ਟੋਰਾਂਟੋ/ਬਿਊਰੋ ਨਿਊਜ਼ : ਮੂਵਿੰਗ ਓਨਟਾਰੀਅਨਜ਼ ਮੋਰ ਸੇਫਲੀ ਐਕਟ ਤਹਿਤ ਕੀਤੀਆਂ ਗਈਆਂ ਤਬਦੀਲੀਆਂ ਪਹਿਲੀ ਜੁਲਾਈ ਤੋਂ ਲਾਗੂ ਹੋ ਗਈਆਂ। ਓਨਟਾਰੀਓ ਦੀਆਂ ਕੁੱਝ ਸੜਕਾਂ ਉੱਤੇ ਡਰਾਈਵਰ ਮਿਥੀ ਗਈ ਸਪੀਡ ਦੀ ਹੱਦ ਨਾਲੋਂ ਕਿੰਨੀ ਵੱਧ ਸਪੀਡ ਨਾਲ ਡਰਾਈਵ ਕਰਨ ਨੂੰ ਸਟੰਟ ਡਰਾਈਵਿੰਗ ਮੰਨਿਆ ਜਾਵੇਗਾ ਇਸ ਨੂੰ ਵੀ ਇਸ ਐਕਟ ਵਿੱਚ ਸ਼ਾਮਲ ਕੀਤਾ ਗਿਆ ਹੈ। ਵੀਰਵਾਰ ਤੋਂ ਜੇ ਕੋਈ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ ਘੱਟ ਮਿਥੀ ਗਈ ਸਪੀਡ ਦੀ ਹੱਦ ਉੱਤੇ 40 ਕਿਲੋਮੀਟਰ ਪ੍ਰਤੀ ਘੰਟਾ ਜਾਂ ਮਿਥੀ ਗਈ ਸਪੀਡ ਦੀ ਹੱਦ ਤੋਂ ਵੱਧ ਉੱਤੇ ਡਰਾਈਵ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਸਟੰਟ ਡਰਾਈਵਿੰਗ ਮੰਨਿਆ ਜਾਵੇਗਾ। ਇਸ ਸਬੰਧ ਵਿੱਚ ਉਸ ਉੱਤੇ ਚਾਰਜਿਜ਼ ਵੀ ਲਾਏ ਜਾਣਗੇ। ਉਨ੍ਹਾਂ ਸੜਕਾਂ ਜਾਂ ਹਾਈਵੇਅਜ਼, ਜਿੱਥੇ ਸਪੀਡ ਲਿਮਿਟ 80 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਹੈ, ਲਈ ਵੀ ਇਹ ਨਿਯਮ ਇਹੀ ਰਹਿਣਗੇ। ਸਟੰਟ ਡਰਾਈਵਿੰਗ ਕਰਨ ਵਾਲੇ ਡਰਾਈਵਰਜ਼ ਨੂੰ ਹੁਣ ਸਖ਼ਤ ਜੁਰਮਾਨੇ ਕੀਤੇ ਜਾਣਗੇ। ਸਬੰਧਤ ਡਰਾਈਵਰ ਦਾ ਲਾਇਸੰਸ 30 ਦਿਨਾਂ ਲਈ ਰੱਦ ਕਰ ਦਿੱਤਾ ਜਾਵੇਗਾ ਤੇ 14 ਦਿਨਾਂ ਲਈ ਉਸ ਦੀ ਗੱਡੀ ਵੀ ਜ਼ਬਤ ਕਰ ਲਈ ਜਾਵੇਗੀ। ਇਸ ਤੋਂ ਪਹਿਲਾਂ ਇਹ ਜੁਰਮਾਨਾ ਇੱਕ ਹਫਤਾ ਸੀ। ਸਟੰਟ ਡਰਾਈਵਿੰਗ ਕਰਨ ਵਾਲਿਆਂ ਲਈ ਓਨਟਾਰੀਓ ਸਰਕਾਰ ਦੋਸ਼ੀ ਪਾਏ ਜਾਣ ਤੋਂ ਬਾਅਦ ਵੀ ਲਾਇਸੰਸ ਸਸਪੈਂਡ ਕਰਨ ਬਾਰੇ ਨਵੇਂ ਨਿਯਮ ਪੇਸ਼ ਕਰ ਰਹੀ ਹੈ : ੲਪਹਿਲੀ ਵਾਰੀ ਕਸੂਰਵਾਰ ਪਾਏ ਜਾਣ ਉੱਤੇ ਘੱਟ ਤੋਂ ਘੱਟ ਇੱਕ ਤੋਂ ਤਿੰਨ ਸਾਲ ਲਈ। ੲਦੂਜੀ ਵਾਰੀ ਕਸੂਰਵਾਰ ਪਾਏ ਜਾਣ ਉੱਤੇ ਘੱਟ ਤੋਂ ਘੱਟ ਤਿੰਨ ਸਾਲ ਤੋਂ 10 ਸਾਲ ਲਈ। ੲਤੀਜੀ ਵਾਰੀ ਕਸੂਰਵਾਰ ਪਾਏ ਜਾਣ ਉੱਤੇ ਜ਼ਿੰਦਗੀ ਭਰ ਲਈ ਲਾਇਸੈਂਸ ਸਸਪੈਂਡ ਹੋ ਸਕਦਾ ਹੈ ਜਿਸ ਨੂੰ ਕਿ ਬਾਅਦ ਵਿੱਚ ਨਿਯਮਾਂ ਮੁਤਾਬਕ ਘਟਾਇਆ ਵੀ ਜਾ ਸਕਦਾ ਹੈ। ੲਚੌਥੀ ਵਾਰੀ ਕਸੂਰਵਾਰ ਪਾਏ ਜਾਣ ਉੱਤੇ ਜ਼ਿੰਦਗੀ ਭਰ ਲਈ ਲਾਇਸੈਂਸ ਸਸਪੈਂਡ ਕੀਤਾ ਜਾ ਸਕਦਾ ਹੈ। ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਜਾਰੀ ਕੀਤੇ ਬਿਆਨ ਵਿੱਚ ਆਖਿਆ ਕਿ ਉਹ ਇਨ੍ਹਾਂ ਸਟੰਟ ਡਰਾਈਵਿੰਗ ਲਾਅਜ਼ ਵਿੱਚ ਕੀਤੀਆਂ ਤਬਦੀਲੀਆਂ ਦਾ ਸਮਰਥਨ ਕਰਦੇ ਹਨ।