ਬਰੈਂਪਟਨ/ਡਾ. ਝੰਡ
ਵਾਰਡ ਨੰਬਰ 9-10 ਤੋਂ ਸਿਟੀ ਕਾਊਂਸਲਰ ਲਈ ਚੋਣ ਲੜ ਰਹੇ ਉਮੀਦਵਾਰ ਹਰਕੀਰਤ ਸਿੰਘ ਵੱਲੋਂ 50 ਸੰਨੀਮੈਡੋ ਸਥਿਤ ਮੈਡੀਕਲ ਆਫ਼ਿਸਜ਼ ਬਿਲਡਿੰਗ ਦੀ ਗਰਾਊਂਡ ਫ਼ਲੋਰ ‘ਤੇ ਪਿਛਲੇ ਲਗਭੱਗ ਤਿੰਨ ਹਫ਼ਤਿਆਂ ਤੋਂ ਚੱਲ ਰਹੇ ਚੋਣ-ਦਫ਼ਤਰ ਦਾ ਬਾ-ਕਾਇਦਾ ਰਸਮੀ-ਉਦਘਾਟਨ ਕੀਤਾ ਗਿਆ। ਇਸ ਮੌਕੇ ਬਰੈਂਪਟਨ ਦੀ ਮੌਜੂਦਾ ਮੇਅਰ ਜੋ ਅਗਲੀ ਟੱਰਮ ਲਈ ਵੀ ਉਮੀਦਵਾਰ ਹਨ, ਉਚੇਚੇ ਤੌਰ ‘ਤੇ ਇਸ ਸਮਾਗ਼ਮ ਵਿਚ ਸ਼ਿਰਕਤ ਕਰਨ ਲਈ ਪਹੁੰਚੇ। ਇਸ ਮੌਕੇ ਸ਼ਹਿਰ ਦੀਆਂ ਕਈ ਸਮਾਜਿਕ ਤੇ ਸਿਆਸੀ ਸ਼ਖ਼ਸੀਅਤਾਂ ਅਤੇ 22 ਅਕਤੂਬਰ ਨੂੰ ਹੋ ਰਹੀਆਂ ਚੋਣਾਂ ਵਿਚ ਵੱਖ ਅਹੁਦਿਆਂ ਲਈ ਖੜ੍ਹੇ ਉਮੀਦਵਾਰਾਂ ਨੇ ਵੀ ਇਸ ਵਿਚ ਆਪਣੀ ਹਾਜ਼ਰੀ ਲੁਆਈ। ਇਸ ਤੋਂ ਇਲਾਵਾ ਸੀਨੀਅਰਜ਼ ਕਲੱਬਾਂ ਦੇ ਬਹੁਤ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਇਸ ਮੌਕੇ ਰੌਣਕ ਵਿਚ ਵਾਧਾ ਕੀਤਾ।
ਇਸ ਮੌਕੇ ਇਕੱਤਰ ਹੋਏ ਸ਼ਾਨਦਾਰ ਇਕੱਠ ਨੂੰ ਸੰਬੋਧਨ ਕਰਦਿਆਂ ਹਰਕੀਰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਚਾਰ ਸਾਲ ਸਕੂਲ-ਟਰੱਸਟੀ ਵਜੋਂ ਪੂਰੀ ਮਿਹਨਤ ਅਤੇ ਦਿਆਨਤਦਾਰੀ ਨਾਲ ਕੰਮ ਕੀਤਾ ਹੈ। ਮੈਂ ਵਿਦਿਆਰਥੀਆਂ ਦੇ ਮਾਪਿਆਂ ਦੇ ਤੌਖਲੇ ਅਤੇ ਸ਼ਿਕਾਇਤਾਂ ਸਕੂਲਾਂ ਦੀਆਂ ਮੈਨੇਜਮੈਂਟਾਂ ਅਤੇ ਪੀਲ ਐਜੂਕੇਸ਼ਨ ਬੋਰਡ ਨਾਲ ਸਾਂਝੀਆਂ ਕੀਤੀਆਂ ਹਨ ਅਤੇ ਉੱਥੇ ਹੋਈਆਂ ਮੀਟਿੰਗਾਂ ਵਿਚ ਆਪਣੇ ਵਿਚਾਰ ਖੁੱਲ੍ਹ ਕੇ ਪੇਸ਼ ਕੀਤੇ ਹਨ। ਇਸ ਤੋਂ ਇਲਾਵਾ ਸਮਾਜ ਦੇ ਵੱਖ-ਵੱਖ ਵਰਗਾਂ ਭਾਵੇਂ ਉਹ ਸੀਨੀਅਜ਼ ਦੀਆਂ ਕਲੱਬਾਂ ਹੋਣ ਜਾਂ ਫਿਰ ਖੇਡ ਅਤੇ ਮਨੋਰੰਜਨ ਕਲੱਬਾਂ ਹੋਣ, ਉਨ੍ਹਾਂ ਨਾਲ ਮੇਰਾ ਪੂਰਾ ਰਾਬਤਾ ਰਿਹਾ ਹੈ। ਹੁਣ ਜੇਕਰ ਮੈਨੂੰ ਚੁਣ ਕੇ ਬਰੈਂਪਟਨ ਦੇ ਸਿਟੀ ਹਾਲ ਵਿਖੇ ਭੇਜਿਆ ਜਾਂਦਾ ਹੈ ਤਾਂ ਮੈਂ ਉੱਥੇ ਵੀ ਆਪਣੀ ਬਣਦੀ ਭੁਮਿਕਾ ਲੋਕਾਂ ਦੀਆਂ ਆਸਾਂ ਉਮੀਦਾਂ ਅਨੁਸਾਰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਇੱਥੇ ਇਹ ਜ਼ਿਕਰਯੋਗ ਹੈ ਕਿ ਹਰਕੀਰਤ ਸਿੰਘ ਨੇ ਇਸ ਟੱਰਮ ਵਿਚ ਇਸ ਵਾਰਡ 9-10 ਤੋਂ ਸਕੂਲ-ਟਰੱਸਟੀ ਵਜੋਂ ਬਾਖ਼ੂਬੀ ਕੰਮ ਕੀਤਾ ਹੈ ਅਤੇ ਇਸ ਨਾਲ ਉਨ੍ਹਾਂ ਦੀ ਇਸ ਹਲਕੇ ਵਿਚ ਕਾਫ਼ੀ ਜਾਣ-ਪਛਾਣ ਅਤੇ ਲੋਕ-ਪ੍ਰੀਅਤਾ ਬਣੀ ਹੈ। ਉਹ ਵਿਦਿਆਰਥੀਆਂ ਦੇ ਮਾਪਿਆਂ ਅਤੇ ਪੀਲ ਡਿਸਟ੍ਰਿਕਟ ਐਜੂਕੇਸ਼ਨ ਬੋਰਡ ਵਿਚਕਾਰ ਇਕ ਵਧੀਆ ਕੜੀ ਵਜੋਂ ਵਿਚਰਦੇ ਰਹੇ ਹਨ। ਇਸ ਤੋਂ ਇਲਾਵਾ ਉਹ ਸੀਨੀਅਰਜ਼ ਕਲੱਬਾਂ ਅਤੇ ਖੇਡ ਕਲੱਬਾਂ ਦੇ ਵੱਖ-ਵੱਖ ਸਮਾਗ਼ਮਾਂ ਵਿਚ ਵੀ ਭਰਪੂਰ ਹਾਜ਼ਰੀ ਲੁਆਉਂਦੇ ਰਹੇ ਹਨ ਜਿਸ ਦੀ ਭਰਪੂਰ ਝਲਕ ਇਸ ਸਮਾਗ਼ਮ ਵਿਚ ਇਨ੍ਹਾਂ ਕਲੱਬਾਂ ਦੇ ਮੈਂਬਰਾਂ ਦੀ ਵੱਡੀ ਹਾਜ਼ਰੀ ਭਲੀ-ਭਾਂਤ ਦਰਸਾ ਰਹੀ ਸੀ। ਇਨ੍ਹਾਂ ਕਲੱਬਾਂ ਦੇ ਅਹੁਦੇਦਾਰ ਪਰਮਜੀਤ ਸਿੰਘ ਬੜਿੰਗ, ਜਗਜੀਤ ਸਿੰਘ ਗਰੇਵਾਲ, ਦਰਸ਼ਨ ਸਿੰਘ ਗਰੇਵਾਲ, ਕਰਤਾਰ ਸਿੰਘ ਚਾਹਲ, ਗੁਰਦੇਵ ਸਿੰਘ ਹੰਸਰਾ, ਅਵਤਾਰ ਸਿੰਘ ਤੱਖਰ ਅਤੇ ਉਨ੍ਹਾਂ ਦੇ ਕਈ ਸਾਥੀ ਇਸ ਸਮਾਗ਼ਮ ਦੀ ਸ਼ਾਨ ਬਣੇ ਹੋਏ ਸਨ। ਇਨ੍ਹਾਂ ਤੋਂ ਇਲਾਵਾ ਕਮਿਊਨਿਟੀ ਦੀਆਂ ਅਹਿਮ ਸ਼ਖ਼ਸੀਅਤਾਂ ਅਵਤਾਰ ਸਿੰਘ ਪੁੰਨੀਆ, ਸੁਖਮਿੰਦਰ ਸਿੰਘ ਹੰਸਰਾ, ਵਿਪਨਦੀਪ ਸਿੰਘ ਮਰੋਕ, ਪਰਮਜੀਤ ਸਿੰਘ ਬਿਰਦੀ, ਡਾ. ਗੁਰਨਾਮ ਸਿੰਘ ਢਿੱਲੋਂ, ਪ੍ਰੋ. ਜਗੀਰ ਸਿੰਘ ਕਾਹਲੋਂ, ਬਲਦੇਵ ਸਿੰਘ ਬਰਾੜ ਸਮੇਤ ਕਈ ਹੋਰ ਸ਼ਾਮਲ ਸਨ। ਇਸ ਮੌਕੇ ਇਲੈੱਕਟ੍ਰਾਨਿਕ ਅਤੇ ਪ੍ਰਿੰਟ ਮੀਡੀਏ ਨੇ ਵੀ ਭਰਪੂਰ ਹਾਜ਼ਰੀ ਲੁਆਈ। ਇਸ ਦੌਰਾਨ ਚਾਹ-ਪਾਣੀ, ਪੀਜ਼ਾ, ਮਠਿਆਈਆਂ ਅਤੇ ਖਾਣ-ਪੀਣ ਦਾ ਸਿਲਸਿਲਾ ਲਗਾਤਾਰ ਚੱਲਦਾ ਰਿਹਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …