ਓਨਟਾਰੀਓ : ਕਰੋਨਾ ਵਾਇਰਸ ਕਾਰਨ ਕੈਨੇਡਾ ਦੇ ਵਿਗੜੇ ਅਰਥਚਾਰੇ ਨੂੰ ਮੁੜ ਖੋਲ੍ਹਣ ਦੇ ਅਗਲੇ ਪੜਾਅ ਵਿੱਚ ਦਾਖਲ ਹੋਣਾ ਸੁਰੱਖਿਅਤ ਹੋਵੇਗਾ ਜਾਂ ਨਹੀਂ ਇਹ ਪਤਾ ਲਾਉਣ ਲਈ ਪਬਲਿਕ ਹੈਲਥ ਅਧਿਕਾਰੀਆਂ ਨੂੰ ਘੱਟੋ ਘੱਟ ਇੱਕ ਹਫਤਾ ਹੋਰ ਕੋਵਿਡ-19 ਡਾਟਾ ਦਾ ਮੁਲਾਂਕਣ ਕਰਨਾ ਹੋਵੇਗਾ। ਹਾਲਾਂਕਿ ਸਾਰਾ ਪ੍ਰੋਵਿੰਸ ਹੀ ਹੁਣ ਦੂਜੇ ਪੜਾਅ ਵਿੱਚ ਪਹੁੰਚ ਚੁੱਕਿਆ ਹੈ, ਇਸ ਤੋਂ ਭਾਵ ਹੈ ਕਿ ਬਹੁਤੇ ਕਾਰੋਬਾਰਾਂ ਨੂੰ ਖੁੱਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਤੇ ਰੈਸਟੋਰੈਂਟਸ ਆਪਣੇ ਪੈਟੀਓਜ਼ ਵਿੱਚ ਖਾਣਾ ਖੁਆ ਸਕਦੇ ਹਨ ਪਰ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਉਹ ਹੋਰ ਪਾਬੰਦੀਆਂ ਹਟਾਉਣ ਲਈ ਸਾਰਿਆਂ ਦੀ ਕਾਹਲ ਨੂੰ ਸਮਝ ਸਕਦੇ ਹਨ। ਕਲ੍ਹ ਕੁਈਨਜ਼ ਪਾਰਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲੀਅਟ ਨੇ ਆਖਿਆ ਕਿ ਦੂਜੇ ਪੜਾਅ ਵਿੱਚ ਵੀ ਸੱਭ ਕੁੱਝ ਠੀਕ ਚੱਲ ਰਿਹਾ ਹੈ, ਪਰ ਅਸੀਂ ਅੱਗੇ ਵਧਣ ਤੋਂ ਪਹਿਲਾਂ ਅਜੇ ਇਹ ਵੇਖਣਾ ਚਾਹੁੰਦੇ ਹਾਂ ਕਿ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਤਾਂ ਕੋਈ ਲੋੜ ਨਹੀਂ ਹੈ।
ਉਨ੍ਹਾਂ ਆਖਿਆ ਕਿ ਅਸੀਂ ਇਸ ਸਬੰਧ ਵਿੱਚ ਗੱਲਬਾਤ ਵੀ ਕਰ ਰਹੇ ਹਾਂ। ਅਸੀਂ ਇਹ ਵੀ ਸਮਝਣਾ ਚਾਹੁੰਦੇ ਹਾਂ ਕਿ ਸਾਨੂੰ ਇਹ ਪੂਰੇ ਪ੍ਰੋਵਿੰਸ ਵਿੱਚ ਕਰਨਾ ਚਾਹੀਦਾ ਹੈ ਜਾਂ ਰੀਜਨਲ ਪੱਧਰ ਉੱਤੇ ਕਰਨਾ ਚਾਹੀਦਾ ਹੈ।
ਸਾਨੂੰ ਆਸ ਹੈ ਕਿ ਅਸੀਂ ਜਲਦ ਤੋਂ ਜਲਦ ਅਗਲੇ ਪੜਾਅ ਵਿੱਚ ਦਾਖਲ ਹੋ ਜਾਵਾਂਗੇ। ਇਸ ਦੌਰਾਨ ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਡਾ. ਥੈਰੇਸਾ ਟੈਮ ਨੇ ਆਖਿਆ ਕਿ ਕੈਨੇਡਾ ਵਿੱਚ ਭਾਵੇਂ ਕੋਵਿਡ-19 ਦੇ ਮਾਮਲਿਆਂ ਵਿੱਚ ਗਿਰਾਵਟ ਆਈ ਹੈ ਪਰ ਕਈ ਹੋਰਨਾਂ ਦੇਸ਼ਾਂ ਵਿੱਚ ਸੰਕ੍ਰਮਣ ਦੇ ਮਾਮਲਿਆਂ ਵਿੱਚ ਮੁੜ ਹੋਏ ਵਾਧੇ ਤੋਂ ਸਾਨੂੰ ਸਬਕ ਸਿੱਖਣਾ ਚਾਹੀਦਾ ਹੈ ਕਿ ਇਹ ਵਾਇਰਸ ਕਿੰਨੀ ਤੇਜੀ ਨਾਲ ਫੈਲ ਸਕਦਾ ਹੈ। ਸਾਨੂੰ ਚੌਕਸ ਰਹਿਣਾ ਚਾਹੀਦਾ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …