ਟੋਰਾਂਟੋ/ਬਿਊਰੋ ਨਿਊਜ਼ : ਇਸ ਸਤੰਬਰ ਮਹੀਨੇ ਉਨਟਾਰੀਓ ਦੇ ਸਕੂਲਾਂ ਵਿੱਚ ਐਕਸਟ੍ਰਾਕਰੀਕੁਲਰ ਐਕਟੀਵਿਟੀਜ਼, ਸਪੋਰਟਸ ਟੀਮਾਂ ਤੇ ਕਲੱਬਜ਼ ਦੀ ਇੱਕ ਵਾਰੀ ਮੁੜ ਪੇਸ਼ਕਸ਼ ਕੀਤੀ ਜਾਵੇਗੀ। ਜਿਵੇਂ ਕਿ ਪ੍ਰੋਵਿੰਸ ਭਰ ਵਿੱਚ ਸਰਕਾਰ ਇੱਕ ਵਾਰੀ ਫਿਰ ਵਿਦਿਆਰਥੀਆਂ ਨੂੰ ਨੌਰਮਲ ਸਿੱਖਿਆ ਦਾ ਤਜਰਬਾ ਦੇਣਾ ਚਾਹੁੰਦੀ ਹੈ। ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਖੁਲਾਸਾ ਕੀਤਾ ਕਿ ਸਤੰਬਰ ਵਿੱਚ ਫੁੱਲ ਟਾਈਮ ਇਨ ਕਲਾਸ ਲਰਨਿੰਗ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸੋਧੀਆਂ ਹੋਈਆਂ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ। ਜਦੋਂ ਤੱਕ ਕਮਿਊਨਿਟੀ ਵਿੱਚ ਮਹਾਂਮਾਰੀ ਨਿਯੰਤਰਣ ਵਿੱਚ ਰਹੇਗੀ ਅਜਿਹੀਆਂ ਸੋਧੀਆਂ ਹੋਈਆਂ ਗਤੀਵਿਧੀਆਂ ਜਾਰੀ ਰਹਿਣਗੀਆਂ। ਅਸੀਂ ਐਕਸਟ੍ਰਾਕਰੀਕੁਲਰ ਗਤੀਵਿਧੀਆਂ ਤੇ ਸਪੋਰਟਸ ਕਲੱਬ ਆਦਿ ਜਾਰੀ ਰੱਖਣਾ ਚਾਹੁੰਦੇ ਹਾਂ। ਪਿਛਲੇ ਸਾਲ ਸਤੰਬਰ ਵਿੱਚ ਜਦੋਂ ਵਿਦਿਆਰਥੀ ਕਲਾਸਾਂ ਵਿੱਚ ਪਰਤੇ ਸਨ ਤਾਂ ਐਕਸਟ੍ਰਾਕਰੀਕੁਲਰ ਗਤੀਵਿਧੀਆਂ ਨੂੰ ਇੱਕ ਤਰ੍ਹਾਂ ਪਾਸੇ ਹੀ ਕਰ ਦਿੱਤਾ ਗਿਆ ਸੀ। ਫਿਰ ਦੂਜੀ ਤੇ ਤੀਜੀ ਵੇਵ ਦੌਰਾਨ ਤਾਂ ਇਨ ਕਲਾਸ ਲਰਨਿੰਗ ਹੀ ਪ੍ਰਭਾਵਿਤ ਹੋ ਗਈ। ਹੁਣ ਜਦੋਂ ਪ੍ਰੋਵਿੰਸ ਤੇ ਪਬਲਿਕ ਹੈਲਥ ਅਧਿਕਾਰੀ ਸਕੂਲਾਂ ਨੂੰ ਮੁੜ ਖੋਲ੍ਹਣ ਦੀ ਤਿਆਰੀ ਕਰ ਰਹੇ ਹਨ ਤਾਂ ਲਿਚੇ ਦਾ ਕਹਿਣਾ ਹੈ ਕਿ ਪ੍ਰੋਵਿੰਸ ਸੇਫ ਤੇ ਸਕਾਰਾਤਮਕ ਲਰਨਿੰਗ ਤਜਰਬਾ ਚਾਹੁੰਦਾ ਹੈ। ਨੌਰਮਲ ਹਾਲਾਤ ਕਿਹੋ ਜਿਹੇ ਹੋਣਗੇ ਇਸ ਬਾਰੇ ਪੁੱਛੇ ਜਾਣ ਉੱਤੇ ਲਿਚੇ ਨੇ ਆਖਿਆ ਕਿ ਇਹ ਸੱਭ ਬੱਚਿਆਂ ਤੇ ਟੀਨੇਜਰਜ਼ ਵੱਲੋਂ ਸਤੰਬਰ ਤੋਂ ਪਹਿਲਾਂ ਕਰਵਾਏ ਜਾਣ ਵਾਲੇ ਟੀਕਾਕਰਣ ਉੱਤੇ ਨਿਰਭਰ ਕਰੇਗਾ। ਇਸ ਸਮੇਂ 12 ਤੋਂ 17 ਸਾਲ ਦੇ 60 ਫੀਸਦੀ ਬੱਚੇ ਅੰਸ਼ਕ ਤੌਰ ਉੱਤੇ ਟੀਕਾਕਰਣ ਕਰਵਾ ਚੁੱਕੇ ਹਨ ਜਦਕਿ 11 ਫੀਸਦੀ ਨੂੰ ਵੈਕਸੀਨ ਦੇ ਦੋਵੇਂ ਸ਼ੌਟ ਲੱਗ ਚੁੱਕੇ ਹਨ। ਲਿਚੇ ਨੇ ਆਖਿਆ ਕਿ ਸਕੂਲਾਂ ਲਈ ਪਲੈਨ ਕੁੱਝ ਹਫਤਿਆਂ ਵਿੱਚ ਜਨਤਕ ਕਰ ਦਿੱਤਾ ਜਾਵੇਗਾ।