ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ-ਗ੍ਰੰਥੀ ਸਿੰਘ ਸਾਹਿਬ ਜਸਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ
ਮਿਸੀਸਾਗਾ/ਡਾ.ਝੰਡ
ਹਰ ਸਾਲ ਵਾਂਗ ਇਸ ਵਾਰ ਵੀ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਯਾਦਗਾਰੀ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਸਮਾਗ਼ਮ 25 ਦਸੰਬਰ ਦਿਨ ਐਤਵਾਰ ਨੂੰ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਵਿਖੇ ਹਾਲ ਨੰਬਰ 3 ਅਤੇ 4 ਵਿੱਚ ਬੇਹੱਦ ਸ਼ਰਧਾ-ਪੂਰਵਕ ਮਨਾਇਆ ਗਿਆ। ਦੂਰ ਨੇੜੇ ਦੀਆਂ ਸੰਗਤਾਂ ਨੇ ਬੜੀ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ। ਸਵੇਰੇ 10.30 ਵਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ-ਪਾਠ ਦੇ ਭੋਗ ਤੋਂ ਬਾਅਦ ਸੱਭ ਤੋਂ ਪਹਿਲਾਂ ਛੋਟੇ-ਛੋਟੇ ਬੱਚਿਆਂ ਨੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕੀਤਾ। ਬੀਬੀਆਂ ਦੇ ਇੱਕ ਢਾਡੀ ਜੱਥੇ ਨੇ ਜੋਸ਼ੀਲੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਸਿੱਖ-ਇਤਿਹਾਸ ਨਾਲ ਜੋੜਿਆ। ਛੋਟੇ ਸਾਹਿਬਜ਼ਾਦਿਆਂ ਨੂੰ ‘ਸਰਹੰਦ ਦੀ ਦੀਵਾਰ’ ਵਿੱਚ ਜ਼ਿੰਦਾ ਚਿਣਾਏ ਜਾਣ ਸਬੰਧੀ ਇੱਕ ਬਹੁਤ ਹੀ ਸੰਵੇਦਨਸ਼ੀਲ ਕਵਿਤਾ ਨਿਰਮਲ ਸਿੰਘ ਵੱਲੋਂ ਗਾ ਕੇ ਸੁਣਾਈ ਗਈ। ਇਸ ਤੋਂ ਬਾਅਦ ਡਿਕਸੀ ਗੁਰੂਘਰ ਦੇ ਕੀਰਤਨੀ-ਜੱਥੇ ਭਾਈ ਹਰਪ੍ਰੀਤ ਸਿੰਘ ਜੀ ਦੇ ਰਾਗੀ-ਜੱਥੇ ਵੱਲੋਂ ਗੁਰਬਾਣੀ ਸ਼ਬਦਾਂ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ, ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ-ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਪਹਿਲਾਂ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੇ ਅਸਥਾਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ 8 ਸਾਲ ਕਥਾ ਦੀ ਸੇਵਾ ਨਿਭਾਈ ਤੇ ਫਿਰ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਵਿਖੇ 12 ਸਾਲ ਕਥਾਵਾਚਕ ਅਤੇ ਹੈੱਡ ਗ੍ਰੰਥੀ ਵਜੋਂ ਸੇਵਾ ਕਰਦੇ ਰਹੇ ਅਤੇ ਉਸ ਤੋਂ ਬਾਅਦ ਲੱਗਭੱਗ 15 ਸਾਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾਈ ਤੇ ਨਾਲ ਹੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਵੀ ਕਰਦੇ ਰਹੇ, ਨੇ ਇਸ ਸ਼ਹੀਦੀ ਸਮਾਗ਼ਮ ਵਿੱਚ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਦਿਆਂ ਕਰਦਿਆਂ ਹੋਇਆਂ ਆਪਣਾ ਸੰਬੋਧਨ ‘ਸ਼ਹੀਦਾਂ ਦੇ ਸਿਰਤਾਜ’ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹੀਦੀ ਤੋਂ ਸ਼ੁਰੂ ਕੀਤਾ। ਉਨ੍ਹਾਂ ਹਿੰਦੂ ਧਰਮ ਦੀ ਰੱਖਿਆ ਲਈ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਦੀ ਦਿੱਲੀ ਵਿਖੇ ਲਾਸਾਨੀ ਸ਼ਹੀਦੀ ਦਾ ਜ਼ਿਕਰ ਕਰਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆ ਅਤੇ ਮਾਤਾ ਗੁਜਰ ਕੋਰ ਜੀ ਦੇ ਜੀਵਨ ਇਤਿਹਾਸ ਅਤੇ ਸਿੱਖ ਕੌਮ ਲਈ ਉਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਬੜੇ ਹੀ ਭਾਵ-ਪੂਰਤ ਸ਼ਬਦਾਂ ਵਿੱਚ ਬਿਆਨ ਕੀਤਾ। ਸ਼ਹੀਦੀ ਸਮਾਗ਼ਮ ਦੀ ਸਮਾਪਤੀ ‘ਤੇ ਉਨ੍ਹਾਂ ਇਸ ਮੌਕੇ ਅਰਦਾਸ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ-ਵਾਕ ਵੀ ਉਨ੍ਹਾਂ ਵੱਲੋਂ ਹੀ ਲਿਆ ਗਿਆ।
Home / ਕੈਨੇਡਾ / ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਸਮਾਗ਼ਮ ਸੰਗਤਾਂ ਵੱਲੋਂ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
Check Also
ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …