Breaking News
Home / ਕੈਨੇਡਾ / ਰੋਬਰਟ ਪੋਸਟ ਸੀਨੀਅਰਜ਼ ਕਲੱਬ ਦੀਆਂ ਲੇਡੀਜ਼ ਨੇ ਮਨਾਇਆ ਤੀਆਂ ਦਾ ਤਿਉਹਾਰ

ਰੋਬਰਟ ਪੋਸਟ ਸੀਨੀਅਰਜ਼ ਕਲੱਬ ਦੀਆਂ ਲੇਡੀਜ਼ ਨੇ ਮਨਾਇਆ ਤੀਆਂ ਦਾ ਤਿਉਹਾਰ

ਬਰੈਂਪਟਨ/ਮਹਿੰਦਰ ਸਿੰਘ ਮੋਹੀ : ਪੰਜਾਬੀ, ਦੇਸੋਂ ਪ੍ਰਦੇਸੀ ਹੋ ਜਾਣ ਵੇਲੇ, ਆਪਣੀ ਬੋਲੀ, ਆਪਣਾ ਸਭਿਆਚਾਰ ਤੇ ਕਾਫੀ ਹੱਦ ਤੱਕ ਆਪਣਾ ਸੁਭਾਅ ਤੇ ਪਹਿਰਾਵਾ ਵੀ ਨਾਲ ਲੈ ਕੇ ਉਡਾਰੀ ਮਾਰਦੇ ਹਨ। ਮੌਕਾ ਮਿਲਦਿਆਂ ਹੀ ਨਵੀ ਅਣਜਾਣ ਧਰਤੀ ਨੂੰ ਪੰਜਾਬੀ ਵਿਰਸੇ ਦੇ ਖੂਬਸੂਰਤ ਰੰਗਾਂ ਨਾਲ ਨਿਖਾਰ ਦਿੰਦੇ ਹਨ। ਇਸੇ ਕਰਕੇ ਕਨੇਡਾ ਦੀ ਧਰਤੀ, ਖਾਸ ਕਰ ਗਰਮੀਆਂ ਦੀ ਰੁੱਤੇ, ਪੰਜਾਬੀ ਕਲਚਰ ਦੇ ਵੱਖ-ਵੱਖ ਰੰਗਾਂ ‘ਚ ਗੜੁੱਚ ਹੋਈ ਰਹਿੰਦੀ ਹੈ। ਇਸੇ ਭਾਵਨਾ ਨੂੰ ਅੱਗੇ ਰੱਖਦਿਆਂ ਰੋਬਰਟ ਪੋਸਟ ਸੀਨੀਅਰਜ਼ ਕਲੱਬ ਦੀਆਂ ਮੈਂਬਰ ਲੇਡੀਜ਼ ਨੇ, ਮੈਡਮ ਸੁਖਵੰਤ
ਕੌਰ ਸਿੱਧੂ ਦੀ ਅਗਵਾਈ ਵਿੱਚ, ਸਾਵਣ ਦੀਆਂ ਤੀਆਂ ਦੇ ਤਿਉਹਾਰ ਨੂੰ ਕਲੱਬ ਦੀ ਪਾਰਕ ਵਿੱਚ ਵੱਡੇ ਪੱਧਰ ‘ਤੇ ਮਨਾਇਆ, ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਔਰਤਾਂ ਤੇ ਬੱਚੀਆਂ ਨੇ ਹਿੱਸਾ ਲਿਆ। ਵੱਡੇ ਪਾਰਕ ਵਿੱਚ ਚਾਰੇ ਪਾਸੇ ਛਾਈ ਹੋਈ ਹਰਿਆਲੀ, ਮਸਤੀ ‘ਚ ਝੂਮਦੇ ਰੁੱਖ, ਕਦੇ ਥੋੜ੍ਹੀ ਜਿਹੀ ਹੁੰਮਸ ਤੇ ਕਦੇ ਅਸਮਾਨ ਤੇ ਛਾਏ ਬਦਲਾਂ ਤੋਂ ਚਲਦੇ ਫੁਆਰੇ ਵਰਗੀ ਕਿਣ-ਮਿਣ ਨਾਲ ਬਣਿਆ ਸੁਹਾਵਣਾ ਮੌਸਮ, ਤੇ ਪਾਰਕ ਦੇ ਝੂਲਿਆਂ ਤੇ ਝੂਟਦੇ ਤੇ ਕਿਲਕਾਰੀਆਂ ਮਾਰਦੇ ਬੱਚੇ ਇਕ ਦਿਲਕਸ਼ ਨਜਾਰਾ ਪੇਸ਼ ਕਰ ਰਹੇ ਸਨ।
ਸਜ-ਧਜ ਕੇ ਪਾਰਕ ਵਿੱਚ ਪਹੁੰਚ ਚੁੱਕੀਆਂ ਲੇਡੀਜ਼ ਨੇ ਪਿੜ ਬੰਨ ਕੇ ਉੱਚੀ ਹੇਕ ਨਾਲ ਬੋਲੀਆਂ ਦਾ ਮੀਹ ਵਰ੍ਹਾ ਦਿੱਤਾ। ਪਲਾਂ ਵਿੱਚ ਹਰ ਕੋਈ ਲੇਡੀਜ਼ ਵਲੋਂ ਜੋਸ਼ ਤੇ ਚਾਅ ਨਾਲ ਪਾਏ ਜਾ ਰਹੇ ਗਿੱਧੇ ਦੀ ਧਮਕ ਮਹਿਸੂਸ ਕਰਦਿਆਂ, ਪਹਿਲੇ ਸਮਿਆਂ ਵਿੱਚ ਪੰਜਾਬ ‘ਚ ਪਿਪਲਾਂ, ਬੋਹੜਾਂ ਥੱਲੇ ਵੇਖੇ ਤੇ ਪਾਏ ਗਿੱਧੇ ਤੇ ਝੂਟੀਆਂ ਪੀਂਘਾਂ ਦੇ ਸੁਪਨਿਆਂ ਵਿੱਚ ਗਵਾਚ ਗਿਆ। ਕੁਝ ਹੀ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਨਿਆਣੀਆਂ ਤੇ ਸਿਆਣੀਆਂ ਔਰਤਾਂ ਤੇ ਖਾਸ ਕਰ ਇਥੋਂ ਦੀਆਂ ਜੰਮਪਲ ਬੱਚੀਆਂ, ਸਭ ਇਸ ਪੁਰਾਤਨ ਪੰਜਾਬੀ ਸਭਿਆਚਾਰ ਦਾ ਹਿੱਸਾ ਬਣ ਗਈਆਂ। ਰੋਬਰਟ ਪੋਸਟ ਸੀਨੀਅਰ ਕਲੱਬ ਨੇ ਤੀਆਂ ਦੇ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਸੀਨੀਅਰਜ਼ ਵਿੱਚ ਦੰਦਾਂ ਦੀ ਦਿਨੋਂ ਦਿਨ ਵਧ ਰਹੀ ਸਮੱਸਿਆ ਬਾਰੇ ਲੋੜੀਂਦੀ ਜਾਣਕਾਰੀ ਦੇਣ ਤੇ ਉਹਨਾਂ ਦੀ ਸੇਵਾ ਸੰਭਾਲ ਦੇ ਵਿਸ਼ੇ ‘ਤੇ ਮੈਡਮ ਬਲਬੀਰ ਸੋਹੀ ਦੇ ਲੈਕਚਰ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ।
ਉਹਨਾਂ ਨੇ ਵਿਸਥਾਰ ਨਾਲ ਤੇ ਦਿਲਚਸਪ ਢੰਗ ਨਾਲ ਦੰਦਾਂ ਦੇ ਰੋਗ ਬਾਰੇ ਤੇ ਦੰਦਾਂ ਨੂੰ ਠੀਕ ਢੰਗ ਨਾਲ ਸਾਫ ਰਖਣ ਬਾਰੇ ਜਾਣਕਾਰੀ ਦਿੱਤੀ ਤੇ ਸੀਨੀਅਰਜ਼ ਦੇ ਪ੍ਰਸ਼ਨਾਂ ਦੇ ਉਤਰ ਦੇ ਕੇ ਉਹਨਾਂ ਦੇ ਸ਼ੰਕਿਆਂ ਨੂੰ ਨਵਿਰਤ ਕੀਤਾ। ਹਰ ਇੱਕ ਨੂੰ ਦੰਦਾਂ ਬਾਰੇ ਪ੍ਰਾਪਤ ਹੋਈ ਨਵੀ ਜਾਣਕਾਰੀ ਨੇ ਪ੍ਰਭਾਵਿਤ ਕੀਤਾ ਤੇ ਉਹਨਾਂ ਨੇ ਮੈਡਮ ਬਲਬੀਰ ਸੋਹੀ ਦਾ ਧੰਨਵਾਦ ਕੀਤਾ। ਇਸ ਪਿਛੋਂ ਕਲੱਬ
ਵੱਲੋ ਖਾਣ ਪੀਣ ਦੇ ਕੀਤੇ ਗਏ ਪ੍ਰਬੰਧ ਦਾ ਲਾਹਾ ਲੈ ਕੇ ਸਭ ਨੇ ਇਸ ਦਾ ਅਨੰਦ ਮਾਣਿਆ ਤੇ ਹਰ ਇਕ ਨੇ ਇੰਨੇ ਵੱਡੇ ਇਕੱਠ ਹੋਣ ਤੇ, ਸਾਰੇ ਸਮਾਗਮ ਨੂੰ ਸਫਲਤਾਪੂਰਵਕ ਸੰਪੂਰਨ ਹੋਣ ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਤੀਆਂ ਦੇ ਤਿਉਹਾਰ ਨੂੰ ਮਨਾਉਣ ਤੇ ਦੰਦਾਂ ਦੀ ਸੇਵਾ ਸੰਭਾਲ ਬਾਰੇ ਸੁਚੇਤ ਕਰਨ ਲਈ ਲੈਕਚਰ ਕਰਵਾਉਣ ਵਿੱਚ ਸਾਰੇ ਕਲੱਬ ਮੈਂਬਰਾਂ ਤੇ ਵਲੰਟੀਅਰਜ਼ ਤੋਂ ਇਲਾਵਾ ਬਲਵਿੰਦਰ ਸਿੰਘ ਸਿੱਧੂ, (ਪ੍ਰਧਾਨ) ਸਤਨਾਮ ਸਿੰਘ ਬਰਾੜ (ਕੈਸ਼ੀਅਰ), ਮਹਿੰਦਰ ਸਿੰਘ ਮੋਹੀ (ਉਪ ਪ੍ਰਧਾਨ), ਪ੍ਰੀਤਮ ਸਿੰਘ ਸਰਾਂ (ਚੀਫ ਐਡਵਾਈਜ਼ਰ), ਅਵਤਾਰ ਸਿੰਘ ਢਿੱਲੋਂ (ਡਾਇਰੈਕਟਰ), ਰਜਿੰਦਰ ਸਿੰਘ ਗਿੱਲ (ਡਾਇਰੈਕਟਰ) ਸੁਖਵੰਤ ਕੌਰ ਸਿੱਧੂ (ਡਾਇਰੈਕਟਰ) ਤੇ ਸੁਰਜੀਤ ਕੌਰ ਸਿੱਧੂ (ਡਾਇਰੈਕਟਰ) ਦਾ ਮੁੱਖ ਯੋਗਦਾਨ ਰਿਹਾ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …