Breaking News
Home / ਕੈਨੇਡਾ / ਫਾਦਰ ਟੌਬਿਨ ਕਲੱਬ ਵਲੋਂ ‘ਪਾ ਵਤਨਾਂ ਵੱਲ ਫੇਰਾ’ ਸਮਾਗਮ

ਫਾਦਰ ਟੌਬਿਨ ਕਲੱਬ ਵਲੋਂ ‘ਪਾ ਵਤਨਾਂ ਵੱਲ ਫੇਰਾ’ ਸਮਾਗਮ

ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਫਾਦਰ ਟੌਬਿਨ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਇੰਡੀਆ ਜਾ ਰਹੇ ਮੈਂਬਰਾਂ ਨੂੰ ਸ਼ੁਭ ਇਛਾਵਾਂ ਦੇਣ ਲਈ ‘ਪਾ ਵਤਨਾਂ ਵੱਲ ਫੇਰਾ’ ਸਮਾਗਮ ਆਯੋਜਿਤ ਕੀਤਾ ਗਿਆ। ਸਭ ਤੋਂ ਪਹਿਲਾਂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਏਅਰ ਮਾਰਸ਼ਲ ਸ: ਅਰਜਨ ਸਿੰਘ ਨੂੰ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉਸ ਤੋਂ ਬਾਅਦ ਏਅਰਫੋਰਸ ਦੇ ਰਿਟਾਇਰਡ ਸੈਨਿਕਾਂ ਬੰਤ ਸਿੰਘ ਰਾਉ ਅਤੇ ਬਚਿੱਤਰ ਸਿੰਘ ਸਰਾਂ ਨੇ ਉਹਨਾਂ ਦੇ ਜੀਵਨ, ਬਹਾਦਰੀ ਅਤੇ ਵਤਨ-ਪ੍ਰਸਤੀ ਬਾਰੇ ਖੁੱਲ੍ਹ ਕੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਏਅਰ ਮਾਰਸ਼ਲ ਅਰਜਨ ਸਿੰਘ ਭਾਵੇਂ ਸਰੀਰਕ ਤੌਰ ‘ਤੇ ਸਾਨੂੰ ਵਿਛੋੜਾ ਦੇ ਗਏ ਹਨ ਪਰ ਉਹਨਾਂ ਦਾ ਜੀਵਨ ਇਤਿਹਾਸ ਦਾ ਇੱਕ ਅੰਗ ਬਣ ਕੇ ਲੋਕਾਂ ਸੰਗ ਰਹੇਗਾ। ਸਾਬਕਾ ਪ੍ਰਧਾਨ ਕਰਤਾਰ ਸਿੰਘ ਚਾਹਲ ਨੇ ਅੇਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼, ਬਰੈਂਪਟਨ ਵਲੋਂ ਕਮਿਊਨਿਟੀ ਦੇ ਨਵੇਂ ਬਣੇ ਫਿਊਨਰਲ ਹੋਮ ਬਾਰੇ ਸਸਤੀਆਂ ਸੇਵਾਵਾਂ ਦੀ ਡੀਲ ਬਾਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਰਾਹੀਂ ਸਸਤੇ ਫਿਊਨਰਲ ਲਈ ਫਰੀ ਰਜਿਸਟਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ।
ਇਸ ਦੌਰਾਨ ਗੁਰਮੇਲ ਸਿੰਘ ਦੁਆਰਾ ਸਮਾਗਮ ਦੀ ਰੂਹ ਨੂੰ ਦਰਸਾਉਂਦਾ ਸ਼ਿਵ ਕੁਮਾਰ ਦਾ ਗੀਤ, ”ਪੀੜ ਤੇਰੇ ਜਾਣ ਦੀ’ ਗੀਤ ਇੰਡੀਆ ਜਾਣ ਵਾਲੇ ਮਿੱਤਰਾਂ ਦੇ ਵਿਛੋੜੇ ਦਾ ਦਰਦ ਮਹਿਸੂਸ ਕਰਵਾ ਗਿਆ। ਕੈਸ਼ੀਅਰ ਗੁਰਮੀਤ ਸਿੰਘ ਸੰਧੂ ਨੇ ਕਲੱਬ ਦਾ ਅਕਾਊਂਟ ਮੈਂਬਰਾਂ ਸਾਹਮਣੇ ਪੇਸ਼ ਕੀਤਾ। ਗੁਰਦੇਵ ਸਿੰਘ ਹੰਸਰਾ ਨੇ ਸਫਾਈ ਦੀ ਮਹੱਤਤਾ ਬਿਆਨਦੇ ਹੋਏ ਕਲੱਬ ਮੈਂਬਰਾਂ ਨੂੰ ਆਲੇ ਦੁਆਲਾ ਸਾਫ ਸੁਥਰਾ ਰੱਖਣ ਵਾਸਤੇ ਯੋਗਦਾਨ ਪਾਉਣ ਦੀ ਪ੍ਰੇਰਣਾ ਦਿੱਤੀ। ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਤੱਗੜ ਨੇ ਲੰਘੇ ਵਰ੍ਹੇ ਦੀ ਕਾਰਗੁਜ਼ਾਰੀ ਅਤੇ ਆਉਣ ਵਾਲੇ ਸਾਲ ਲਈ ਕਲੱਬ ਦੇ ਨਿਸ਼ਾਨੇ ਮੈਂਬਰਾਂ ਅੱਗੇ ਰੱਖੇ ਅਤੇ ਸਾਥ ਦੇਣ ਲਈ ਧੰਨਵਾਦ ਕੀਤਾ। ਸਟੇਜ ਸਕੱਤਰ ਸੰਪੂਰਨ ਸਿੰਘ ਚਾਨੀਆਂ ਨੇ ਸਾਰੇ ਪ੍ਰੋਗਰਾਮ ਦੀ ਲੜੀ ਨੂੰ ਕਵਿਤਾਵਾਂ, ਸ਼ੇਅਰਾਂ ਅਤੇ ਟਿੱਪਣੀਆਂ ਦੁਆਰਾ ਬੜੇ ਸਲੀਕੇ ਨਾਲ ਜੋੜੀ ਰੱਖਿਆ। ਸਾਰੇ ਬੁਲਾਰਿਆਂ ਨੇ ਇੰਡੀਆ ਜਾਣ ਵਾਲੇ ਮੈਂਬਰਾਂ ਦੀ ਤੰਦਰੁਸਤੀ ਅਤੇ ਰਾਜੀ ਖੁਸ਼ੀ ਵਾਪਸ ਪਰਤਣ ਲਈ ਸ਼ੁਭ ਇਛਾਵਾਂ ਦਿੱਤੀਆਂ।ਇਸ ਪ੍ਰੋਗਰਾਮ ਨੂੰ ਸਫਲ ਕਰਨ ਲਈ ਨਿਰਮਲ ਸਿੰਘ, ਪਿਸ਼ੌਰਾ ਸਿੰਘ ਚਾਹਲ, ਟਹਿਲ ਸਿੰਘ ਮੁੰਡੀ, ਬਲਬੀਰ ਸਿੰਘ ਧਾਲੀਵਾਲ, ਮੁਖਤਿਆਰ ਸਿੰਘ ਗਰੇਵਾਲ, ਭਜਨ ਕੌਰ, ਸੁਰਿੰਦਰ ਪੂੰਨੀਆਂ, ਬਲਵਿੰਦਰ ਤੱਗੜ ਅਤੇ ਅੰਮ੍ਰਿਤਪਾਲ ਚਾਹਲ ਨੇ ਵਾਲੰਟੀਅਰ ਦੇ ਤੌਰ ‘ਤੇ ਸਹਿਯੋਗ ਦੇ ਕੇ ਪ੍ਰੋਗਰਾਮ ਦੌਰਾਨ ਲਗਾਤਾਰ ਚਾਹ-ਪਾਣੀ ਨਾਲ ਸੇਵਾ ਜਾਰੀ ਰੱਖੀ। ਕਲੱਬ ਵਲੋਂ 8 ਅਕਤੂਬਰ ਦਿਨ ਐਤਵਾਰ ਨੂੰ 10 ਵਜੇ ਤੋਂ 12 ਵਜੇ ਤੱਕ ਗੁਰਦੁਆਰਾ ਸਿੱਖ ਹੈਰੀਟੇਜ ਮੇਅਫੀਲਡ ਵਿੱਚ ਕਰਵਾਏ ਜਾ ਰਹੇ ਸੁਖਮਨੀ ਸਾਹਿਬ ਦੇ ਪਾਠ ਵਿੱਚ ਸਾਰੇ ਪਰਿਵਾਰਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ।

Check Also

ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ

ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …