹ ਰੱਖੀ।
ਵਿਸ਼ਵ ਦੇ ਇਤਿਹਾਸ ਵਿਚ ਜੂਨ, 1984 ਦਾ ਪਹਿਲਾ ਹਫ਼ਤਾ ਕਾਲੇ ਅੱਖਰਾਂ ਵਿਚ ਉਕਰਿਆ ਗਿਆ ਹੈ। ਇਹ ਉਹ ਦਿਨ ਸੀ ਜਦ ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ, ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਇਕੱਤਰ ਹੋ ਅੰਮ੍ਰਿਤਮਈ ਗੁਰਬਾਣੀ ਨਾਲ ਸਰਸ਼ਾਰ ਅੰਮ੍ਰਿਤਸਰ ਸਰੋਵਰ ‘ਚ ਇਸ਼ਨਾਨ ਕਰ-ਤਨ-ਮਨ ਨੂੰ ਸ਼ੀਤਲ ਕਰ ਰਹੀਆਂ ਸਨ। ਉਸ ਸਮੇਂ ਜਾਬਰ ਸਰਕਾਰ ਦੇ ਫ਼ੌਜੀ ਹਮਲੇ ਨੇ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਾਂਤ ਚਿੱਤ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ ਨੂੰ ਟੈਂਕਾਂ ਦੇ ਗੋਲਿਆਂ ਤੇ ਬੰਬਾਂ ਦਾ ਨਿਸ਼ਾਨਾ ਬਣਾਇਆ। ਬਹੁਤ ਸਾਰੇ ਨਿਰਦੋਸ਼ ਸਿੱਖ ਸ਼ਹੀਦੀ ਜਾਮ ਪੀ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਖੱਖੜੀ-ਖੱਖੜੀ ਹੋਈ ਇਮਾਰਤ, ਦਰਸ਼ਨੀ ਡਿਉੜੀ ਵਿਚ ਹੋਏ ਮਘੋਰਿਆਂ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦਾ ਗੋਲੀਆਂ ਦਾ ਨਿਸ਼ਾਨਾ ਬਣ ਜਾਣਾ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾੜਿਆ ਜਾਣਾ (ਜਿਥੇ ਸੈਂਕੜਿਆਂ ਦੀ ਗਿਣਤੀ ਵਿਚ ਹੱਥ ਲਿਖਤ ਪਾਵਨ ਸਰੂਪ ਅਗਨ ਭੇਟ ਹੋ ਗਏ) ਸਿੱਖ ਮਾਨਸਿਕਤਾ ਨੂੰ ਅਜਿਹਾ ਜ਼ਖ਼ਮੀ ਕੀਤਾ ਕਿ ਧਰਮੀ ਜਿਉੜਿਆਂ ਦਾ ਤਨ-ਮਨ ਛਲਣੀ-ਛਲਣੀ ਹੋ ਗਿਆ। ਸਿੱਖਾਂ ‘ਤੇ ਇਕ ਤੀਸਰੇ ਘੱਲੂਘਾਰੇ ਰਾਹੀਂ ਸਿੱਖ ਨਸ਼ਲਕੁਸ਼ੀ ਦਾ ਘਿਨਾਉਣਾ ਕਾਰਨਾਮਾ ਕੀਤਾ ਗਿਆ ਜਿਸ ਕਾਰਨ 37 ਸਾਲ ਬੀਤ ਜਾਣ ਬਾਅਦ ਵੀ ਜ਼ਖ਼ਮੀ ਹਿਰਦੇ ਜਿਉਂ ਦੇ ਤਿਉਂ ਹੀ ਹਨ। ਇਹ ਜ਼ਖ਼ਮ ਹੀ ਅਜਿਹੇ ਹਨ ਜਿਨ੍ਹਾਂ ਦਾ ਪੂਰੀ ਤਰ੍ਹਾਂ ਠੀਕ ਹੋ ਜਾਣਾ ਅਸੰਭਵ ਲਗਦਾ ਹੈ। ਕੁਝ ਘਟਨਾਵਾਂ, ਕੁਝ ਸਾਕੇ ਹੀ ਅਜਿਹੇ ਵਾਪਰ ਜਾਂਦੇ ਹਨ ਜੋ ਆਪਣੀ ਅਮਿੱਟ ਛਾਪ ਲੋਕ-ਹਿਰਦਿਆਂ ਉੱਪਰ ਸਦੀਵੀ ਕਾਲ ਲਈ ਛੱਡ ਜਾਂਦੇ ਹਨ। ਜੂਨ, 1984 ਵਿਚ ਵੀ ਅਜਿਹਾ ਹੀ ਭਾਣਾ ਵਾਪਰਿਆ, ਜਿਸ ਦੀ ਆਸ ਦੁਸ਼ਮਣਾਂ ਪਾਸੋਂ ਵੀ ਨਹੀਂ ਸੀ ਕੀਤੀ ਜਾ ਸਕਦੀ ਪਰ ‘ਆਪਣਿਆਂ’ ਕਰ ਵਿਖਾਇਆ।
ਇਨ੍ਹਾਂ ਅਤਿ ਦੁਖਤ-ਕਾਲੇ ਦਿਨਾਂ ਦੀ ਤੁਲਨਾ, ਸਿੱਖ ਕੌਮ ਦੇ ਇਤਿਹਾਸ ਵਿਚ ਪਹਿਲੇ ਵਾਪਰੇ ਘੱਲੂਘਾਰਿਆਂ ਨਾਲ ਕਰਦੇ ਹੋਏ ਇਸ ਨੂੰ ਤੀਜੇ ਘੱਲੂਘਾਰੇ ਦਾ ਨਾਂਅ ਦਿੱਤਾ ਜਾ ਸਕਦਾ ਹੈ ਪਰ ਅਸੀਂ ਦੇਖਣਾ ਹੈ ਕਿ ਪਹਿਲਾਂ ਵਾਪਰੇ ਦੋ ਘੱਲੂਘਾਰਿਆਂ ਤੋਂ ਇਹ ਕਿਵੇਂ ਭਿੰਨ ਹੈ? ਪਹਿਲਾ ਘੱਲੂਘਾਰਾ ਜੂਨ, 1746 ਈ: ਦੇ ਪਹਿਲੇ ਹਫ਼ਤੇ ਹੀ ਵਾਪਰਿਆ ਸੀ ਜਦ 15000 ਦੇ ਕਰੀਬ ਸਿਦਕੀ ਸਿੰਘ ਸਮੇਂ ਦੀ ਜਾਬਰ ਹਕੂਮਤ ਦਾ ਮੁਕਾਬਲਾ ਕਰਦੇ ਹੋਏ ਜਾਮ-ਏ-ਸ਼ਹੀਦੀ ਪੀ ਗਏ। ਇਹ ਕਹਿਰ ਉਸ ਸਮੇਂ ਦੇ ਹਾਕਮ ਯਹੀਆ ਖਾਨ, ਦੇ ਇਕ ਅਹਿਲਕਾਰ ਲਖਪਤ ਰਾਏ ਨੇ ਕਮਾਇਆ ਜਿਸ ਨੇ ਇਹ ਕਸਮ ਖਾਧੀ ਸੀ ਕਿ ਉਹ ਸਿੱਖ ਕੌਮ ਦਾ ਖੁਰਾ ਖੋਜ ਮਿਟਾ ਕੇ ਹੀ ਸਾਹ ਲਵੇਗਾ। ਪਰ ਉਹ ਆਪ ਹੀ ਮਿਟ ਗਿਆ। ਅੱਜ ਸਿੱਖ ਸਰਦਾਰ ਬ੍ਰਹਿਮੰਡੀ ਸ਼ਹਿਰੀ ਬਣ ਮਾਣ-ਸਤਿਕਾਰ ਹਾਸਲ ਕਰ ਰਹੇ ਹਨ।
ਦੂਸਰੀ ਵਾਰੀ ਫਿਰ ਸਿੱਖ ਕੌਮ ਦਾ ਖੁਰਾ-ਖੋਜ ਮਿਟਾਉਣ ਲਈ ਅਹਿਮਦ ਸ਼ਾਹ ਅਬਦਾਲੀ ਨੇ 1762 ਈ: ਵਿਚ ਮਲੇਰਕੋਟਲੇ ਦੇ ਨਜ਼ਦੀਕ ਕੁੱਪ ਰੋਹੀੜਾ ਦੇ ਲਾਗੇ 30,000 ਦੇ ਲਗਭਗ ਸਿੰਘਾਂ ਨੂੰ ਘੇਰੇ ਵਿਚ ਲੈ ਕੇ ਬੱਚਿਆਂ, ਬਜ਼ੁਰਗਾਂ, ਨੌਜਵਾਨਾਂ ਦਾ ਕਤਲੇਆਮ ਕੀਤਾ। ਬਹੁਤ ਸਾਰੇ ਸਿੱਦਕੀ ਸਿੰਘ ਆਖਰੀ ਦਮ ਤੱਕ ਲੜਦੇ ਰਹੇ। ਇਸ ਘੱਲੂਘਾਰੇ ਵਿਚ ਸਿੱਖ ਕੌਮ ਦੇ ਜਾਨੀ ਨੁਕਸਾਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦ ਅਬਦਾਲੀ ਲਾਹੌਰ ਵੱਲ ਵਾਪਸ ਜਾ ਰਿਹਾ ਸੀ ਤਾਂ ਉਸ ਦੇ ਲਸ਼ਕਰ ਨਾਲ 50 ਗੱਡੇ ਐਸੇ ਸਨ ਜਿਨ੍ਹਾਂ ਵਿਚ ਸ਼ਹੀਦ ਸਿੰਘਾਂ ਦੇ ਸਿਰ ਲੱਦੇ ਹੋਏ ਸਨ। ਇਸ ਘੱਲੂਘਾਰੇ ਵਿਚ ਪਹਿਲੇ ਘੱਲੂਘਾਰੇ ਨਾਲੋਂ ਜਾਨੀ ਤੇ ਮਾਲੀ ਨੁਕਸਾਨ ਜ਼ਿਆਦਾ ਹੋਇਆ ਸੀ ਇਸ ਕਰਕੇ ਇਸ ਨੂੰ ਵੱਡੇ ਘੱਲੂਘਾਰੇ ਦਾ ਨਾਂਅ ਦਿੱਤਾ ਗਿਆ ਹੈ।
ਜੂਨ, 1984 ਦੇ ਪਹਿਲੇ ਹਫ਼ਤੇ ਸ਼ੁਰੂ ਹੋਇਆ ਘੱਲੂਘਾਰਾ ਪਹਿਲੇ ਘੱਲੂਘਾਰੇ ਵਾਂਗ ਜੂਨ ਦੇ ਪਹਿਲੇ ਹਫ਼ਤੇ ਸ਼ੁਰੂ ਹੋਇਆ ਤੇ ਇਸ ਵਿਚ ਵੀ ਪਹਿਲੇ-ਦੂਜੇ ਘੱਲੂਘਾਰੇ ਵਾਂਗ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ। ਇਸ ਕਰਕੇ ਇਸ ਨੂੰ ‘ਤੀਸਰੇ ਘੱਲੂਘਾਰੇ’ ਦਾ ਨਾਂਅ ਦਿੱਤਾ ਜਾ ਸਕਦਾ ਹੈ ਪਰ ਪਹਿਲੇ ਘੱਲੂਘਾਰਿਆਂ ਤੇ ਇਸ ਘੱਲੂਘਾਰੇ ਵਿਚ ਸਮੇਂ, ਸਥਾਨ, ਸਥਿਤੀ ਅਤੇ ਸਰਕਾਰ ਦਾ ਅੰਤਰ ਬਹੁਤ ਵੱਡਾ ਹੈ। ਪਹਿਲੇ ਘੱਲੂਘਾਰੇ ਦੁਸ਼ਮਣ ਵਲੋਂ ਸ਼ੁਰੂ ਕੀਤੇ ਗਏ ਪਰ ਇਹ ਆਜ਼ਾਦ ਭਾਰਤ ਵਿਚ ਆਪਣਿਆਂ ਵਲੋਂ ਕੀਤਾ ਗਿਆ। ਦੂਸਰਾ ਜਾਨੀ-ਮਾਲੀ ਨੁਕਸਾਨ ਦੇ ਨਾਲ-ਨਾਲ ਇਸ ਘੱਲੂਘਾਰੇ ਵਿਚ ਜੋ ਇਤਿਹਾਸਕ ਵਿਰਸੇ ਤੇ ਵਿਰਾਸਤ ਦਾ ਨੁਕਸਾਨ ਆਪਣਿਆਂ ਨੇ ਕੀਤਾ, ਉਹ ਪਹਿਲੇ ਘੱਲੂਘਾਰਿਆਂ ਨੂੰ ਮਾਤ ਕਰ ਗਿਆ। ਇਹ ਘੱਲੂਘਾਰਾ ਪਹਿਲੇ ਵਾਪਰੇ ਘੱਲੂਘਾਰਿਆਂ ਨਾਲੋਂ ਭਿਆਨਕ ਤੇ ਮਾਰੂ ਹੈ। ਹਜ਼ਾਰਾਂ ਦੀ ਗਿਣਤੀ ਵਿਚ ਸਿੰਘ-ਸਿੰਘਣੀਆਂ, ਬੱਚੇ-ਬੱਚੀਆਂ ਸ਼ਹੀਦ ਹੋ ਚੁੱਕੇ ਹਨ। ਛੋਟੇ-ਛੋਟੇ ਬੱਚਿਆਂ ਨੂੰ ਮਾਵਾਂ ਦੀ ਮਮਤਾ ਤੋਂ ਵਾਂਝਿਆਂ ਹੀ ਨਹੀਂ ਕੀਤਾ ਗਿਆ ਸਗੋਂ ਅਣਮਨੁੱਖੀ ਤਸ਼ੱਦਦ ਕਰਨਾ, ਗੋਲੀਆਂ ਨਾਲ ਭੁੰਨ ਸੁੱਟਣਾ, ਸਰਾਵਾਂ ਵਿਚ ਆਰਾਮ ਕਰ ਰਹੇ ਯਾਤਰੂਆਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਉਣਾ ਨਾਦਰਸ਼ਾਹੀ ਜ਼ੁਲਮਾਂ ਨੂੰ ਵੀ ਮਾਤ ਪਾ ਗਿਆ।
ਹੁਕਮਰਾਨ ਇਹ ਵੀ ਭੁੱਲ ਜਾਂਦੇ ਹਨ ਕਿ ਸਿੱਖ ਜਾਨ ਤਾਂ ਦੇ ਸਕਦੇ ਹਨ ਪਰ ਆਪਣੇ ਧਾਰਮਿਕ ਅਸਥਾਨਾਂ ਦੀ ਬੇਹੁਰਮਤੀ ਨਹੀਂ ਸਹਾਰ ਸਕਦੇ। ਧਾਰਮਿਕ ਅਸਥਾਨਾਂ ‘ਤੇ ਭਾਵੇਂ ਹਮਲਾ ਨਾਦਰਸ਼ਾਹ, ਅਬਦਾਲੀ ਜਾਂ ਮੱਸੇ ਰੰਘੜ ਨੇ ਕੀਤਾ, ਉਨ੍ਹਾਂ ਨੂੰ ਆਪਣੀ ਕੀਤੀ ਦਾ ਫਲ ਭੁਗਤਣਾ ਹੀ ਪਿਆ। ਗੱਲ ਕੀ ਜਿਸ ਕਿਸੇ ਨੇ ਵੀ ਧਾਰਮਿਕ ਅਸਥਾਨਾਂ ਨੂੰ ਗਿਰਾਉਣ ਦਾ ਯਤਨ ਕੀਤਾ, ਆਪਣੀ ਹੀ ਕੁਲ ਨਾਸ਼ ਕਰਾ ਬੈਠਾ। ਇਸ ਤੀਜੇ ਘੱਲੂਘਾਰੇ ਦਾ ਹੀ ਹਿੱਸਾ ਹੈ ਨਵੰਬਰ 1984 ਦਾ ਵਾਪਰਿਆ ਸਿੱਖ ਕਤਲੇਆਮ, ਜਿਸ ਨੇ ਸਭ ਕੁਝ ਨੂੰ ਮਾਤ ਪਾ ਦਿੱਤਾ। ਆਜ਼ਾਦ ਭਾਰਤ ਵਿਚ ਆਜ਼ਾਦ ਨਾਗਰਿਕਾਂ ਦੇ ਚਿੱਟੇ ਦਿਨ ਹਜ਼ਾਰਾਂ ਕਤਲ ਹੋਏ, ਕਈਆਂ ਸਿੰਘਾਂ ਦੀਆਂ ਅੱਖਾਂ ਕੱਢੀਆਂ ਗਈਆਂ, ਕਈਆਂ ਦੇ ਟੋਟੇ ਕੀਤੇ ਗਏ, ਗਲ਼ਾਂ ‘ਚ ਟਾਇਰ ਤੇ ਪੈਟਰੋਲ ਪਾ ਕੇ ਸਾੜੇ ਗਏ। ਕੇਵਲ ਆਜ਼ਾਦ ਭਾਰਤ ਦੀ ਰਾਜਧਾਨੀ ਦਿੱਲੀ ‘ਚ ਹੀ 3000 ਤੋਂ ਵਧੇਰੇ ਨਿਰਦੋਸ਼ ਸਿੱਖ ਮਾਰੇ ਗਏ।
ਤੀਸਰੇ ਘੱਲੂਘਾਰੇ ਦੇ ਬਹੁਤ ਸਾਰੇ ਪਹਿਲੂ ਹਨ ਜਿਨ੍ਹਾਂ ਨੂੰ ਵਿਸਥਾਰ ਵਿਚ ਬਿਆਨਣ ਤੋਂ ਕਲਮ ਅਸਮਰਥ ਹੈ। ਇਨ੍ਹਾਂ ਕਾਲੇ ਦਿਨਾਂ ਦੀ ਕਹਾਣੀ ਨੂੰ ਹਜ਼ਾਰਾਂ ਯਤੀਮ ਹੋਏ ਬੱਚੇ, ਵਿਧਵਾਵਾਂ, ਬਦਨਸੀਬ ਮਾਪੇ, ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਉਸ ਸਮੇਂ ਪ੍ਰਕਾਸ਼ ਹੋਏ ਜ਼ਖ਼ਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ‘ਤੇ ਲੱਗੇ ਗੋਲੀਆਂ ਦੇ ਨਿਸ਼ਾਨ, ਸ੍ਰੀ ਅਕਾਲ ਤਖ਼ਤ ਸਾਹਿਬ, ਦਰਸ਼ਨੀ ਡਿਉੜੀ, ਸਿੱਖ ਰੈਫਰੈਂਸ ਲਾਇਬ੍ਰੇਰੀ, ਗੁਰੂ ਰਾਮਦਾਸ ਸਰਾਂ, ਤੇਜਾ ਸਿੰਘ ਸਮੁੰਦਰੀ ਹਾਲ ਦੀ ਸੜੀ ਹੋਈ ਇਮਾਰਤ ਘੱਲੂਘਾਰੇ ਦੀ ਮੂੰਹ ਬੋਲਦੀ ਤਸਵੀਰ ਨੂੰ ਅੱਜ ਤੱਕ ਪ੍ਰਗਟ ਕਰਦੇ ਹਨ।
ਕਹਿ-ਸੁਣ ਤੇ ਲਿਖ ਲੈਣਾ ਆਸਾਨ ਹੈ ਪਰ ਅਜਿਹੇ ਰਿਸਦੇ ਜ਼ਖ਼ਮਾਂ ਦੇ ਨਾਸੂਰ ਨੂੰ ਨੰਗੇ ਪਿੰਡੇ ਹੰਢਾਉਣਾ ਬਹੁਤ ਮੁਸ਼ਕਿਲ ਹੈ। ਪਰ ਸਿੱਖਾਂ ਨੂੰ ਹੰਢਾਉਣਾ ਪਿਆ ਤੇ ਹੰਢਾਅ ਰਹੇ ਹਨ।
ਅੱਤਵਾਦੀਆਂ ਦੇ ਨਾਂਅ ‘ਤੇ ਝੂਠੇ ਪੁਲਿਸ ਮੁਕਾਬਲੇ, ਹਜ਼ਾਰਾਂ ਅਣਪਛਾਣੀਆਂ ਲਾਸ਼ਾਂ ਦਾ ਸਸਕਾਰ, ਜੂਨ ਤੇ ਨਵੰਬਰ 84 ‘ਚ ਕੇਵਲ ਸਿੱਖਾਂ ਦਾ ਕਤਲੇਆਮ ਨਹੀਂ ਹੋਇਆ ਸਗੋਂ ਸਿੱਖ ਵਿਰਸੇ-ਵਿਰਾਸਤ ਤੇ ਵਿਸ਼ਵਾਸ ਨੂੰ ਬੁਰੀ ਤਰ੍ਹਾਂ ਕਤਲ ਕਰਨ ਦਾ ਮਨਹੂਸ ਯਤਨ ਕੀਤਾ ਗਿਆ। ਐਮਰਜੈਂਸੀ ਦੇ ਮੋਰਚੇ ਸਮੇਂ ਸਿੱਖ ਇਸ ਦੇਸ਼ ਦੇ ਹੀਰੋ ਬਣ ਗਏ ਸਨ ਉਨ੍ਹਾਂ ਨੂੰ ਸਬਕ ਸਿਖਾਉਣ ਤੇ ਹੀਰੋ ਤੋਂ ਜ਼ੀਰੋ ਕਰਨ ਵਾਸਤੇ ਜੂਨ, 84 ਤੇ ਨਵੰਬਰ, 84 ਦੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ।
ਜੂਨ, 1984 ਤੇ ਨਵੰਬਰ 1984 ‘ਚ ਵਾਪਰੇ ਖ਼ਤਰਨਾਕ ਤੀਸਰੇ ਘੱਲੂਘਾਰੇ ਨੇ ਜਿੱਥੇ ਸਿੱਖਾਂ ਦਾ ਜਾਨੀ-ਮਾਲੀ ਤੇ ਵਿਰਾਸਤ ਦਾ ਬੇਹਿਸਾਬ ਨੁਕਸਾਨ ਕੀਤਾ ਜਿਸ ਦੀ ਕਿ ਕਦੇ ਵੀ ਭਰਪਾਈ ਨਹੀਂ ਹੋ ਸਕਦੀ। ਇਸ ਦੇ ਨਾਲ ਹੀ ਸਿੱਖ ਇਤਿਹਾਸ ਵਿਚ ਵਾਪਰੇ ਇਸ ਤੀਸਰੇ ਘੱਲੂਘਾਰੇ ਨੇ ਪੰਜਾਬ ਦੀ ਇਕ ਸਿੱਖ ਨੌਜਵਾਨ ਪੀੜ੍ਹੀ ਬਰਬਾਦ ਕਰ ਦਿੱਤੀ। ਪੰਜਾਬ ਦੀ ਕਿਸਾਨੀ ਆਰਥਿਕਤਾ ਤੇ ਵਪਾਰ ਤਬਾਹ ਕਰ ਦਿੱਤਾ। ਇਸ ਸਮੇਂ ਦੌਰਾਨ ਜਿਹੜਾ ਸਿੱਖ ਧਰਮ ਤੇ ਸਮਾਜ ਦਾ ਨੁਕਸਾਨ ਹੋਇਆ, ਉਸ ਦੇ ਨਾਲ ਹੀ ਪੰਜਾਬ ਨੂੰ ਤਬਾਹ ਕਰਨ ਆਧੁਨਿਕ ਹਾਲਾਤ ਪੈਦਾ ਕਰਨ ਵਿਚ ਇਹ ਘੱਲੂਘਾਰਾ ਹੀ ਬਹੁਤ ਵੱਡਾ ਕਾਰਨ ਸੀ ਜਿਹੜਾ ਕਿ ਇਕ ਨਾਸੂਰ ਦੀ ਤਰ੍ਹਾਂ ਸਿੱਖ ਹਿਰਦਿਆਂ ‘ਤੇ ਹੋਏ ਸਦੀਆਂ ਤੱਕ ਵੀ ਇਹ ਜ਼ਖ਼ਮ ਅੱਲੇ ਹੀ ਰਹਿਣਗੇ।

Check Also

ਪੰਜਾਬ ਦੇ ਸੰਘਰਸ਼ੀ ਅਖਾੜਿਆਂ ਤੋਂ ਕਿਸਾਨਾਂ ਨੇ ਭਾਜਪਾ ਖਿਲਾਫ ਇਕਜੁੱਟ ਹੋਣ ਦਾ ਦਿੱਤਾ ਸੱਦਾ

ਖੇਤੀ ਕਾਨੂੰਨਾਂ ਖਿਲਾਫ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਧਰਨੇ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ …