19 ਵਿਅਕਤੀਆਂ ਦੀ ਮੌਤ, ਰੋਹਤਕ ਤੇ ਝੱਜਰ ਵਿੱਚ ਕਈ ਇਮਾਰਤਾਂ ਤੇ ਵਾਹਨ ਅੱਗ ਦੀ ਭੇਟ ਚੜ੍ਹੇ
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਵਿੱਚ ਫੌਜ ਤੇ ਨੀਮ ਫੌਜੀ ਬਲ ਤਾਇਨਾਤ ਕਰਨ ਅਤੇ ਪੰਜ ਸ਼ਹਿਰਾਂ ਵਿੱਚ ਕਰਫਿਊ ਲਾਉਣ ਦੇ ਬਾਵਜੂਦ ਜਾਟ ਰਾਖਵਾਂਕਰਨ ਅੰਦੋਲਨ ਹੋਰ ਹਿੰਸਕ ਹੋ ਗਿਆ ਹੈ। ਸਰਕਾਰੀ ਤੰਤਰ ਦੀ ਨਕਾਮੀ ਕਾਰਨ ਰਾਜ ਦੇ ਕਈ ਹਿੱਸਿਆਂ?ਵਿੱਚ ਅਰਾਜਕਤਾ ਫੈਲੀ ਹੋਈ ਹੈ। ਸਥਿਤੀ ਵਿੱਚ ਨਿਘਾਰ ਦੇ ਮੱਦੇਨਜ਼ਰ ਉੱਚ ਪੱਧਰੀ ਮੀਟਿੰਗਾਂ ਚੱਲ ਰਹੀਆਂ?ਹਨ। ਸੂਬੇ ਵਿੱਚ ਕਈ ਥਾਵਾਂ ‘ਤੇ ਜਾਟਾਂ ਤੇ ਗੈਰ ਜਾਟਾਂ ਵਿਚਾਲੇ ਹਿੰਸਕ ਟਕਰਾਅ ਹੋਇਆ। ਰੋਹਤਕ ਵਿੱਚ ਬੇਕਾਬੂ ਹੋਈ ਭੀੜ ਨੇ ਰੋਡਵੇਜ਼ ਦੀਆਂ ਛੇ ਬੱਸਾਂ ਅਤੇ ਹੋਰ ਕਈ ਵਾਹਨਾਂ ਤੇ ਇਮਾਰਤਾਂ ਨੂੰ ਅੱਗ ਲਾ ਦਿੱਤੀ। ਟਕਰਾਅ ਵਿੱਚ ਛੇ ਹੋਰ ਵਿਅਕਤੀ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ।
ਕੌਮੀ ਸ਼ਾਹਰਾਹ ਦੇ ਜਾਮ ਹੋਣ ਨਾਲ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਹਰਿਆਣਾ ਦਾ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨਾਲ ਸੰਪਰਕ ਟੁੱਟ ਗਿਆ । ਵੱਡੀ ਗਿਣਤੀ ਵਿੱਚ ਲੋਕ ਜੀਟੀ ਰੋਡ ‘ਤੇ ਫਸ ਗਏ ਹਨ। ਮੁੱਖ ਮੰਤਰੀ ਮਨੋਹਰ ਲਾਲ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਕੇਂਦਰੀ ਮੰਤਰੀਆਂ ਵੱਲੋਂ ਅੰਦੋਲਨਕਾਰੀਆਂ ਨੂੰ ਕੀਤੀਆਂ ਜਾ ਰਹੀਆਂ ਸ਼ਾਂਤੀ ਦੀਆਂ ਅਪੀਲਾਂ ਦਾ ਕੋਈ ਅਸਰ ਨਹੀਂ ਹੋ ਰਿਹਾ। ਅੰਦੋਲਨਕਾਰੀਆਂ ਨੇ ਖੇਤੀਬਾੜੀ ਮੰਤਰੀ ਓਪੀ ਧਨਖੜ ਦੇ ਝੱਜਰ ਵਿਚਲੇ ਘਰ ‘ਤੇ ਇੱਟਾਂ-ਵੱਟਿਆਂ ਨਾਲ ਹਮਲਾ ਕੀਤਾ। ਫੌਜ ਵੀ ਅੰਦੋਲਨਕਾਰੀਆਂ ਖ਼ਿਲਾਫ਼ ਕੋਈ ਸਖ਼ਤ ਕਦਮ ਨਹੀਂ ਚੁੱਕ ਰਹੀ ਕਿਉਂਕਿ ਫੌਜ ਨੂੰ ਕੇਵਲ ਫਲੈਗ ਮਾਰਚ ਕਰਨ ਤੱਕ ਹੀ ਸੀਮਤ ਕੀਤਾ ਗਿਆ ਹੈ। ਸਭ ਤੋਂ ਮਾੜੇ ਹਾਲ ਰੋਹਤਕ ਤੇ ਝੱਜਰ ਦੇ ਹਨ।
ਝੱਜਰ ਸ਼ਹਿਰ ਦੇ ਸਟੇਡੀਅਮ ਨੇੜੇ ਪੁਲਿਸ, ਫੌਜ ਅਤੇ ਅੰਦੋਲਨਕਾਰੀਆਂ ਵਿਚਾਲੇ ਹੋਏ ਟਕਰਾਅ ਤੇ ਫਾਇਰਿੰਗ ਵਿੱਚ ਚਾਰ ਵਿਅਕਤੀ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ ਤੇ ਕੁੱਝ ਦੀ ਹਾਲਤ ਗੰਭੀਰ ਹੈ। ਇਕ ਵਿਅਕਤੀ ਰੋਹਤਕ ਵਿੱਚ ਮਾਰਿਆ ਗਿਆ ਤੇ ਸੌ ਦੇ ਕਰੀਬ ਫੱਟੜ ਹੋ ਗਏ। ਹਿੰਸਾ ਤੇ ਉਤਾਰੂ ਭੀੜ ਨੇ ਝੱਜਰ ਦਾ ਥਾਣਾ, ਬਲਾਕ ਵਿਕਾਸ ਅਧਿਕਾਰੀ ਦਾ ਦਫਤਰ, ਲੋਕ ਨਿਰਮਾਣ ਵਿਭਾਗ ਦਾ ਰੈਸਟ ਹਾਊਸ, ਰੋਡਵੇਜ਼ ਦੀਆਂ ਚਾਰ ਬੱਸਾਂ, ਲੋਕ ਸੰਪਰਕ ਵਿਭਾਗ ਦੀ ਜੀਪ ਸਮੇਤ ਕਈ ਦੋ ਪਹੀਆ ਵਾਹਨ ਅੱਗ ਦੀ ਭੇਟ ਕਰ ਦਿੱਤੇ। ਭਿਵਾਨੀ ਵਿੱਚ ਸਵੇਰੇ ਪਾਰਕਿੰਗ ਵਿੱਚ ਖੜ੍ਹੀਆਂ ਰੋਡਵੇਜ਼ ਦੀਆਂ ਦੋ ਬੱਸਾਂ ਨੂੰ ਅੱਗ ਲਾ ਦਿੱਤੀ। ਸਭ ਤੋਂ ਮਾੜੀ ਹਾਲਤ ਰੋਹਤਕ ਸ਼ਹਿਰ ਦੀ ਹੈ, ਜਿਥੇ ਪ੍ਰਦਰਸ਼ਨਕਾਰੀਆਂ ਨੇ ਸਰਕਟ ਹਾਊਸ, ਭਾਜਪਾ ਦੇ ਦਫ਼ਤਰ, ਮਹਿਮ ਥਾਣਾ, ਕਈ ਹੋਟਲ ਤੇ ਰੇਸਤਰਾਂ, ਇਕ ਪੈਟਰੋਲ ਪੰਪ, ਇਕ ਸ਼ਾਪਿੰਗ ਮਾਲ, ਤੇ ਦਰਜਨਾਂ ਸ਼ੋਅਰੂਮ, ਦੁਕਾਨਾਂ ਤੇ ਹੋਰ ਕਾਰੋਬਾਰੀ ਅਦਾਰੇ ਫੂਕ ਦਿੱਤੇ ਤੇ ਲੁੱਟ ਮਾਰ ਕੀਤੀ। ਇਸ ਤੋਂ ਇਲਾਵਾ ਕਈ ਵਾਹਨ ਅੱਗ ਦੀ ਭੇਟ ਚੜ੍ਹਾ ਦਿੱਤੇ ਗਏ। ਭੀੜ ਸਾਰੀ ਰਾਤ ਸ਼ਹਿਰ ਵਿੱਚ ਬੇਰੋਕ ਟੋਕ ਘੁੰਮਦੀ ਰਹੀ ਤੇ ਇਮਾਰਤਾਂ ਨੂੰ ਅੱਗ ਲਾਉਂਦੀ ਰਹੀ।
ਅੰਦੋਲਨਕਾਰੀਆਂ ਵਿੱਚ ਵੱਡੀ ਗਿਣਤੀ ਨੌਜਵਾਨ ਤੇ ਵਿਦਿਆਰਥੀ ਹਨ, ਜਿਹੜੇ ਤੇਜ਼ਧਾਰ ਹਥਿਆਰ ਲੈ ਕੇ ਘੁੰਮ ਰਹੇ ਹਨ। ਰੋਹਤਕ ਵਿੱਚ ਕਰਫਿਊ ਲੱਗਾ ਹੋਇਆ ਹੈ ਪਰ ਇਸ ਦੇ ਬਾਵਜੂਦ ਅੰਦੋਲਨਕਾਰੀ ਟੱਸ ਤੋਂ ਮੱਸ ਨਹੀਂ ਹੋਏ। ਉਹ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਦੇ ਗੇਟ ਨੰਬਰ ਦੋ ਸਾਹਮਣੇ ਧਰਨਾ ਦੇ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਗੋਹਾਣਾ ਸੜਕ ‘ਤੇ ਵੀਟਾ ਮਿਲਕ ਪਲਾਂਟ ਸਾੜ ਦਿੱਤਾ, ਜਿਸ ਕਾਰਨ ਉਸ ਵਿੱਚੋਂ ਅਮੋਨੀਆ ਗੈਸ ਲੀਕ ਹੋਣ ਲੱਗੀ। ਪ੍ਰਸ਼ਾਸਨ ਨੇ ਵੀਟਾ ਕਲੋਨੀ ਤੇ ਨੇੜੇ ਦੇ ਲੋਕਾਂ ਨੂੰ ਆਪਣੇ ਘਰ ਖਾਲ੍ਹੀ ਕਰਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਆਖ ਦਿੱਤਾ ਹੈ।
ਪੁਲਿਸ ਨੇ ਦਿੱਲੀ-ਜੈਪੁਰ ਮਾਰਗ ਨੂੰ ਦੋ ਵਾਰੀ ਖੁੱਲ੍ਹਵਾਇਆ ਪਰ ਫਿਰ ਹੋਰ ਥਾਵਾਂ ‘ਤੇ ਅੰਦੋਲਨਕਾਰੀਆਂ ਨੇ ਇਸ ਨੂੰ ਬੰਦ ਕਰ ਦਿੱਤਾ। ਇਸ ਕਰਕੇ ਜੈਪੁਰ ਦਾ ਦਿੱਲੀ ਨਾਲੋਂ ਸੰਪਰਕ ઠਟੁੱਟ ਗਿਆ। ਬਹੁਤੀਆਂ ਥਾਵਾਂ ‘ਤੇ ਪੁਲਿਸ ਤੇ ਫੌਜ ਨਾਲੋਂ ઠਅੰਦੋਲਨਕਾਰੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਸਕੀ। ਕੈਥਲ ਵਿੱਚ ਵੀ ਇੱਕ ਵਿਅਕਤੀ ਮਾਰਿਆ ਗਿਆ ਹੈ। ਇੰਡੀਅਨ ਨੈਸ਼ਨਲ ਲੋਕ ਦਲ ਦੇ ਸੀਨੀਅਰ ਆਗੂ ਅਭੇ ਚੌਟਾਲਾ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਦਾ ਸੂਬੇ ਦੀ ਸਥਿਤੀ ‘ਤੇ ਕੋਈ ਕਾਬੂ ਨਹੀਂ ਰਿਹਾ। ਇਸ ਲਈ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ।
ਭਾਜਪਾ ਨੇ ਗੱਲਬਾਤ ਦੀ ਜ਼ਿੰਮੇਵਾਰੀ ਬੀਰੇਂਦਰ ਨੂੰ ਸੌਂਪੀ
ਨਵੀਂ ਦਿੱਲੀ : ਹਰਿਆਣਾ ਵਿੱਚ ਜਾਟ ਰਾਖਵੇਂਕਰਨ ਦੇ ਮੁੱਦੇ ਨੂੰ ਹੱਲ ਕਰਨ ਲਈ ਭਾਜਪਾ ਨੇ ਜਾਟ ਚਿਹਰੇ ਕੇਂਦਰੀ ਮੰਤਰੀ ਬੀਰੇਂਦਰ ਸਿੰਘ, ਹਰਿਆਣਾ ਦੇ ਮੰਤਰੀ ਓਪੀ ਧਨਖੜ ਤੇ ਸੰਜੀਵ ਬਲਿਆਨ ਨੂੰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਇਥੇ ਇਨ੍ਹਾਂ ਨੇਤਾਵਾਂ ਤੇ ਹਰਿਆਣਾ ਮਾਮਲਿਆਂ ਬਾਰੇ ਪਾਰਟੀ ਇੰਚਾਰਜ ਅਨਿਲ ਜੈਨ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਓਬੀਸੀ ਨੇਤਾ ਰਾਜ ਕੁਮਾਰ ਸੈਣੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਫੈਸਲਾ ਵੀ ਕੀਤਾ ਗਿਆ। ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਜਾਟ ਨੇਤਾਵਾਂ ਨਾਲ ਗੱਲਬਾਤ ਕਰ ਰਹੇ ਹਨ।
ਜਾਟ ਵਿਦਿਆਰਥੀਆਂ ਵੱਲੋਂ ਦਿੱਲੀ ਯੂਨੀਵਰਸਿਟੀ ‘ਚ ਵੀ ਪ੍ਰਦਰਸ਼ਨ
ਸਰਕਾਰੀ ਨੌਕਰੀਆਂ ਤੇ ਸਿੱਖਿਆ ਸੰਸਥਾਵਾਂ ‘ਚ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਜਾਟ ਭਾਈਚਾਰੇ ਨਾਲ ਸਬੰਧਤ ਵਿਦਿਆਰਥੀਆਂ ਨੇ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ‘ਚ ਪ੍ਰਦਰਸ਼ਨ ਕੀਤਾ। ਪੁਲਿਸ ਦੀ ਹਾਜ਼ਰੀ ਦੇ ਬਾਵਜੂਦ ਪ੍ਰਦਰਸ਼ਨਕਾਰੀ ਸੜਕ ‘ਤੇ ਬੈਠ ਗਏ ਤੇ ਜਾਮ ਲਾ ਦਿੱਤਾ। ਇਕ ਵਿਦਿਆਰਥੀ ਨੇ ਕਿਹਾ ਕਿ ਸਰਕਾਰ ਸਾਨੂੰ ਰਾਖਵਾਂਕਰਨ ਨਹੀਂ ਦੇਣਾ ਚਾਹੁੰਦੀ।
ਵਿਧਾਨ ਸਭਾ ‘ਚ ਜਾਟਾਂ ਨੂੰ ਰਾਖਵਾਂਕਰਨ ਦੇਣ ਲਈ ਲਿਆਂਦਾ ਜਾਏਗਾ ਬਿੱਲ
ਚੰਡੀਗੜ੍ਹ/ਬਿਊਰੋ ਨਿਊਜ਼: ਕੇਂਦਰ ਨੇ ਸਰਕਾਰੀ ਨੌਕਰੀਆਂ ਵਿਚ ਜਾਟਾਂ ਨੂੰ ਰਾਖਵਾਂਕਰਨ ਦੇਣ ਬਾਰੇ ਵਿਚਾਰ ਕਰਨ ਲਈ ਸੀਨੀਅਰ ਕੇਂਦਰੀ ਮੰਤਰੀ ਦੀ ਅਗਵਾਈ ਹੇਠ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਹਰਿਆਣਾ ਵਿਚ ਜਾਟਾਂ ਨੂੰ ਹੋਰ ਪੱਛੜੀਆਂ ਸ਼ੇਣੀਆਂ (ਓਬੀਸੀ) ਦਾ ਦਰਜਾ ਦੇਣ ਲਈ ਵਿਧਾਨ ਸਭਾ ਵਿਚ ਬਿੱਲ ਲਿਆਂਦਾ ਜਾਏਗਾ। ਪਿਛਲੇ ਅੱਠ ਦਿਨਾਂ ਤੋਂ ਚਲ ਰਹੇ ਅੰਦੋਲਨ ਤਹਿਤ ਹਿੰਸਾ ਦੀਆਂ ਘਟਨਾਵਾਂ ਵਿਚ ਐਤਵਾਰ ਨੂੰ 8 ਹੋਰ ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ। ਇਸ ਨਾਲ ਮ੍ਰਿਤਕਾਂ ਦੀ ਕੁਲ ਗਿਣਤੀ ਵੱਧ ਕੇ 16 ਹੋ ਗਈ ਹੈ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਵਿਚ ਐਤਵਾਰ ਰਾਤ ਨੂੰ ਐਲਾਨ ਕੀਤਾ ਕਿ ਕੇਂਦਰੀ ਮੰਤਰੀ ਐਮ ਵੈਂਕਈਆ ਨਾਇਡੂ ਦੀ ਅਗਵਾਈ ਹੇਠ ਕਮੇਟੀ ਬਣਾ ਦਿੱਤੀ ਗਈ ਹੈ ਜੋ ਕੇਂਦਰ ਸਰਕਾਰ ਦੀਆਂ ਨੌਕਰੀਆਂ ਵਿਚ ਜਾਟਾਂ ਨੂੰ ਰਾਖਵਾਂਕਰਨ ਦੇਣ ਦੀ ਮੰਗ ‘ਤੇ ਵਿਚਾਰ ਕਰੇਗੀ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਕਮੇਟੀ ਨੂੰ ਮਸਲੇ ਦੇ ਹੱਲ ਲਈ ਛੇਤੀ ਤੋਂ ਛੇਤੀ ਵਿਆਪਕ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਉਨ੍ਹਾਂ ਹਰਿਆਣਾ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ। ਕਮੇਟੀ ਵਿਚ ਕੇਂਦਰੀ ਮੰਤਰੀ ਮਹੇਸ਼ ਸ਼ਰਮਾ, ਸੰਜੀਵ ਬਾਲੀਆਨ, ਅਵਿਨਾਸ਼ ਰਾਏ ਖੰਨਾ ਅਤੇ ਸਤਪਾਲ ਮਲਿਕ ਸ਼ਾਮਲ ਹਨ।
ਕੇਂਦਰੀ ਮੰਤਰੀਆਂ ਸੁਸ਼ਮਾ ਸਵਰਾਜ ਅਤੇ ਮਨੋਹਰ ਪਰੀਕਰ ਨਾਲ ਹਰਿਆਣਾ ਦੇ ਹਾਲਾਤ ਦਾ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਇਹ ਬੈਠਕ ਰਾਜਨਾਥ ਸਿੰਘ ਅਤੇ ਜਾਟਾਂ ਦੇ ਵਫ਼ਦ ਨਾਲ ਮੁਲਾਕਾਤ ਤੋਂ ਬਾਅਦ ਹੋਈ ਜਿਥੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਹਰਿਆਣਾ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਜਾਟਾਂ ਨੂੰ ਓਬੀਸੀ ਦਾ ਦਰਜਾ ਦੇਣ ਲਈ ਬਿੱਲ ਲਿਆਂਦਾ ਜਾਏਗਾ। ਕੇਂਦਰ ਤੋਂ ਭਰੋਸਾ ਮਿਲਣ ਮਗਰੋਂ ਕੁਝ ਥਾਵਾਂ ‘ਤੇ ਐਤਵਾਰ ਸ਼ਾਮ ਨੂੰ ਅੰਦੋਲਨਕਾਰੀਆਂ ਨੇ ਜਾਮ ਖੋਲ੍ਹਣੇ ਸ਼ੁਰੂ ਕਰ ਦਿੱਤੇ ਸਨ। ਰਿਪੋਰਟਾਂ ਮੁਤਾਬਕ ਕੌਮੀ ਰਾਜਮਾਰਗ ਨੰਬਰ ਇਕ ਸਮੇਤ ਯਮੁਨਾਨਗਰ ਵਿਚ ਸਹਾਰਨਪੁਰ-ਅੰਬਾਲਾ, ਪਾਉਂਟਾ ਸਾਹਿਬ-ਯਮੁਨਾਨਗਰ, ਅੰਬਾਲਾ-ਕੈਥਲ, ਸਹਾਰਨਪੁਰ-ਪਿਪਲੀ-ਕੁਰੂਕਸ਼ੇਤਰ, ਜ਼ੀਰਕਪੁਰ-ਪਰਵਾਣੂ ਅਤੇ ਲਾਡਵਾ-ਸ਼ਾਹਬਾਦ ਤੋਂ ਜਾਮ ਹਟਾ ਲਿਆ ਗਿਆ ਸੀ। ਜੀਂਦ, ਭਿਵਾਨੀ, ਕੈਥਲ ਅਤੇ ਪਾਣੀਪਤ ਅਤੇ ਸੋਨੀਪਤ ‘ਤੇ ਲਾਏ ਗਏ ਜਾਮ ਹਟਾ ਲਏ ਗਏ ਹਨ ਅਤੇ ਰਾਜਮਾਰਗ ‘ਤੇ ਆਵਾਜਾਈ ਬਹਾਲ ਹੋ ਗਈ ਹੈ।
ਕੇਂਦਰੀ ਗ੍ਰਹਿ ਮੰਤਰੀ ਨਾਲ ਹੋਈ ਬੈਠਕ ਵਿਚ ਸ਼ਾਮਲ ਜਾਟ ਸੰਘਰਸ਼ ਸਮਿਤੀ ਦੇ ਆਗੂ ਜੈਪਾਲ ਸਿੰਘ ਸਾਂਗਵਾਨ ਨੇ ਕਿਹਾ ਕਿ ਹਾਂ-ਪੱਖੀ ਮਾਹੌਲ ਵਿਚ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਜਾਟ ਭਾਈਚਾਰਾ ਫ਼ੈਸਲਿਆਂ ‘ਤੇ ਮੋਹਰ ਲਾਏਗਾ। ਉਨ੍ਹਾਂ ਜਾਟਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ ਵੀ ਕੀਤੀ। ਇਕ ਹੋਰ ਜਥੇਬੰਦੀ ਦੇ ਆਗੂ ਰਾਜੇਸ਼ ਦਹੀਆ ਨੇ ਕਿਹਾ ਕਿ ਅੰਦੋਲਨ ਵਾਪਸ ਲੈਣ ਬਾਰੇ ਫ਼ੈਸਲਾ ਬਾਅਦ ਵਿਚ ਲਿਆ ਜਾਏਗਾ।
ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ ਹਰਿਆਣਾ ਦੇ ਗ੍ਰਹਿ ਸਕੱਤਰ ਪੀ ਕੇ ਦਾਸ ਅਤੇ ਪੁਲਿਸ ਮੁਖੀ ਯਸ਼ਪਾਲ ਸਿੰਘਲ ਨੇ ਸੂਬੇ ਵਿਚ ਸ਼ਾਂਤੀ ਦਾ ਦਾਅਵਾ ਕੀਤਾ ਜਦਕਿ ਕਈ ਥਾਵਾਂ ‘ਤੇ ਹਿੰਸਾ ਅਤੇ ਫਾਇਰਿੰਗ ਦੀਆਂ ਘਟਨਾਵਾਂ ਵਾਪਰੀਆਂ ਜਿਸ ਵਿਚ 7 ਵਿਅਕਤੀ ਮਾਰੇ ਗਏ। ਇਨ੍ਹਾਂ ਵਿਚ 6 ਝੱਜਰ ਸ਼ਹਿਰ ਅਤੇ ਇਕ ਵਿਅਕਤੀ ਸਫੀਦੋਂ ਕਸਬੇ ਵਿਚ ਮਾਰਿਆ ਗਿਆ। ਬਹੁਤੀਆਂ ਥਾਵਾਂ ‘ਤੇ ਐਤਵਾਰ ਨੂੰ ਦਿਨ ਭਰ ਪਹਿਲਾਂ ਵਾਂਗ ਹੀ ਜਾਮ ਲੱਗੇ ਰਹੇ ਅਤੇ ਕਈ ਹੋਰ ਥਾਵਾਂ ‘ਤੇ ਭੰਨ-ਤੋੜ ਅਤੇ ਇਮਾਰਤਾਂ ਅੱਗ ਦੀ ਭੇਟ ਕਰ ਦਿੱਤੀਆਂ ਗਈਆਂ। ਮੁਰਥਲ ਵਿੱਚ ਹਿੰਸਕ ਭੀੜ ਨੇ ਮਸ਼ਹੂਰ ਸੁਖਦੇਵ ਅਤੇ ਅਸ਼ੀਰਵਾਦ ਤੇ ਹੋਰ ਢਾਬਿਆਂ ਨੂੰ ਸਾੜ ਦਿੱਤਾ। ਸੂਬੇ ਵਿੱਚ ਹਿੰਸਾ ਅਤੇ ਸਾੜ-ਫੂਕ ਨਾਲ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
ਹਰਿਆਣਾ ਦੇ ਵਧੀਕ ਮੁੱਖ ਸਕੱਤਰ ਕਮ ਗ੍ਰਹਿ ਸਕੱਤਰ ਪੀ ਕੇ ਦਾਸ ਅਤੇ ਪੁਲਿਸ ਮੁਖੀ ਸਿੰਘਲ ਨੇ ਦੱਸਿਆ ਕਿ ਪੁਲਿਸ, ਫੌਜ ਅਤੇ ਨੀਮ ਫੌਜੀ ਬਲਾਂ ਨੇ ਅਪਰੇਸ਼ਨ ਜਾਰੀ ਰੱਖਿਆ ਜਿਸ ਕਰ ਕੇ ਸ਼ਹਿਰਾਂ ਵਿੱਚੋਂ ਕਿਸੇ ਗੜਬੜ ਦੀ ਰਿਪੋਰਟ ਨਹੀਂ ਆਈ। ਮੌਕੇ ‘ਤੇ ਪੱਤਰਕਾਰਾਂ ਨੇ ਕੁਝ ਕਸਬਿਆਂ ਅਤੇ ਸ਼ਹਿਰਾਂ ਵਿੱਚ ਟਕਰਾਅ ਅਤੇ ਰਸਤੇ ਜਾਮ ਹੋਣ ਬਾਰੇ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਸਭ ਤੋਂ ਪਹਿਲਾਂ ਦਿੱਲੀ ਦੀ ਪਾਣੀ ਸਪਲਾਈ ਬਹਾਲ ਕਰਵਾਉਣ ਦਾ ਕੰਮ ਕਰੇਗੀ।
ਸ਼੍ਰੋਮਣੀ ਕਮੇਟੀ ਨੇ ਸੇਵਾਦਾਰਾਂ ਨੂੰ ਪੀੜਤਾਂ ਦੀ ਮਦਦ ਲਈ ਕਿਹਾ
ਗੁਰਦੁਆਰਿਆਂ ਵਿੱਚ ਲੰਗਰ ਸਣੇ ਹੋਰ ਪ੍ਰਬੰਧ ਯਕੀਨੀ ਬਣਾਏ: ਮੱਕੜ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਵਿੱਚ ਕਮੇਟੀ ਨਾਲ ਸਬੰਧਤ ਸਾਰੇ ਗੁਰਦੁਆਰਿਆਂ ਵਿੱਚ ਨਿਰਦੇਸ਼ ਦਿੱਤੇ ਹਨ ਕਿ ਜਾਟ ਅੰਦੋਲਨ ਕਾਰਨ ਸੂਬੇ ਵਿੱਚ ਫਸੇ ਲੋਕਾਂ ਦੀ ਭੋਜਣ ਸਣੇ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਦੱਸਿਆ ਕਿ ਗੁਰਦੁਆਰਿਆਂ ਵਿੱਚ ਲੰਗਰ ਦਾ ਪੂਰਾ ਪ੍ਰਬੰਧ ਹੈ ਤੇ ਲੋੜਵੰਦ ਗੁਰਦੁਆਰਿਆਂ ਵਿੱਚੋਂ ਲੰਗਰ ਛਕ ਸਕਦੇ ਹਨ। ਲੰਗਰ ਤੋਂ ਇਲਾਵਾ ਹੋਰ ਬਣਦੀ ਮਦਦ ਮੁਹੱਈਆ ਕਰਾਉਣਾ ਵੀ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਗੁਰਦੁਆਰਿਆਂ ਵਿੱਚ ਸੇਵਾਦਾਰਾਂ ਨੂੰ ਕਿਹਾ ਗਿਆ ਹੈ ਕਿ ਲੋੜਵੰਦਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇ। ਮੱਕੜ ਨੇ ਕਿਹਾ ”ਸਾਡੇ ਕੋਲ ਖਾਣ-ਪੀਣ ਦੀ ਸਮੱਗਰੀ ਢੁਕਵੀਂ ਮਾਤਰਾ ਵਿੱਚ ਉਪਲੱਬਧ ਹੈ। ਇਸ ਲਈ ਲੰਗਰ ਦੀ ਸੇਵਾ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਯਾਤਰੀਆਂ ਲਈ ਹੋਰ ਲੋੜੀਂਦੇ ਪ੍ਰਬੰਧ ਵੀ ਕੀਤੇ ਗਏ ਹਨ।” ਦੱਸਣਯੋਗ ਹੈ ਕਿ ਹਰਿਆਣਾ ਵਿੱਚ ਜਾਟ ਭਾਈਚਾਰੇ ਵੱਲੋਂ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤਾ ਅੰਦੋਲਨ ਹਿੰਸਕ ਰੂਪ ਧਾਰਨ ਕਰ ਗਿਆ ਹੈ। ਮੁਜ਼ਾਹਰਾਕਾਰੀਆਂ ਵੱਲੋਂ ਰੇਲ ਤੇ ਸੜਕੀ ਆਵਾਜਾਈ ਠੱਪ ਕਰਨ ਕਰਕੇ ਵੱਡੀ ਗਿਣਤੀ ਲੋਕ ਰਸਤਿਆਂ ਵਿੱਚ ਫਸੇ ਹੋਏ ਹਨ ਤੇ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚ ਪਾ ਰਹੇ। ਇਸ ਦੌਰਾਨ ਯਾਤਰੀਆਂ ਨੂੰ ਭੋਜਨ ਤੇ ਹੋਰ ਚੀਜ਼ਾਂ ਦੀ ਦਿੱਕਤ ਆ ਰਹੀ ਹੈ।
ਤਬਾਹੀ ਦਾ ਗੁੱਸਾ ਨੇਤਾਵਾਂ ‘ਤੇ ਕੱਢਿਆ
ਰੋਹਤਕ ‘ਚ ਮੁੱਖ ਮੰਤਰੀ ਖੱਟਰ ਦਾ ਵਿਰੋਧ, ਸਾਬਕਾ ਮੁੱਖ ਮੰਤਰੀ ਹੁੱਡਾ ‘ਤੇ ਵੀ ਜੁੱਤਾ ਸੁੱਟਿਆ
ਰੋਹਤਕ/ਬਿਊਰੋ ਨਿਊਜ਼
ਰਾਖਵੇਂਕਰਨ ਦੀ ਅੱਗ ਵਿਚ ਸੂਬੇ ਦੇ ਲੋਕਾਂ ਨੇ ਭਾਈਚਾਰਾ ਹੀ ਨਹੀਂ ਗੁਆਇਆ, ਸਗੋਂ ਰੋਜ਼ੀ ਰੋਟੀ ਦਾ ਸਹਾਰਾ ਵੀ ਗਵਾ ਲਿਆ ਹੈ। ਅੰਦੋਲਨਕਾਰੀਆਂ ਨੇ ਦੇਖਦੇ ਹੀ ਦੇਖਦੇ ਕਰੋੜਾਂ ਦੀ ਸੰਪਤੀ ਨੂੰ ਫੂਕ ਦਿੱਤਾ। ਜਿਸ ਕਾਰੋਬਾਰ ਨੂੰ ਖੜ੍ਹਾ ਕਰਨ ਵਿਚ ਬਹੁਤ ਸਮਾਂ ਲੱਗਿਆ, ਉਹ ਅੰਦੋਲਨ ਦੇ ਤੂਫਾਨ ਵਿਚ ਇਕ ਤਿਣਕੇ ਦੀ ਤਰ੍ਹਾਂ ਤਬਾਹ ਹੋ ਗਿਆ। ਬਚਿਆ ਹੈ ਤਾਂ ਸਿਰਫ ਬੇਵਸੀ, ਲਾਚਾਰੀ ਦੇ ਹੰਝੂ ਅਤੇ ਨਫਰਤ। ਨਫਰਤ ਅਤੇ ਘ੍ਰਿਣਾ ਉਹਨਾਂ ਖਿਲਾਫ ਵੀ ਜਿਨ੍ਹਾਂ ਨੇ ਉਹਨਾਂ ਦੇ ਕਾਰੋਬਾਰ ਨੂੰ ਉਜਾੜ ਦਿੱਤਾ, ਗੁੱਸਾ ਉਹਨਾਂ ‘ਤੇ ਵੀ ਜੋ ਬਰਬਾਦੀ ਨੂੰ ਤਮਾਸ਼ਬੀਨ ਬਣ ਕੇ ਦੇਖਦੇ ਰਹੇ। ਸੈਂਕੜੇ ਪਰਿਵਾਰਾਂ ਦੀ ਰੋਜੀ ਰੋਟੀ ਦਾ ਸਹਾਰਾ ਖਤਮ ਹੋ ਗਿਆ। ਹਜ਼ਾਰਾਂ ਕੰਮਕਾਰ ਕਰਨ ਵਾਲੇ ਲੋਕ ਬੇਰੁਜ਼ਗਾਰ ਹੋ ਗਏ। ਕੱਲ੍ਹ ਤੱਕ ਜੋ ਮਾਲਕ ਸੀ, ਅੱਜ ਉਹ ਰਾਖ ਦੇ ਢੇਰ ‘ਤੇ ਬੈਠੇ ਆਪਣੀ ਬੇਵਸੀ ਨੂੂੰ ਕੋਸ ਰਹੇ ਹਨ। ਉਹਨਾਂ ਦੀ ਬੇਵਸੀ ਮੰਗਲਵਾਰ ਨੂੰ ਮਰਹਮ ਲਗਾਉਣ ਆਏ ਨੇਤਾਵਾਂ ‘ਤੇ ਗੁੱਸਾ ਬਣ ਕੇ ਵਰ੍ਹੀ।
ਮੁੱਖ ਮੰਤਰੀ ਖੱਟਰ ਨੂੰ ਪੀੜਤਾਂ ਨੇ ਘੇਰਿਆ
ਲੋਕਾਂ ਨੇ ਕਿਹਾ, ਅਸੀਂ ਮਰ ਰਹੇ ਸੀ ਤਾਂ ਤੁਸੀਂ ਕਿੱਥੇ ਸੀ
ਰੋਹਤਕ : ਹਰਿਆਣਾ ‘ਚ ਜਾਟ ਰਾਖਵੇਂਕਰਨ ਅੰਦੋਲਨ ਕਾਰਨ ਵਿਗੜੇ ਮਾਹੌਲ ਤੋਂ ਬਾਅਦ ਮੰਗਲਵਾਰ ਨੂੰ ਰੋਹਤਕ ਨਿਵਾਸੀਆਂ ਦਾ ਦਰਦ ਸੁਣਨ ਆਏ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਪੀੜਤਾਂ ਨੇ ਘੇਰ ਲਿਆ। ਕਰੜੀ ਸੁਰੱਖਿਆ ਵਿਚਕਾਰ ਹੈਲੀਕਾਪਟਰ ‘ਤੇ ਰੋਹਤਕ ਪਹੁੰਚੇ ਮੁੱਖ ਮੰਤਰੀ ਨੇ ਪੀੜਤਾਂ ਨੇ ਕਾਲੇ ਝੰਡੇ ਦਿਖਾਏ ਅਤੇ ਭਾਜਪਾ ਮੁਰਦਾਬਾਦ ਦਾ ਨਾਅਰੇ ਲਗਾਏ। ਲੋਕਾਂ ਨੇ ਪੁੱਛਿਆ ਕਿ ਜਦ ਸ਼ਹਿਰ ਸੜ ਰਿਹਾ ਸੀ, ਲੋਕ ਮਰ ਰਹੇ ਸਨ ਤਾਂ ਉਸ ਸਮੇਂ ਤੁਸੀਂ ਕਿੱਥੇ ਸੀ। ਪੁਲਿਸ ਅਤੇ ਫੋਰਸ ਲੋਕਾਂ ਨੂੰ ਮਰਦੇ ਹੋਏ ਦੇਖਦੀ ਰਹੀ, ਪਰ ਸਰਕਾਰ ਹੱਥ ‘ਤੇ ਹੱਥ ਰੱਖ ਕੇ ਬੈਠੀ ਰਹੀ। ਭੀੜ ਨੇ ਸਿਹਤ ਮੰਤਰੀ ਅਨਿਲ ਵਿੱਜ ਦੇ ਸਮਰਥਨ ਵਿਚ ਵਿੱਜ ਜਿੰਦਾਬਾਦ ਦੇ ਨਾਅਰੇ ਵੀ ਲਗਾਏ। ਮੁੱਖ ਮੰਤਰੀ ਬੋਲਦੇ ਰਹੇ ਪਰ ਪੀੜਤਾਂ ਦਾ ਗੁੱਸਾ ਠੰਡਾ ਨਹੀਂ ਹੋਇਆ। ਜਦੋਂ ਮੁੱਖ ਮੰਤਰੀ ਵਾਪਸ ਜਾਣ ਲੱਗੇ ਤਾਂ ਲੋਕਾਂ ਨੇ ਉਹਨਾਂ ਦੀ ਗੱਡੀ ਨੂੰ ਫਿਰ ਘੇਰ ਲਿਆ। ਜਦੋਂ ਸੁਰੱਖਿਆ ‘ਚ ਲੱਗੇ ਜਵਾਨ ਭੀੜ ਨੂੰ ਪਿੱਛੇ ਹਟਾਉਣ ਲੱਗੇ ਤਾਂ ਭੜਕੀ ਭੀੜ ਨੇ ਪੁਲਿਸ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ।
ਹੁੱਡਾ ਦੇ ਸਾਬਕਾ ਸਲਾਹਕਾਰ ਫਸੇ ਕਸੂਤੇ
ਪ੍ਰੋਫੈਸਰ ਵਰਿੰਦਰ ਖਿਲਾਫ ਹੋਇਆ ਕੇਸ ਦਰਜ
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਪੁਲਿਸ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਸਾਬਕਾ ਸਿਆਸੀ ਸਲਾਹਕਾਰ ਪ੍ਰੋਫੈਸਰ ਵਰਿੰਦਰ ਖ਼ਿਲਾਫ ਜਾਟ ਅੰਦੋਲਨ ਨੂੰ ਭੜਕਾਉਣ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੈ। ਪਿਛਲੇ ਦਿਨੀਂ ਉਨ੍ਹਾਂ ਦਾ ਇਕ ਆਡਿਓ ਕਲਿੱਪ ਸਾਹਮਣੇ ਆਇਆ ਸੀ ਜਿਸ ਵਿਚ ਉਹ ਕਿਸੇ ਅੰਦੋਲਨਕਾਰੀ ਨੂੰ ਕਹਿ ਰਹੇ ਸਨ ਕਿ ਸਿਰਸੇ ਵੱਲ ਕੁਝ ਨਹੀਂ ਹੋ ਰਿਹਾ ਹੈ।
ਖੱਟਰ ਸਰਕਾਰ ਨੇ ਇਸ ਆਡਿਓ ਦੀ ਜਾਂਚ ਤੋਂ ਬਾਅਦ ਪੁਲਿਸ ਨੂੰ ਕਾਰਵਾਈ ਦੇ ਹੁਕਮ ਦਿੱਤੇ ਹਨ। ਉਨ੍ਹਾਂ ਖ਼ਿਲਾਫ ਰੋਹਤਕ ਵਿਚ ਐਫਆਈਆਰ ਦਰਜ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਕੇਸ ਦਰਜ ਹੋ ਗਿਆ ਹੈ ਪਰ ਅਜੇ ਵਿਸਥਾਰ ਪੂਰਬਕ ਜਾਣਕਾਰੀ ਸ਼ੇਅਰ ਨਹੀਂ ਕੀਤੀ ਜਾ ਸਕਦੀ ਹੈ। ਇਹ ਐਫਆਈਆਰ ਭਿਵਾਨੀ ਦੇ ਸ਼ਿਕਾਇਤਕਰਤਾ ਪੰਕਜ ਕੁਮਾਰ ਵੱਲੋਂ ਦਰਜ ਕਰਵਾਈ ਗਈ ਹੈ।
ਓਧਰ ਵਰਿੰਦਰ ਨੇ ਕਿਹਾ ਹੈ ਕਿ ਇਹ ਆਡਿਓ ਸਹੀ ਨਹੀਂ ਹੈ ਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਸਾਜਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਇਹ ਆਵਾਜ਼ ਨਾਲ ਛੇੜਛਾੜ ਕੀਤੀ ਗਈ ਹੈ। ਕਾਂਗਰਸ ਨੇ ਵੀ ਇਸ ਆਡਿਓ ਕਲਿੱਪ ਬਾਰੇ ਵਰਿੰਦਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਹੁੱਡਾ ਨੂੰ ਦੇਖਦੇ ਹੋਏ ਭੜਕੇ ਵਪਾਰੀ
ਰੋਹਤਕ : ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਵਪਾਰੀਆਂ ਦੇ ਜ਼ਬਰਦਸਤ ਗੁੱਸੇ ਦਾ ਸਾਹਮਣਾ ਕਰਨਾ ਪਿਆ। ਮਾਡਲ ਟਾਊਨ ਵਿਚ ਮੰਗਲਵਾਰ ਨੂੰ ਧਰਨੇ ‘ਤੇ ਬੈਠੇ ਵਪਾਰੀਆਂ ਨੂੰ ਦਿਲਾਸਾ ਦੇਣ ਗਏ ਭੁਪਿੰਦਰ ਸਿੰਘ ਹੁੱਡਾ ਨੂੰ ਵਪਾਰੀਆਂ ਨੇ ਵਾਪਸ ਭੇਜ ਦਿੱਤਾ। ਜਦੋਂ ਹੁੱਡਾ ਆਪਣੀ ਗੱਲ ਕਹਿਣ ਲੱਗੇ ਤਾਂ ਲੋਕਾਂ ਨੇ ਉਹਨਾਂ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਦੋਂ ਹੁੱਡਾ ਵਾਪਸ ਜਾਣ ਲੱਗੇ ਤਾਂ ਕਿਸੇ ਨੇ ਉਹਨਾਂ ‘ਤੇ ਜੁੱਤਾ ਸੁੱਟ ਦਿੱਤਾ, ਹਾਲਾਂਕਿ ਇਹ ਜੁੱਤਾ ਉਹਨਾਂ ਦੇ ਲੱਗਿਆ ਨਹੀਂ।
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …