ਟੋਰਾਂਟੋ/ਹਰਜੀਤ ਸਿੰਘ ਬਾਜਵਾ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਅੰਤਰ-ਰਾਸ਼ਟਰੀ ਪੰਜਾਬੀ ਬੋਲੀ ਦਿਵਸ ਤੀਸਰੇ ਪੰਜਾਬ ਵੱਜੋਂ ਜਾਣੇ ਜਾਂਦੇ ਕਨੇਡਾ ਵਿੱਚ ਦੋਵਾਂ ਪੰਜਾਬਾਂ (ਭਾਰਤ-ਪਾਕਿਸਤਾਨ) ਨਾਲ ਸਬੰਧਤ ਪੰਜਾਬੀਆਂ ਦੇ ਸਹਿਯੋਗ ਅਤੇ ਆਮਦ ਨਾਲ ਬਰੈਂਪਟਨ ਵਿਖੇ ਮਨਾਇਆ ਗਿਆ ਜਿਸ ਵਿੱਚ ਇਕੱਠੇ ਹੋਏ ਪੰਜਾਬੀਆਂ ਨੇ ਪੰਜਾਬੀ ਬੋਲੀ ਅਤੇ ਪੰਜਾਬੀ ਬੋਲੀ ਦੇ ਵਿਕਾਸ ਬਾਰੇ ਖੁਲ੍ਹ ਕੇ ਚਰਚਾ ਕੀਤੀ।
ਇਸ ਮੌਕੇ ਬੁਲਾਰਿਆਂ ਨੇ ਭਾਸ਼ਾ ਦੇ ਮੁੱਦੇ ਤੇ ਗੱਲ ਕਰਦਿਆਂ ਬੰਗਾਲੀਆਂ ਦੀਆਂ ਆਪਣੀ ਮਾਤਰ ਭਾਸ਼ਾ ਲਈ ਕੀਤੀਆਂ ਕੁਰਬਾਨੀਆਂ ਦੀ ਗੱਲ ਵੀ ਕੀਤੀ ਕਿ ਸੰਨ 1952 ਵਿੱਚ ਢਾਕਾ ਬੰਗਲਾ ਦੇਸ਼ ਵਿੱਚ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਆਪਣੀ ਬੋਲੀ ਲਈ ਬਗਾਵਤ ਕੀਤੀ ਜਿਸ ਵਿੱਚ ਤਿੰਨ ਲੋਕ ਸ਼ਹੀਦੀਆਂ ਦੇ ਗਏ ਜਿਸ ਨਾਲ ਇਹ ਅੰਦੋਲਨ ਹੋਰ ਤਿੱਖਾ ਹੋ ਗਿਆ ਅਤੇ ਅਜਿਹੇ ਭਾਸ਼ਾ ਪਿਆਰਿਆਂ ਦੇ ਯਤਨਾਂ ਸਦਕਾ ਹੀ ਯੂਨੈਸਕੋ ਨੇ ਇਸ ਦਿਨ ਨੂੰ ਭਾਸ਼ਾ ਦਿਵਸ ਵੱਜੋਂ ਮੁਕੱਰਰ ਕੀਤਾ। ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਇਕਬਾਲ ਰਾਮੂੰਵਾਲੀਆ, ਜਨਾਬ ਨਦੀਮ ਰਸ਼ੀਦ,ਗੁਰਦੇਵ ਚੌਹਾਨ, ਪੂਰਨ ਸਿੰਘ ਪਾਂਧੀ, ਜਸਬੀਰ ਕਾਲਰਵੀ ਆਦਿ ਸ਼ਸ਼ੋਬਤ ਹੋਏ ਜਦੋਂ ਕਿ ਸਟੇਜ ਦੀ ਕਾਰਵਾਈ ਮਲੂਕ ਸਿੰਘ ਕਾਹਲੋਂ ਅਤੇ ਤਲਵਿੰਦਰ ਸਿੰਘ ਮੰਡ ਨੇ ਚਲਾਈ। ਇਸ ਸਮਾਗਮ ਦੌਰਾਨ ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਜ਼ੁਬਾਨ ਨੂੰ ਸਿੱਖਾਂ ਦੀ ਹੀ ਬੋਲੀ ਕਹਿ ਕੇ ਕਿਉਂ ਪ੍ਰਚਾਰਿਆ ਜਾ ਰਿਹਾ ਹੈ ਪਰ ਪੰਜਾਬੀ ਬੋਲੀ ਸਮੁੱਚੇ ਪੰਜਾਬੀਆਂ ਦੀ ਬੋਲੀ ਹੈ ਜਿਸ ਬੋਲੀ ਵਿੱਚ ਬਾਬਾ ਫਰੀਦ ਨੇ ਗਿਆਰਵੀਂ ਸਦੀ ਵਿੱਚ ਵੱਡਮੁੱਲਾ ਸਾਹਿਤ ਰਚਿਆ, ਬਾਬਾ ਬੁਲ੍ਹੇ ਸ਼ਾਹ, ਵਾਰਸ਼ ਸ਼ਾਹ, ਬਾਬਾ ਨਾਨਕ, ਅਤੇ ਹੋਰ ਵਿਦਵਾਨਾਂ ਨੇ ਇਸ ਬੋਲੀ ਵਿੱਚ ਆਪਣੀ ਗੱਲ ਕੀਤੀ ਤਾਂ ਫਿਰ ਇਸ ਬੋਲੀ ਨੂੰ ਇੱਕ ਕੌਮ ਦੀ ਬੋਲੀ ਗਰਦਾਨ ਦੇਣਾ ਡੂੰਘੀ ਸ਼ਾਜ਼ਸ ਦਾ ਹਿੱਸਾ ਹੀ ਰਿਹਾ ਹੈ ਅਤੇ ਇਹਨਾਂ ਸਾਜ਼ਸ਼ਾਂ ਦਾ ਪ੍ਰਭਾਵ ਹੀ ਰਿਹਾ ਹੈ ਕਿ ਪੰਜਾਬੀ ਦੀਆਂ ਕਈ ਉੱਪ ਬੋਲੀਆਂ (ਪੰਜਾਬ ਦੇ ਵੱਖੋ-ਵੱਖ ਖਿੱਤਿਆਂ ਦੀਆਂ ਬੋਲੀਆਂ) ਅਲੋਪ ਹੀ ਹੋ ਚੁੱਕੀਆ ਹਨ ਕਈ ਖਿੱਤਿਆਂ ਦਾ ਆਪਣਾ ਪਹਿਰਾਵਾ, ਸੱਭਿਆਚਾਰ ਅਤੇ ਰਹਿਣ-ਸਹਿਣ ਦਾ ਢੰਗ ਬਿਲਕੁਲ ਹੀ ਬਦਲ ਦਿੱਤੇ ਗਏ ਹਨ।
ਇਸ ਮੌਕੇ ਪੀਲ ਸਕੂਲ ਬੋਰਡ ਤੋਂ ਆਏ ਗੁਰਨਾਮ ਸਿੰਘ ਢਿੱਲੋਂ ਨੇ ਦੱਸਿਆ ਕਿ ਓਨਟਾਰੀਓ ਪ੍ਰਾਂਤ ਵਿੱਚ ਕਈ ਸਕੂਲਾਂ ਵਿੱਚ ਵੱਖ-ਵੱਖ ਬੋਰਡਾਂ ਅਧੀਨ ਚੱਲ ਰਹੇ ਸਕੂਲਾਂ ਵਿੱਚ ਹਰ ਸਨਿੱਚਰਵਾਰ ਨੂੰ ਪੰਜਾਬੀ ਦੀ ਪੜ੍ਹਾਈ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਬੱਚਿਆਂ ਦੀ ਗਿਣਤੀ ਅਤੇ ਮੰਗ ਕਾਰਨ ਹੋਰ ਵੀ ਸਕੂਲਾਂ ਵਿੱਚ ਇਹ ਸ਼ੁਰੂ ਕੀਤੀ ਜਾ ਰਹੀ ਹੈ ਪੰਜਾਬੀ ਫੋਰਮ ਕਨੇਡਾ ਵੱਲੋਂ ਪਹੁੰਚੇ ਜਨਾਬ ਨਦੀਮ ਰਸ਼ੀਦ ਨੇ ਜ਼ੋਰ ਦੇ ਕਿਹਾ ਕਿ ਪਾਕਿਸਤਾਨ ਵਿੱਚ ਅਜਿਹੇ ਹਾਲਾਤ ਰਹੇ ਹਨ ਕਿ ਉੱਥੇ ਨੈਸ਼ਨਲ ਅਸੈਬਲੀ ਵਿੱਚ 70 ਪ੍ਰਤੀਸ਼ਤ ਪੰਜਾਬੀ ਮੈਂਬਰ ਹਨ ਉਹ ਆਪਣੇ ਘਰਾਂ ਵਿੱਚ ਤਾਂ ਪੰਜਾਬੀ ਬੋਲਦੇ ਹਨ ਪਰ ਬਾਹਰ ਰੋਅਬ ਦਿਖਾਉਣ ਲਈ ਉਰਦੂ ਬੋਲਦੇ ਹਨ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਨਾਲੋਂ ਜਿਆਦਾ ਉਰਦੂ ਵਾਲੇ ਪਾਸੇ ਹੀ ਲਾਉਂਦੇ ਹਨ ਜਿਹੜੀ ਭਾਸ਼ਾ (ਉਰਦੂ)ਸਾਡੇ ਪੰਜਾਬੀਆਂ ਉੱਤੇ ਜ਼ਬਰਦਸਤੀ ਥੋਪੀ ਗਈ ਹੈ ਇਹੀ ਹਾਲ ਭਾਰਤੀ ਪੰਜਾਬ ਦਾ ਹੈ ਜਿੱਥੇ ਸ਼ਹਿਰੀ ਵਰਗ ਤਾਂ ਪੰਜਾਬੀ ਬੋਲਣੋ ਅਤੇ ਪੰਜਾਬੀ ਅਖਵਾਣ ਤੋਂ ਮੁਨਕਰ ਹੀ ਹੋ ਚੁੱਕਾ ਹੈ ਕੁਲਜੀਤ ਮਾਨ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ ਦਿਖਾਵੇ ਲਈ ਅਸੀਂ ਭਾਵੇਂ ਹੋਰ ਬੋਲੀਆਂ ਬੋਲ ਲੈਂਦੇ ਹਾਂ ਪਰ ਸੁਪਨੇ ਸਾਨੂੰ ਪੰਜਾਬੀ ਵਿੱਚ ਹੀ ਆਉਂਦੇ ਹਨ।
ਇਸ ਮੌਕੇ ਇਕਬਾਲ ਬਰਾੜ, ਪਰਮਜੀਤ ਸਿੰਘ ਗਿੱਲ, ਸ਼ਿੰਦਰਪਾਲ ਕੌਰ ਰਾਜਾਸਾਂਸੀ, ਸੁਖਵਿੰਦਰ ਘੁਮਾਣ, ਕੁਲਜੀਤ ਮਾਨ, ਜੰਗੀਰ ਸਿੰਘ ਕਾਹਲੋਂ, ਹਰਜੀਤ ਸਿੰਘ ਬੇਦੀ, ਬਲਰਾਜ ਚੀਮਾ, ਡਾ. ਸੁਖਦੇਵ ਸਿੰਘ ਝੰਡ, ਮੋਹਤਰਮਾ ਤੁਬੱਸਮ, ਹਰਦਿਆਲ ਸਿੰਘ, ਗੁਰਜੀਤ ਸਿੰਘ, ਪਰਮਜੀਤ ਢਿੱਲੋਂ, ਪਿਆਰਾ ਸਿੰਘ ਤੂਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬੀ ਪਿਆਰੇ ਹਾਜ਼ਰ ਸਨ।
Check Also
ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …