23 C
Toronto
Saturday, August 22, 2026
spot_img
Homeਕੈਨੇਡਾਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ-ਦਿਨ ਨੂੰ ਸਮਰਪਿਤ ਠੰਢੇ-ਮਿੱਠੇ...

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ-ਦਿਨ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਗੋਰ ਸੀਨੀਅਰਜ਼ ਕਲੱਬ ਵੱਲੋਂ ਲਗਾਈ ਗਈ

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ-ਦਿਨ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਗੋਰ ਸੀਨੀਅਰਜ਼ ਕਲੱਬ ਵੱਲੋਂ ਲਗਾਈ ਗਈਬਰੈਂਪਟਨ/ਡਾ. ਝੰਡ : ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੋਰ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹੀਦੀ ਨੂੰ ਯਾਦ ਕਰਦਿਆਂ ਠੰਢੇ-ਮਿੱਠੇ ਜਲ ਦੀ ਛਬੀਲ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਗਿੱਲ ਹੋਰਾਂ ਅਨੁਸਾਰ ਬੇਸ਼ਕ ਗੁਰੂ ਸਾਹਿਬ ਦਾ ਸ਼ਹੀਦੀ-ਦਿਵਸ ਇਸ ਵਾਰ 30 ਮਈ ਨੂੰ ਸੀ ਪਰ ਉਹ ਦਿਨ ਕਾਫ਼ੀ ਠੰਢਾ ਹੋਣ ਕਾਰਨ ਕਲੱਬ ਵੱਲੋਂ ਇਹ ਛਬੀਲ 4 ਜੂਨ ਨੂੰ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਸੰਜੋਗ-ਵੱਸ ਏਸੇ ਹੀ ਦਿਨ ਪਿੰਗਲਵਾੜਾ ਸੰਸਥਾ ਦੇ ਬਾਨੀ ਪੂਰਨ ਸਿੰਘ ਜੀ ਦਾ ਜਨਮ-ਦਿਨ ਵੀ ਸੀ। ਇਨ੍ਹਾਂ ਦਿਨਾਂ ਵਿੱਚ ਹੀ 41 ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੰਪਲੈਕਸ ਵਿੱਚ 4 ਜੂਨ ਤੋਂ 6 ਜੂਨ 1984 ਨੂੰ ਬੇਹੱਦ ਦਰਦਨਾਕ ਘੱਲੂਘਾਰਾ ਵਾਪਰਿਆ ਸੀ ਜਿਸ ਨੂੰ ਭਾਰਤੀ ਫ਼ੌਜ ਵੱਲੋਂ ‘ਨੀਲਾ ਤਾਰਾ ਆਪਰੇਸ਼ਨ’ ਦਾ ਨਾਂ ਦਿੱਤਾ ਗਿਆ ਸੀ ਅਤੇ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੇਦੋਸ਼ੀਆਂ ਕੀਮਤੀ ਜਾਨਾਂ ਗਈਆਂ ਸਨ। ਕਲੱਬ ਦੇ ਸਰਗ਼ਰਮ ਮੈਂਬਰ ਮਨਜੀਤ ਸਿੰਘ ਢੇਸੀ ਨੇ ਸਵੇਰੇ ਨੌਂ ਵਜੇ ਤੋਂ ਹੀ ਇਸ ਪ੍ਰੋਗਰਾਮ ਨੂੰ ਸਿਰੇ ਚਾੜ੍ਹਨ ਲਈ ਕੰਮ ਸ਼ੁਰੂ ਕਰ ਦਿੱਤਾ। ਛਬੀਲ ਲਈ ਜੋ ਵੀ ‘ਰਸਦ’ (ਦੁੱਧ, ਬਰਫ਼, ਰੂਹ-ਅਫ਼ਜ਼ਾ, ਖੰਡ, ਗਲਾਸ, ਵਗ਼ੈਰਾ) ਚਾਹੀਦੀ ਸੀ, ਇਕੱਠੀ ਕਰਕੇ 10.00 ਵਜੇ ਤੀਕ ਕਲੱਬ ਦੇ ਮੀਟਿੰਗ ਸੈਂਟਰ ਵਿੱਚ ਪਹੁੰਚਾ ਦਿੱਤੀ। ਬਾਅਦ ਵਿੱਚ ਗੁਰਦੇਵ ਸਿੰਘ ਜੌਹਲ ਅਤੇ ਗੁਰਨਾਮ ਸਿੰਘ ਜਿਨ੍ਹਾਂ ਨੂੰ ਪਿਆਰ ਤੇ ਸਤਿਕਾਰ ਨਾਲ ਸਾਰੇ ‘ਮੰਤਰੀ’ ਕਹਿ ਕੇ ਸੰਬੋਧਨ ਕਰਦੇ ਹਨ, ਨੇ ਛਬੀਲ ਦਾ ਲੋੜੀਂਦਾ ਜਲ ਤਿਆਰ ਕੀਤਾ ਅਤੇ ਅਰਦਾਸ ਉਪਰੰਤ ਗੋਰ ਰੋਡ ਤੇ ਐਬਨੇਜ਼ਰ ਰੋਡ ਦੇ ਚੌਰਸਤੇ ਨੇੜਲੇ ਬੱਸ-ਸਟਾਪ ਦੇ ਨਜ਼ਦੀਕ ਸਜਾਏ ਇੱਕ ਮੇਜ਼ ਉੱਪਰ ਰੱਖ ਦਿੱਤਾ ਤੇ ਆਉਂਦੇ-ਜਾਂਦੇ ਰਾਹਗੀਰਾਂ ਨੂੰ ਵਰਤਾਉਣਾ ਸ਼ੁਰੂ ਕਰ ਦਿੱਤਾ। ਛਬੀਲ ਵਰਤਾਉਣ ਦੀ ਇਹ ਸੇਵਾ ਹਰਨੇਕ ਸਿੰਘ ਗਰੇਵਾਲ, ਸੰਤੋਖ ਸਿੰਘ ਗਰੇਵਾਲ ਤੇ ਮਨਜੀਤ ਸਿੰਘ ਮੱਲ੍ਹਾ ਵੱਲੋਂ ਸਵੇਰੇ 11.00 ਤੋਂ ਸ਼ਾਮ ਦੇ 3.00 ਵਜੇ ਤੱਕ ਨਿਰੰਤਰ ਨਿਭਾਈ ਗਈ। ਠੰਢੇ-ਮਿੱਠੇ ਜਲ ਦੇ ਨਾਲ ਜੀਰੇ ਵਾਲੇ ਨਮਕੀਨ ਤੇ ਮਿੱਠੇ ਬਿਸਕੁਟਾਂ ਦੇ ਛੋਟੇ-ਛੋਟੇ ਪੈਕਟ ਵੀ ਬੱਸਾਂ ਤੋਂ ਉੱਤਰਦੀਆਂ ਤੇ ਚੜ੍ਹਦੀਆਂ ਸਵਾਰੀਆਂ ਤੇ ਆਉਂਦੇ-ਜਾਂਦੇ ਰਾਹਗੀਰਾਂ ਨੂੰ ਖਾਣ ਲਈ ਦਿੱਤੇ ਗਏ। ਪ੍ਰਬੰਧਕਾਂ ਦੇ ਇੱਕ ਅੰਦਾਜ਼ੇ ਅਨੁਸਾਰ 600 ਤੋਂ ਵਧੀਕ ਲੋਕਾਂ ਨੇ ਇਸ ਛਬੀਲ ਦਾ ਅਨੰਦ ਮਾਣਿਆਂ। ਇਸਦੇ ਨਾਲ ਹੀ ਰਾਹਗੀਰਾਂ ਨੂੰ ਇਸ ਛਬੀਲ ਦੀ ਮਹੱਤਤਾ ਅਤੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਵੀ ਜਾਣਕਾਰੀ ਪੰਜਾਬੀ ਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿੱਚ ਦਿੱਤੀ ਗਈ। ਹੈਰਾਨੀ ਦੀ ਗੱਲ ਹੈ ਕਿ ਕਿ ਕਈ ਪੜ੍ਹੇ-ਲਿਖੇ ਪੰਜਾਬੀ ਬੱਚਿਆਂ ਨੂੰ ਵੀ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਪੰਜਾਬ ਅਤੇ ਸਿੱਖ ਇਤਿਹਾਸ ਬਾਰੇ ਜਾਨਣ/ਪੜ੍ਹਨ ਦੀ ਵੀ ਪ੍ਰੇਰਨਾ ਕੀਤੀ ਗਈ।
ਛਬੀਲ ਦੀ ਇਸ ਸੇਵਾ ਲਈ ਗੁਰਨਾਮ ਸਿੰਘ, ਗੁਰਮੇਲ ਸਿੰਘ ਗਿੱਲ, ਤਰਲੋਕ ਸਿੰਘ ਸੰਧੂ, ਮਾਸਟਰ ਦਰਸ਼ਨ ਸਿੰਘ, ਦਲਵਿੰਦਰ ਸ਼ਰਮਾ, ਜਗਜੀਤ ਸਿੰਘ, ਝਲਮਣ ਸਿੰਘ, ਅਮਰਜੀਤ ਸਿੰਘ ਤੇ ਕਲੱਬ ਦੇ ਹੋਰ ਕਈ ਮੈਂਬਰਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਅਤੇ ਇਹ ਸਾਰਾ ਕੰਮ ਸਫ਼ਲਤਾ ਪੂਰਵਕ ਸੰਪੰਨ ਹੋਇਆ। ਕਲੱਬ ਦੇ ਸਮੂਹ ਮੈਂਬਰਾਂ ਨੇ ਇਸ ਸ਼ੁਭ ਕੰਮ ਲਈ ਮਾਇਕ ਤੇ ਹੋਰ ਸੇਵਾ ਵਿਚ ਆਪਣਾ ਹਿੱਸਾ ਪਾਇਆ ਅਤੇ ਅੱਗੋਂ ਵੀ ਏਸੇ ਤਰ੍ਹਾਂ ਅਜਿਹੇ ਕਾਰਜ ਕਰਨ ਦਾ ਸੰਕਲਪ ਲਿਆ।

RELATED ARTICLES
POPULAR POSTS