Breaking News
Home / ਕੈਨੇਡਾ / “ਕਿਸਾਨਾਂ ਦੇ ‘ਮਸੀਹਾ’ ਸਨ ਸਰ ਛੋਟੂ ਰਾਮ : ਪ੍ਰੋ. ਜੈਪਾਲ ਸਿੰਘ

“ਕਿਸਾਨਾਂ ਦੇ ‘ਮਸੀਹਾ’ ਸਨ ਸਰ ਛੋਟੂ ਰਾਮ : ਪ੍ਰੋ. ਜੈਪਾਲ ਸਿੰਘ

ਬਰੈਂਪਟਨ ਦੇ ਫਾਰਮਰਜ਼ ਸਪੋਰਟ ਗਰੁੱਪ ਵੱਲੋਂ ਆਯੋਜਿਤ ਕੀਤੀ ਗਈ ਜ਼ੂਮ-ਮੀਟਿੰਗ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ ਨੂੰ ਭਾਰਤ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਦੇ ਟੋਰਾਂਟੋ ਵਿਚਲੇ ਕਿਸਾਨ ਹਮਾਇਤੀ ਗਰੁੱਪ ਵੱਲੋਂ ਇਕ ਜ਼ੂਮ-ਮੀਟਿੰਗ ਦਾ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਮੁੱਖ-ਬਲਾਰੇ ਪੰਜਾਬੀ ਵਿਦਵਾਨ ਅਤੇ ਕਿਸਾਨੀ ਸੰਘਰਸ਼ ਦੇ ਕਾਰਕੁੰਨ ਪ੍ਰੋ. ਜੈਪਾਲ ਸਿੰਘ ਸਨ। ਸਰ ਛੋਟੂ ਰਾਮ ਦੇ ਜੀਵਨ-ਬ੍ਰਿਤਾਂਤ ਦਾ ਵਰਨਣ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਛੋਟੂ ਰਾਮ ਦਾ ਜਨਮ 24 ਨਵੰਬਰ 1881 ਨੂੰ ਬਾਪ ਸੁਖੀ ਰਾਮ ਦੇ ਘਰ ਸਾਂਝੇ ਪੰਜਾਬ ਦੇ ਜ਼ਿਲਾ ਰੋਹਤਕ ਦੇ ਪਿੰਡ ਗੜ੍ਹੀ ਸਾਂਪਲਾ ਵਿਚ ਹੋਇਆ। ਉਂਜ, ਉਹ ਆਪਣਾ ਜਨਮ-ਦਿਨ ਬਸੰਤ-ਪੰਚਮੀ ਵਾਲੇ ਦਿਨ ਮਨਾਉਂਦੇ ਸਨ ਜੋ 22 ਫਰਵਰੀ ਨੂੰ ਬਣਦਾ ਹੈ। 10 ਸਾਲ ਦੀ ਉਮਰ ਵਿઑਚ ਉਨ੍ਹਾਂ ਨੂੰ ਪੜ੍ਹਨੇ ਪਾਇਆ ਗਿਆ ਅਤੇ 11 ਸਾਲ ਦੇ ਹੋਣ ‘ਤੇ ਉਨ੍ਹਾਂ ਨੂੰ ਵਿਆਹ ਦਿੱਤਾ ਗਿਆ। ਪੰਜਵੀਂ ਜਮਾਤ ਪਿੰਡ ਦੇ ਸਕੂਲੋਂ ਪਾਸ ਕਰਕੇ ਅੱਠਵੀ ਝੱਜਰ ਦੇ ਸਕੂਲ ਤੋਂ ਕੀਤੀ ਜੋ ਉਨ੍ਹਾਂ ਦੇ ਪਿੰਡ ਤੋਂ ਕਾਫ਼ੀ ਦੂਰ ਪੈਂਦਾ ਸੀ।
ਇਸ ਤੋਂ ਅਗਲੀ ਪੜ੍ਹਾਈ ਲਈ ਉਨ੍ਹਾਂ ਨੂੰ ਦਿੱਲੀ ਜਾਣਾ ਪੈਣਾ ਸੀ ਪਰ ਪਿਤਾ ਜੀ ਕੋਲ ਇਸ ਦੇ ਲਈ ਪੈਸੇ ਦੀ ਪੁੱਜਤ ਨਹੀਂ ਸੀ। ਪਿਤਾ ਬਾਲਕ ਛੋਟੂ ਰਾਮ ਨੂੰ ਇਕ ਤਪਦੀ ਦੁਪਹਿਰ ਵਿਚ ਪੈਦਲ ਹੀ ਆਪਣੇ ਆੜ੍ਹਤੀਏ ਘਾਸੀ ਰਾਮ ਕੋਲ ਲੈ ਗਏ ਅਤੇ ਉਸ ਨੂੰ ਪੈਸਿਆਂ ਦੀ ਫਰਿਆਦ ਕੀਤੀ। ਘਾਸੀ ਰਾਮ ਸਾਰੀ ਦੁਪਹਿਰ ਸੁਖੀ ਰਾਮ ਕੋਲੋਂ ਪੱਖਾ ਝੁਲਾਉਂਦਾ ਰਿਹਾ ਅਤੇ ਅਖ਼ੀਰ ਉਸ ਨੇ ਪੈਸਿਆਂ ਤੋਂ ਜੁਆਬ ਹੀ ਨਹੀਂ ਦਿੱਤਾ ਸਗੋਂ ਛੋਟੂ ਰਾਮ ਨੂੰ ਅੱਗੋਂ ਨਾ ਪੜ੍ਹਾਉਣ ਦੀ ‘ਨੇਕ-ਸਲਾਹ’ ਵੀ ਦੇ ਮਾਰੀ। ਇਸ ਘਟਨਾ ਦਾ ਬਾਲਕ ਛੋਟੂ ਰਾਮ ਦੇ ਮਨ ‘ਤੇ ਅਜਿਹਾ ਅਸਰ ਪਿਆ ਕਿ ਉਸ ਨੇ ਆਪਣੇ ਮਨ ਵਿਚ ਇਹ ਕਸਮ ਖਾਧੀ ਕਿ ਉਹ ਕਿਸਾਨਾਂ ਨੂੰ ਇਸ ਜ਼ਿੱਲਤ ਭਰੇ ਜੀਵਨ ਤੋਂ ਨਿਜਾਤ ਦਿਵਾਉਣ ਦਾ ਜ਼ਰੂਰ ਯਤਨ ਕਰੇਗਾ। ਉਸ ਨੇ ਆਪਣੇ ਚਾਚੇ ਤੋਂ ਪੈਸੇ ਲੈ ਕੇ ਮੈਟ੍ਰਿਕ ਪਾਸ ਕੀਤੀ। ਉਪਰੰਤ, ਬੀ.ਏ., ਐੱਲ.ਐੱਲ.ਬੀ. ਕੀਤੀ ਅਤੇ ਆਗਰੇ ਵਿਖੇ ਵਕਾਲਤ ਕੀਤੀ। ਇੱਥੇ ਉਸ ਨੇ ਆਪਣੇ ਵਕੀਲ-ਭਾਈਚਾਰੇ ਲਈ ਇਕ ‘ਕੋਡ ਆਫ਼ ਕੰਡਕਟ’ ਤਿਆਰ ਕੀਤਾ ਜਿਸ ਅਨੁਸਾਰ ਕਾਨੂੰਨ ਮੁਤਾਬਿਕ ਚੱਲਣਾ ਅਤੇ ਕਿਸਾਨਾਂ ਦੀ ਲੁੱਟ ਨਾ ਕਰਨਾ ਵਿਸ਼ੇਸ਼ ਤੌਰ ‘ઑਤੇ ਸ਼ਾਮਲ ਸੀ।
ਪ੍ਰੋ. ਜੈਪਾਲ ਸਿੰਘ ਨੇ ਦੱਸਿਆ ਕਿ ਛੋਟੂ ਰਾਮ ਪਹਿਲਾਂ ਕਾਂਗਰਸ ਪਾਰਟੀ ਦੇ ਆਗੂ ਸਨ ਅਤੇ ਉਹ 1916 ਤੋਂ 1920 ਤੱਕ ਰੋਹਤਕ ਜ਼ਿਲ੍ਹਾ ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ। ਫਿਰ ਉਹ ਉੱਥੋਂ ਅਸਤੀਫ਼ਾ ਦੇ ਕੇ ਸਰ ਸਿਕੰਦਰ ਹਿਯਾਤ ਖ਼ਾਨ ਵੱਲੋਂ ਖੜ੍ਹੀ ਕੀਤੀ ਗਈ ઑਯੁਨੀਅਨਿਸਟ ਪਾਰਟੀ ਆਫ ਪੰਜਾਬ਼ ਦੇ ਮੈਂਬਰ ਬਣ ਗਏ ਅਤੇ 1921 ਵਿਚ ਪੰਜਾਬ ਅਸੈਂਬਲੀ ਦੀ ਚੋਣ ਲੜੀ ਪਰ ਕੇਵਲ 22 ਵੋਟਾਂ ਦੇ ਫ਼ਰਕ ਨਾਲ ਹਾਰ ਗਏ। ਪਰ ਇਸ ਤੋਂ ਅਗਲੇ ਸਾਲ ਹੀ 1922 ਵਿਚ ਬੜੇ ਵੱਡੇ ਫਰਕ ਨਾਲ ਇਹ ਚੋਣ ਜਿੱਤੇ ਅਤੇ ਇਸ ਪਾਰਟੀ ਦੀ ਸਰਕਾਰ ਵਿਚ 1924 ਵਿਚ ਮੰਤਰੀ ਬਣੇ। ਉਨ੍ਹਾਂ ਨੇ ਆਪਣੇ ਕਾਰਜ-ਕਾਲ ਵਿਚ ਕਿਸਾਨ-ਪੱਖੀ ਅਤੇ ਲੋਕ-ਪੱਖੀ 22 ਕਾਨੂੰਨ ਬਣਾਏ। ਜਿਨ੍ਹਾਂ ਵਿਚ ‘ਪੰਜਾਬ ਰੈਗੂਲੇਸ਼ਨ ਆਫ਼ ਅਕਾਊਂਟਸ ਐਕਟ, 1930਼ ਵੀ ਸ਼ਾਮਲ ਸੀ ਜਿਸ ਅਨੁਸਾਰ ਆੜ੍ਹਤੀਆਂ ਲਈ ਚਲੰਤ ਭਾਸ਼ਾਵਾਂ ਵਿਚ ਹਿਸਾਬ-ਕਿਤਾਬ ਰੱਖਣਾ ਜ਼ਰੂਰੀ ਕਰਾਰ ਦਿੱਤਾ ਗਿਆ। ਉਸ ਸਮੇਂ ਆੜ੍ਹਤੀਏ ਅਤੇ ਸ਼ਾਹੂਕਾਰ ਆਪਣਾ ਹਿਸਾਬ-ਕਿਤਾਬ ਲੰਡਿਆਂ ਵਿਚ ਰੱਖਦੇ ਸਨ ਜਿਸ ਨੂੰ ਕੇਵਲ ਉਹ ਹੀ ਸਮਝ ਸਕਦੇ ਸਨ ਅਤੇ ਉਹ ਅਨਪੜ੍ਹ ਤੇ ਸਿੱਧੇ-ਸਾਦੇ ਕਿਸਾਨਾਂ ਦੀ ਲੁੱਟ ਕਰਦੇ ਸਨ। ਉਸ ਸਮੇਂ ਲੱਗਭੱਗ 90 ਫੀਸਦੀ ਕਿਸਾਨ ਕਰਜ਼ਾਈ ਹੁੰਦੇ ਸਨ। ਉਹ ਕਰਜ਼ੇ ਵਿਚ ਜੰਮਦੇ, ਕਰਜ਼ੇ ਵਿਚ ਜਿਉਂਦੇ ਅਤੇ ਕਰਜ਼ੇ ਵਿਚ ਹੀ ਮਰ ਜਾਂਦੇ ਸਨ। ਸਰ ਛੋਟੂ ਰਾਮ ਨੇ ਕਾਨੂੰਨ ਰਾਹੀਂ ਇਹ ਵਿਵਸਥਾ ਕੀਤੀ ਕਿ ਜੇਕਰ ਮੂਲ ਨਾਲੋਂ ਦੁੱਗਣਾ ਵਿਆਜ ਦੇ ਦਿੱਤਾ ਗਿਆ ਹੋਵੇ ਤਾਂ ਉਹ ਕਰਜ਼ਾ ਮਾਫ਼ ਹੋ ਜਾਏਗਾ। ਕਰਜ਼ਾ ਨਾ ਮੋੜਨ ਦੀ ਹਾਲਤ ਵਿਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੇਗੀ ਅਤੇ ਜ਼ਮੀਨ, ਮਕਾਨ, ਪਸ਼ੂ-ਧੰਨ ਆਦਿ ਦੀ ਕੁਰਕੀ ਨਹੀਂ ਕੀਤੀ ਜਾ ਸਕੇਗੀ।
ਉਨ੍ਹਾਂ ਹੋਰ ਦੱਸਿਆ ਕਿ 1930 ਵਿਚ ਛੋਟੂ ਰਾਮ ਨੂੰ ਅੰਗਰੇਜ਼ੀ ਸਰਕਾਰ ਵੱਲੋਂ ઑਸਰ਼ ਦਾ ਖ਼ਿਤਾਬ ਦਿੱਤਾ ਗਿਆ। 1938 ਵਿਚ ਉਨ੍ਹਾਂ ‘ਪੰਜਾਬ ਰਜਿਸਟ੍ਰੇਸ਼ਨ ਆਫ਼ ਮਨੀ ਲੈਂਡਰ ਐਕਟ’ ਪਾਸ ਕਰਵਾਇਆ ਜਿਸ ਅਨੁਸਾਰ ਸ਼ਾਹੂਕਾਰ ਲਈ ਲਾਇਸੈਂਸ ਲੈਣਾ ਲਾਜ਼ਮੀ ਕਰ ਦਿੱਤਾ ਗਿਆ। ਮੰਤਰੀ ਦੇ ਤੌਰ ‘ਤੇ ਉਹ ਏਨੇ ਇਮਾਨਦਾਰ ਸਨ ਕਿ ਆਪਣੇ ਕਿਸੇ ਵੀ ਦੋਸਤ ਜਾਂ ਸਬੰਂਧੀ ਦਾ ਨਾਜਾਇਜ਼ ਕੰਮ ਨਹੀਂ ਕਰਦੇ ਸਨ। ਉਨ੍ਹਾਂ ਦੇ ਕਾਰਜ-ਕਾਲ ਦੀਆਂ ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਮਿਲਦੀਆਂ ਹਨ। ਲਾਹੌਰ ਤੋਂ ਆਪਣੇ ਪਿੰਡ ਆਉਂਦੇ ਤਾਂ ਟੀ.ਏ./ਡੀ.ਏ. ਕੇਵਲ ਅੰਬਾਲੇ ਤੱਕ ਹੀ ਵਸੂਲ ਕਰਦੇ ਸਨ। ਉਨ੍ਹਾਂ ਦੇ ਬਣਾਏ ਕਾਨੂੰਨਾਂ ਸਦਕਾ 8 ਲੱਖ 35 ਹਜ਼ਾਰ ਇਕਾੲਆਂ? ਜ਼ਮੀਨ 3 ਲੱਖ 65 ਹਜ਼ਾਰ ਕਿਸਾਨਾਂ ਨੂੰ ਵਾਪਸ ਹੋਈ। ਉਨ੍ਹਾਂ ਦੇ ਇਨ੍ਹਾਂ ਕਾਰਜਾਂ ਕਰਕੇ ਹੀ ਉਨ੍ਹਾਂ ਨੂੰ ‘ਕਿਸਾਨਾਂ ਦਾ ਮਸੀਹਾ’ ਕਿਹਾ ਜਾਂਦਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਉਨ੍ਹਾਂ ਦਾ ਜਨਮ ਦਿਨ ਰਾਸ਼ਟਰੀ ਪੱਧਰ ‘ਤੇ ਮਨਾਇਆ ਗਿਆ ਹੈ।
ਇਸ ਦੌਰਾਨ ਵਕਤਾ ਨੂੰ ਪ੍ਰੋ. ਦਲਬੀਰ ਸਿੰਘ ਮੱਲ੍ਹੀ, ਡਾ.ਪ੍ਰਦੀਪ, ਐਡਮਿੰਟਨ ਤੋਂ ਐੱਨ.ਡੀ.ਪੀ.ਦੇ ਐੱਮ.ਐੱਲ.ਏ. ਜਸਬੀਰ ਦਿਓਲ, ਮਹਿੰਦਰ ਬੰਗਾ, ਹਰਪਰਮਿੰਦਰ ਗਦਰੀ, ਇੰਜੀ. ਹਰਜੀਤ ਸਿੰਘ ਗਿੱਲ, ਇੰਜੀ. ਬਲਦੇਵ ਸਿੰਘ ਬਰਾੜ, ਇੰਜੀ. ਪਰਮਜੀਤ ਸਿੰਘ ਵਿਰਕ, ਹਰਬੰਸ ਸਿੰਘ ਮੱਲ੍ਹੀ, ਪਰਗਣ ਅਤੇ ਪਿਆਰਾ ਸਿੰਘ ਕੁੱਦੋਵਾਲ ਵੱਲੋਂ ਕੀਤੇ ਗਏ ਸੁਆਲਾਂ ਦੇ ਢੁਕਵੇਂ ਜੁਆਬ ਵਕਤਾ ਵੱਲੋਂ ਦਿੱਤੇ ਗਏ। ਪ੍ਰੋ. ਜੈਪਾਲ ਸਿੰਘ ਦੇ ਇਸ ਲੈੱਕਚਰ ਦਾ ਆਯੋਜਨ ਕਰਨ ਵਾਲੀਆਂ ਜੱਥੇਬੰਦੀਆਂ ਵਿਚ ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਐਸੋਸੀਏਸ਼ਨ ਟੋਰਾਂਟੋ, ਜੀ.ਟੀ.ਏ. ਵੈੱਸਟ ਕਲੱਬ ਸੀ.ਪੀ.ਸੀ., ਅਲਾਇੰਸ ਆਫ਼ ਪ੍ਰੌਗਰੈੱਸਿਵ ਕੈਨੇਡੀਅਨਜ਼, ਸਰੋਕਾਰਾਂ ਦੀ ਆਵਾਜ਼, ਦਿਸ਼ਾ, ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ, ਸਿਰਜਣਹਾਰੀਆਂ ਅਤੇ ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਕੈਨੇਡਾ ਸ਼ਾਮਲ ਸਨ।

Check Also

ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ …