Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਕੈਨੇਡਾ ‘ਚ ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਤੇ ਇਸ ਦੇ ਭਵਿੱਖ ਬਾਰੇ ਵਿਚਾਰਾਂ ਹੋਈਆਂ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਕੈਨੇਡਾ ‘ਚ ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਤੇ ਇਸ ਦੇ ਭਵਿੱਖ ਬਾਰੇ ਵਿਚਾਰਾਂ ਹੋਈਆਂ

ਬਰੈਂਪਟਨ/ਡਾ. ਝੰਡ
‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ 18 ਫ਼ਰਵਰੀ ਦਿਨ ਐਤਵਾਰ ਨੂੰ ਮਾਂ-ਬੋਲੀ ਪੰਜਾਬੀ ਦੀ ਕੈਨੇਡਾ ਵਿਚ ਅਜੋਕੀ ਸਥਿਤੀ ਅਤੇ ਇਸ ਦੇ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਗ਼ਮ ਦੇ ਮੁੱਖ-ਬੁਲਾਰੇ ਬਲਰਾਜ ਚੀਮਾ ਸਨ ਅਤੇ ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਡਾ. ਪ੍ਰਗਟ ਸਿੰਘ ਬੱਗਾ, ਡਾ. ਅਮਰਜੀਤ ਸਿੰਘ ਬਨਵੈਤ ਅਤੇ ਪੱਛਮੀ ਪੰਜਾਬ ਦੇ ਕਵੀ ਜਨਾਬ ਮਕਸੂਦ ਚੌਧਰੀ ਸੁਸ਼ੋਭਿਤ ਸਨ। ਮਲੂਕ ਸਿੰਘ ਕਾਹਲੋਂ ਵੱਲੋਂ ਆਏ ਮਹਿਮਾਨਾਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਮੰਚ-ਸੰਚਾਲਕ ਤਲਵਿੰਦਰ ਮੰਡ ਵੱਲੋਂ ਮੁੱਖ ਬੁਲਾਰੇ ਬਲਰਾਜ ਚੀਮਾ ਜੀ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਆਪਣੇ ਸੰਬੋਧਨ ਵਿਚ ਸੱਤਵੀ-ਅੱਠਵੀਂ ਸਦੀ ਵਿਚ ਪੰਜਾਬੀ ਨਾਥਾਂ ਤੇ ਜੋਗੀਆਂ ਦੀ ਬੋਲ-ਚਾਲ ਦੀ ਭਾਸ਼ਾ ਹੋਣ ਅਤੇ ਬਾਰ੍ਹਵੀਂ ਸਦੀ ਵਿਚ ਬਾਬਾ ਫ਼ਰੀਦ ਤੇ ਪੰਦਰਵੀਂ ਸਦੀ ਵਿਚ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੀ ਬਾਣੀ ਇਸ ਭਾਸ਼ਾ ਵਿਚ ਲਿਖਤੀ ਰੂਪ ਵਿਚ ਲਿਆਉਣ ਅਤੇ ਫਿਰ ਭਾਈ ਵੀਰ ਸਿੰਘ ਜੀ, ਗੁਰਬਖ਼ਸ਼ ਸਿੰਘ ‘ਪ੍ਰੀਤ ਲੜੀ’, ਨਾਨਕ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਗੁਰਚਰਨ ਰਾਮਪੁਰੀ, ਸੁਰਜੀਤ ਪਾਤਰ ਤੇ ਹੋਰ ਅਜੋਕੇ ਸਹਿਤਕਾਰਾਂ ਵੱਲੋਂ ਇਸ ਵਿਚ ਪਾਏ ਯੋਗਦਾਨ ਬਾਰੇ ਭਰਪੂਰ ਚਰਚਾ ਕੀਤੀ।
ਉਨ੍ਹਾਂ ਵੈਨਕੂਵਰ (ਬੀ.ਸੀ.) ਵਿਚ ‘ਪੰਜਾਬੀ ਲੈਂਗੂਏਜ ਲਰਨਿੰਗ ਐਂਡ ਐਜੂਕੇਸ਼ਨ ਐਸੋਸੀਏਸ਼ਨ’ (‘ਪਲੀ’) ਵੱਲੋਂ ਵੱਡਾ ਹੰਭਲਾ ਮਾਰ ਕੇ ਇਸ ਨੂੰ ਸਕੂਲਾਂ ਦੇ ਸਿਲੇਬਸ ਵਿਚ ਸ਼ਾਮਲ ਕਰਵਾਉਣ ਅਤੇ ਇਸ ਨੂੰ ਸੂਬੇ ਓਨਟਾਰੀਓ ਵਿਚ ਦੂਸਰੀ ਭਾਸ਼ਾ ਦਾ ਦਰਜਾ ਦਿਵਾਉਣ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇੱਥੇ ਟੋਰਾਂਟੋ ਵਿਚ ਵੀ ਸਾਨੂੰ ਅਜਿਹੇ ਯਤਨਾਂ ਦੀ ਲੋੜ ਹੈ ਤਾਂ ਹੀ ਭਵਿੱਖ ਵਿਚ ਅਸੀਂ ਪੰਜਾਬੀ ਬੋਲੀ ਨੂੰ ਅਗਲੀਆਂ ਪੀੜ੍ਹੀਆਂ ਨੂੰ ਟ੍ਰਾਂਸਫਰ ਕਰਕੇ ਕੈਨੇਡਾ ਵਿਚ ਜੀਵਿਤ ਰੱਖ ਸਕਾਂਗੇ। ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਹੋਇਆਂ ਸੁਖਦੇਵ ਸਿੰਘ ਝੰਡ ਨੇ ਬਰੈਂਪਟਨ ਅਤੇ ਇਸ ਦੇ ਆਸ-ਪਾਸ ਵਿਚਰ ਰਹੀਆਂ ਸਾਹਿਤ ਸਭਾਵਾਂ ਅਤੇ ਪੰਜਾਬੀ ਚਿੰਤਕਾਂ ਅਤੇ ਪ੍ਰੇਮੀਆਂ ਨੂੰ ਇਸ ਮੁੱਦੇ ‘ਤੇ ਇਕੱਠੇ ਹੋ ਕੇ ‘ਪਲੀ’ ਸੰਸਥਾ ਵਾਂਗ ਹੰਭਲਾ ਮਾਰਨ ਲਈ ਕਿਹਾ ਅਤੇ ਪੰਜਾਬੀ ਮਾਪਿਆਂ ਨੂੰ ਬਰੈਂਪਟਨ ਦੇ ਕਈ ਸਕੂਲਾਂ ਵਿਚ ਚੱਲ ਰਹੀਆਂ ਪੰਜਾਬੀ ਕਲਾਸਾਂ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਬੱਚਿਆਂ ਨੂੰ ਭੇਜਣ ਲਈ ਬੇਨਤੀ ਕੀਤੀ। ਮਲੂਕ ਸਿੰਘ ਕਾਹਲੋਂ ਨੇ ਇੱਥੇ ਪੰਜਾਬੀ ਭਾਸ਼ਾ ਨੂੰ ਰੋਜ਼ਗਾਰ ਨਾਲ ਜੋੜਨ ਦੀ ਗੱਲ ਕੀਤੀ ਅਤੇ ਇਕ ਉੱਚ-ਪੱਧਰੀ ਕਮੇਟੀ ਬਣਾ ਕੇ ਸਾਂਝੇ ਯਤਨਾਂ ਨਾਲ ਇਸ ਦਿਸ਼ਾ ਵਿਚ ਅੱਗੇ ਵੱਧਣ ਲਈ ਕਿਹਾ। ਭੁਪਿੰਦਰ ਦੁਲੇ ਨੇ ਸਾਂਝੀ ਕਮੇਟੀ ਦੇ ਸੁਝਾਅ ਦਾ ਸੁਆਗ਼ਤ ਕਰਦਿਆਂ ਹੋਇਆਂ ਇਸ ਦੇ ਲਈ ਆਪਣੀਆਂ ਸੇਵਾਵਾਂ ਹਾਜ਼ਰ ਕੀਤੀਆਂ।
ਪ੍ਰਧਾਨਗੀ-ਮੰਡਲ ਵਿਚ ਸ਼ਾਮਲ ਡਾ. ਅਮਰਜੀਤ ਸਿੰਘ ਬਨਵੈਤ, ਡਾ. ਪ੍ਰਗਟ ਸਿੰਘ ਬੱਗਾ ਤੇ ਮਕਸੂਦ ਚੌਧਰੀ ਸਮੇਤ ਦਰਸ਼ਨ ਸਿੰਘ ਗਰੇਵਾਲ, ਸੁੰਦਰਪਾਲ ਰਾਜਾਸਾਂਸੀ ਤੇ ਅਮਰਜੀਤ ਪੰਛੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਵਿਚਾਰ-ਚਰਚਾ ਉਪਰੰਤ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਵੱਲੋਂ ਇਕ ਕਮੇਟੀ ਦਾ ਗਠਨ ਕੀਤਾ ਗਿਆ ਜੋ ਜੀ.ਟੀ.ਏ. ਵਿਚ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਵੈਨਕੂਵਰ (ਬੀ.ਸੀ.) ਦੀ ਸੰਸਥਾ ‘ਪਲੀ’ ਵਾਂਗ ਕੰਮ ਕਰੇਗੀ। ਫ਼ਿਲਹਾਲ, ਇਸ ਵਿਚ ਕੰਪਿਊਟਰ-ਮਾਹਿਰ ਕ੍ਰਿਪਾਲ ਸਿੰਘ ਪੰਨੂ, ਡਾ. ਅਮਰਜੀਤ ਸਿੰਘ ਬਨਵੈਤ, ਡਾ. ਪ੍ਰਗਟ ਸਿੰਘ ਬੱਗਾ, ਭੁਪਿੰਦਰ ਦੁਲੇ, ਇਕਬਾਲ ਬਰਾੜ ਤੇ ਅਮਰਜੀਤ ਕੌਰ ਪੰਛੀ ਦੇ ਨਾਂ ਸ਼ਾਮਲ ਕੀਤੇ ਗਏ ਅਤੇ ਇਹ ਕਮੇਟੀ ਅੱਗੋਂ ਹੋਰ ਵੀ ਮੈਂਬਰ ਆਪਣੇ ਨਾਲ ਸ਼ਾਮਲ ਕਰ ਸਕਦੀ ਹੈ।
ਸਮਾਗ਼ਮ ਦੇ ਦੂਸਰੇ ਭਾਗ ਵਿਚ ਪਰਮਜੀਤ ਸਿੰਘ ਢਿੱਲੋਂ ਨੇ ਮੰਚ-ਸੰਚਾਲਨ ਦਾ ਕਾਰਜ ਸੰਭਾਲਦਿਆਂ ਹੋਇਆਂ ਸੱਭ ਤੋਂ ਪਹਿਲਾਂ ਇਕਬਾਲ ਬਰਾੜ ਨੂੰ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਵਿਚ ਪੰਜਾਬੀ ਮਾਂ-ਬੋਲੀ ਸਬੰਧੀ ਖ਼ੂਬਸੂਰਤ ਗੀਤ ਪੇਸ਼ ਕੀਤਾ। ਉਪਰੰਤ, ਭੁਪਿੰਦਰ ਦੁਲੇ, ਗਿਆਨ ਸਿੰਘ ਦਰਦੀ, ਪ੍ਰਗਟ ਸਿੰਘ ਬੱਗਾ, ਤਲਵਿੰਦਰ ਮੰਡ, ਸੁਖਦੇਵ ਝੰਡ, ਮਕਸੂਦ ਚੌਧਰੀ, ਸੁੰਦਰਪਾਲ ਰਾਜਾਸਾਂਸੀ, ਅਮਰਜੀਤ ਪੰਛੀ, ਹਰਜਸਪ੍ਰੀਤ ਗਿੱਲ, ਹਰਦਿਆਲ ਝੀਤਾ, ਹਰਜਿੰਦਰ ਸਿੰਘ ਨੇ ਆਪਣੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਪੇਸ਼ ਕੀਤੀਆਂ। ਇਨ੍ਹਾਂ ਤੋਂ ਇਲਾਵਾ ਪਿਆਰਾ ਸਿੰਘ ਤੂਰ ਅਤੇ ਬਲਦੇਵ ਦੂਹੜੇ ਨੇ ਵੀ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਉੱਘੇ ਗ਼ਜ਼ਲ-ਗਾਇਕ ਸੰਨੀ ਸ਼ਿਵਰਾਜ ਨੇ ਦੋ ਗ਼ਜ਼ਲਾਂ ਅਤੇ ਪਰਮਜੀਤ ਢਿੱਲੋਂ ਨੇ ਆਪਣੀ ਇਕ ਤਾਜ਼ਾ ਗ਼ਜ਼ਲ ਗਾ ਕੇ ਹਾਜ਼ਰੀਨ ਦਾ ਖ਼ੂਬ ਮਨੋਰੰਜਨ ਕੀਤਾ। ਅਖ਼ੀਰ ਵਿਚ ਸਭਾ ਦੇ ਚੇਅਰਪਰਸਨ ਬਲਰਾਜ ਚੀਮਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਹਾਜ਼ਰੀਨ ਨੇ ਪੰਜਾਬੀ ਭਾਸ਼ਾ ਬਾਰੇ ਖ਼ੁਸ਼ਕ ਵਿਚਾਰ-ਚਰਚਾ ਨੂੰ ਵੀ ਬੜੇ ਧਿਆਨ ਨਾਲ ਸੁਣਿਆ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਭਾ ਅੱਗੋਂ ਵੀ ਅਜਿਹੇ ਗੰਭੀਰ ਮੁੱਦਿਆਂ ‘ਤੇ ਚਰਚਾ ਕਰਵਾਉਂਦੀ ਰਹੇਗੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …