Breaking News
Home / ਕੈਨੇਡਾ / ਬਰੈਂਪਟਨ ਸਾਊਥ ਤੋਂ ਐੱਮ.ਪੀ ਸੋਨੀਆ ਸਿੱਧੂ ਨੇ ਹਲਕਾ ਨਿਵਾਸੀਆਂ ਨੂੰ ਟੈਕਸ ਘੁਟਾਲਿਆਂ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ

ਬਰੈਂਪਟਨ ਸਾਊਥ ਤੋਂ ਐੱਮ.ਪੀ ਸੋਨੀਆ ਸਿੱਧੂ ਨੇ ਹਲਕਾ ਨਿਵਾਸੀਆਂ ਨੂੰ ਟੈਕਸ ਘੁਟਾਲਿਆਂ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ

ਬਰੈਂਪਟਨ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਆਪਣੇ ਹਲਕੇ ਦੇ ਨਿਵਾਸੀਆਂ ਨੂੰ ਟੈਕਸ ਘੁਟਾਲਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਸਿੱਧੂ ਵੱਲੋਂ ਜਾਰੀ ਕੀਤੀ ਪ੍ਰੈੱਸ ਰਿਲੀਜ਼ ‘ਚ ਉਹਨਾਂ ਨੇ ਲੋਕਾਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਬਚ ਕੇ ਰਹਿਣ ਦੀ ਸਲਾਹ ਦਿੱਤੀ ਹੈ, ਜੋ ਖੁਦ ਨੂੰ ਕੈਨੇਡਾ ਰੈਵੀਨਿਊ ਏਜੰਸੀ ਦੇ ਅਧਿਕਾਰੀ ਦੱਸ ਕੇ ਜਾਂ ਤਾਂ ਫੋਨ ਕਾਲ ਰਾਹੀਂ ਜਾਂ ਆਨਲਾਈਨ ਠੱਗੀ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਦਰਅਸਲ, ਕੁਝ ਗੁੰਮਰਾਹਕੁੰਨ ਵਿਅਕਤੀ ਖੁਦ ਨੂੰ ਸੀ.ਆਰ.ਏ ਅਧਿਕਾਰੀ ਦੱਸ ਕੇ ਕੈਨੇਡੀਅਨਜ਼ ਨੂੰ ਧਮਕੀ ਭਰੇ ਲਹਿਜ਼ੇ ‘ਚ ਫੋਨ ਕਰ ਕੇ ਇਸ ਬਾਬਤ ਡਰਾਉਂਦੇ ਹਨ ਕਿ ਉਹਨਾਂ ਕੋਲੋਂ ਜਾਂ ਤਾਂ ਟੈਕਸ ਸਬੰਧੀ ਕੋਈ ਗਲਤੀ ਹੋਈ ਹੈ ਜਾਂ ਉਹਨਾਂ ‘ਤੇ ਧੋਖਾਧੜੀ ਦਾ ਕੋਈ ਕੇਸ ਹੈ। ਇਸ ਤੋਂ ਬਾਅਦ ਉਹ ਕੁਝ ਅਹਿਮ ਅਤੇ ਨਿੱਜੀ ਜਾਣਕਾਰੀ ਵੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਕਿ ਸਿਨ ਨੰਬਰ ਜਾਂ ਕ੍ਰੈਡਿਟ/ਕਾਰਡ ਨੰਬਰ ਆਦਿ। ਅਜਿਹੀਆਂ ਕਾਲਾਂ ਤੋਂ ਡਰ ਕੇ ਕੁਝ ਕੈਨੇਡੀਅਨਜ਼ ਜਦੋਂ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰ ਦਿੰਦੇ ਹਨ ਤਾਂ ਉਹਨਾਂ ਨੂੰ ਆਈਡੈਂਟਟੀ ਥੈਫਟ ਦਾ ਸ਼ਿਕਾਰ ਹੋਣਾ ਪੈਂਦਾ ਹੈ, ਜਿਸ ਨਾਲ ਉਹਨਾਂ ਨੂੰ ਵਿੱਤੀ ਜਾਂ ਨਿੱਜੀ ਨੁਕਸਾਨ ਝੇਲਣਾ ਪੈ ਸਕਦਾ ਹੈ।
ਦੱਸਣਯੋਗ ਹੈ ਕਿ ਸੀ.ਆਰ.ਏ ਵੱਲੋਂ ਕਦੀ ਵੀ ਧਮਕੀ ਭਰੇ ਲਹਿਜ਼ੇ ‘ਚ ਫੋਨ, ਈਮੇਲ, ਡਾਕ ਜਾਂ ਮੈਸੇਜ ਰਾਹੀਂ ਕਿਤੇ ਮਿਲਣ, ਕੋਈ ਪੈਸੇ ਦਾ ਲੈਣ ਦੇਣ ਕਰਨ, ਡਰਾਈਵਿੰਗ ਲਾਇਸੰਸ, ਹੈਲਥ ਕਾਰਡ ਜਾਂ ਆਪਣੇ ਖਾਤੇ ਸਬੰਧੀ ਜਾਣਕਾਰੀ ਕਰਨ ਲਈ ਕਦੀ ਵੀ ਨਹੀਂ ਕਿਹਾ ਜਾਂਦਾ। ਜੇਕਰ ਤੁਹਾਨੂੰ ਅਜਿਹਾ ਕੋਈ ਫੋਨ ਆਉਂਦਾ ਹੈ ਤਾਂ ਤੁਸੀਂ ਆਨਲਾਈਨ ਜਾ ਕੇ ਜਾਂ 1-800-959-8281 (ਵਿਅਕਤੀਆਂ ਲਈ) ਜਾਂ 1-800-959-5525 (ਕਾਰੋਬਾਰਾਂ ਲਈ) ‘ਤੇ ਫੋਨ ਕਰ ਸਕਦੇ ਹੋ। ਇਸ ਸਬੰਧੀ ਗੱਲ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਬਰੈਂਪਟਨ ਦੇ ਨਿਵਾਸੀਆਂ ਨੂੰ ਅਜਿਹੀਆਂ ਫੋਨ ਕਾਲਾਂ/ਮੈਸੇਜ ਜਾਂ ਈ-ਮੇਲਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਕੋਈ ਵੀ ਸ਼ੱਕ ਜਾਂ ਫਰਾਡ ਹੋਣ ਦੀ ਸੂਰਤ ‘ਚ ਕੈਨੇਡੀਅਨ ਰੈਵੀਨਿਊ ਏਜੰਸੀ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਜਾਂ ਫੋਨ ਕਰਕੇ ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਣ ਵਿਚ ਦੇਰੀ ਨਾ ਕਰੋ, ਤਾਂ ਜੋ ਅਜਿਹੀ ਧੋਖਾਧੜੀ ਨੂੰ ਠੱਲ ਪਾਈ ਜਾ ਸਕੇ।”

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …