ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ ਫਾਦਰ ਟੌਬਿਨ ਸੀਨੀਅਰਜ਼ ਕਲੱਬ ਅਜਿਹਾ ਕੋਈ ਮੌਕਾ ਨਹੀਂ ਗੁਆਉਂਦੀ ਜਿੱਥੇ ਸੀਨੀਅਰਜ਼ ਨੂੰ ਘੱਟ ਖਰਚ ਤੇ ਮਨੋਰੰਜਨ ਦੇ ਵਧੇਰੇ ਮੌਕੇ ਮਿਲਣ। ਇਸੇ ਲੜੀ ਵਿੱਚ ਪਿਛਲੇ ਦਿਨੀ ਕਲੱਬ ਦੇ ਮੈਂਬਰਾਂ ਨੇ ਪ੍ਰਧਾਨ ਰਣਜੀਤ ਸਿੰਘ ਤੱਗੜ ਦੀ ਅਗਵਾਈ ਵਿੱਚ ਟੋਰਾਂਟੋ ਜ਼ੂ ਦਾ ਟਰਿੱਪ ਲਾਇਆ। ਇਸ ਵਿੱਚ ਕਲੱਬ ਦੇ ਬਹੁਤ ਸਾਰੇ ਔਰਤ ਅਤੇ ਮਰਦ ਮੈਂਬਰ ਸ਼ਾਮਲ ਸਨ।
ਬੱਸਾਂ ਦਾ ਪਰਬੰਧ ਕਰਤਾਰ ਸਿੰਘ ਚਾਹਲ, ਬੰਤ ਸਿੰਘ ਰਾਊ ਅਤੇ ਗੁਰਪ੍ਰੀਤ ਸੰਧੂ ਦੁਆਰਾ ਕੀਤਾ ਗਿਆ। ਟਰਿੱਪ ਦੇ ਪਰਬੰਧ ਵਿੱਚ ਗੁਰਮੇਲ ਸਿੰਘ ਗਿੱਲ, ਗੁਰਦੇਵ ਸਿੰਘ ਹੰਸਰਾ, ਪਸ਼ੌਰਾ ਸਿੰਘ ਚਾਹਲ ਅਤੇ ਨਿਰਮਲ ਸਿੰਘ ਡਡਵਾਲ ਨੇ ਡਿਊਟੀ ਨਿਭਾਈ। ਟੋਰਾਂਟੋ ਜ਼ੂ ਵਿੱਚ ਪਹੁੰਚਣ ਸਾਰ ਕਲੱਬ ਵਲੋਂ ਸਭ ਨੇ ਗਰਮ ਚਾਹ ਛਕ ਕੇ ਜ਼ੂ-ਮੋਬਾਇਲ ਤੇ ਬੈਠ ਕੇ ਰਾਸਤੇ ਵਿੱਚ ਵੱਖ ਵੱਖ ਜਾਨਵਰ ਗੈਂਡੇ ਅਤੇ ਜ਼ਿਰਾਫ ਆਦਿ ਦੇਖੇ ਅਤੇ ਪਹਿਲੇ ਪੜਾਅ ਤੇ ਉੱਤਰ ਕੇ ਬਹੁਤ ਸਾਰੇ ਜਾਨਵਰ ਜਿਨ੍ਹਾਂ ਵਿੱਚ ਜੰਗਲੀ ਝੋਟੇ, ਕੈਨੇਡੀਅਨ ਬਾਘੜ ਬਿੱਲਾ, ਖਤਰਨਾਕ ਬਿੱਲੀ ਅਤੇ ਕਈ ਪਰਕਾਰ ਦੇ ਹੋਰ ਜਾਨਵਰ ਅਤੇ ਪੰਛੀ ਦੇਖੇ। ਦੂਜੇ ਪੜਾਅ ਤੇ ਅਫਰੀਕੀ ਜਾਨਵਰ ਸਫੈਦ ਬੱਬਰ ਸ਼ੇਰ, ਜ਼ੈਬਰਾ, ਚੀਤੇ, ਲੰਗੂਰ ਤੇ ਹੋਰ ਅਨੇਕਾਂ ਜੀਵ ਜੰਤੂ ਸਨ। ਇਸ ਤੋਂ ਬਾਅਦ ਘੋੜੇ, ਰੰਗਦਾਰ ਬੱਤਖਾਂ ਅਤੇ ਸਭ ਤੋਂ ਦਿਲਚਸਪ ਪੰਡਾ ਵੀ ਸਨ। ਬੇਸ਼ੁਮਾਰ ਜਾਨਵਰ ਦੇਖਣ ਤੋਂ ਬਾਦ ਸਾਰੇ ਇੱਕ ਥਾਂ ਤੇ ਇਕੱਠੇ ਹੋ ਕੇ ਬੱਸ ਨੂੰ ਉਡੀਕਣ ਲੱਗੇ ਅਤੇ ਉਸ ਸਮੇਂ ਹੋਰ ਕਲੱਬਾਂ ਦੇ ਬਹੁਤ ਸਾਰੇ ਦੋਸਤਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ। ਰਾਹ ਵਿੱਚ ਹਾਸਾ ਠੱਠਾ ਕਰਦੇ ਹੋਏ ਖੁਸ਼ੀ ਭਰਿਆ ਦਿਨ ਗੁਜਾਰ ਕੇ ਵਾਪਸ ਆਪਣੇ ਆਹਲਣਿਆਂ ਵਿੱਚ ਪਰਤ ਆਏ।