ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪਿਛਲੇ ਤਿੰਨ-ਚਾਰ ਸਾਲ ਤੋਂ ਸਰਗ਼ਰਮੀ ਨਾਲ ਵਿਚਰ ਰਹੀ ਪੀਐੱਸਬੀ ਸੀਨੀਅਰਜ਼ ਕਲੱਬ ਵੱਲੋਂ ਪਹਿਲੀ ਜੁਲਾਈ ਵਾਲੇ ਦਿਨ ਸ਼ਾਨਦਾਰ ਜ਼ੂਮ ਸਮਾਗ਼ਮ ਕਰਕੇ ‘ਕੈਨੇਡਾ ਡੇਅ’ ਮਨਾਇਆ ਗਿਆ। ਪ੍ਰੋਗਰਾਮ ਦੇ ਆਰੰਭ ਵਿਚ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਖੱਖ ਵੱਲੋਂ ਸਮੂਹ ਮੈਂਬਰਾਂ ਨੂੰ ਜੀ-ਆਇਆਂ ਕਿਹਾ ਗਿਆ ਅਤੇ ਉਨ੍ਹਾਂ ਨਾਲ ਦੇ ‘ਕੈਨੇਡਾ ਡੇਅ’ ਦੀਆਂ ਵਧਾਈਆਂ ਸਾਂਝੀਆਂ ਕਰਦਿਆਂ ਕਲੱਬ ਦੇ ਮਨੋਰਥਾਂ ਉੱਪਰ ਚਾਨਣਾ ਪਾਇਆ ਗਿਆ। ਉਪਰੰਤ, ਸਕੱਤਰ ਹਰਚਰਨ ਸਿੰਘ ਵੱਲੋਂ ਸਮਾਗ਼ਮ ਦੀ ਰੂਪ-ਰੇਖਾ ਅਤੇ ਬੁਲਾਰਿਆਂ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੀ ਬਾਕਾਇਦਾ ਸ਼ੁਰੂਆਤ ਸ਼੍ਰੀਮਤੀ ਗਲੋਰੀ ਗੁਲਿਆਨੀ ਵੱਲੋਂ ਗਾਏ ਗਏ ਕੈਨੇਡਾ ਦੇ ਰਾਸ਼ਟਰੀ-ਗੀਤ ‘ਓ-ਕੈਨੇਡਾ’ ਨਾਲ ਕੀਤੀ ਗਈ। ਉਨ੍ਹਾਂ ਤੋਂ ਬਾਅਦ ਸੁਖਜੀਤ ਕੌਰ ਬੱਲ ਅਤੇ ਮੀਤਾ ਖੰਨਾ ਨੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਵਿਚ ਪੰਜਾਬੀ ਗੀਤ ਸੁਣਾਏ। ਕਲੱਬ ਦੇ ਸਰਗ਼ਰਮ ਮੈਂਬਰ ਰਾਮ ਸਿੰਘ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਲਾਭ ਦੱਸਦਿਆਂ ਹੋਇਆਂ ਇਸ ਦੇ ਬਾਰੇ ਮੈਂਬਰਾਂ ਨੂੰ ਵੱਡਮੁੱਲੀ ਜਾਣਕਾਰੀ ਕੀਤੀ। ਏਸੇ ਤਰ੍ਹਾਂ ਸੁਖਦੇਵ ਸਿੰਘ ਬੇਦੀ ਵੱਲੋਂ ਕੈਨੇਡਾ ਦੇ ਇਤਿਹਾਸ ਅਤੇ ਭੂਗੋਲ ਬਾਰੇ ਜਾਣਕਾਰੀ ਬੜੇ ਵਧੀਆ ਢੰਗ ਨਾਲ ਸਾਂਝੀ ਕੀਤੀ ਗਈ। ਡਾ. ਸੁਖਦੇਵ ਸਿੰਘ ਝੰਡ ਨੇ ਕੈਨੇਡਾ ਦੇ ਬਹੁ-ਕੌਮੀ ਤੇ ਬਹੁ-ਭਾਸ਼ਾਈ ਸੱਭਿਆਚਾਰ ਅਤੇ ਇਸ ਦੀਆਂ ਸੁਚੱਜੀਆਂ ਕਦਰਾਂ-ਕੀਮਤਾਂ ਦਾ ਜ਼ਿਕਰ ਕਰਦਿਆਂ ਹੋਇਆਂ ਵੱਖ-ਵੱਖ ਦੇਸ਼ਾਂ ਤੋਂ ਆਏ ਇਮੀਗਰੈਂਟਾਂ ਨੂੰ ਇਨ੍ਹਾਂ ਵਿਚ ਸਹੀ ਤਰੀਕੇ ਨਾਲ ਸਮਾਉਣ ਦੀ ਗੱਲ ਕੀਤੀ।ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਹਿੰਸਕ-ਕਾਰਵਾਈਆਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਨ੍ਹਾਂ ਦੇ ਸੇਵਨ ਤੋਂ ਦੂਰ ਰਹਿਣ ਦੀ ਵੀ ਬੇਨਤੀ ਕੀਤੀ। ਮਲੂਕ ਸਿੰਘ ਕਾਹਲੋਂ ਨੇ ਵੱਲੋਂ ਕੈਨੇਡਾ-ਵਾਸੀਆਂ ਨੂੰ ਉਪਲੱਭਧ ਖ਼ੂਬਸੂਰਤ ਕੁਦਰਤੀ-ਦਾਤਾਂ ਬਾਰੇ ਆਪਣੀ ਕਵਿਤਾ ਸੁਣਾਈ। ਇਸ ਦੌਰਾਨ ਸ਼੍ਰੀਮਤੀ ਨੀਲਮ ਮਹਿੰਦਰੂ ਅਤੇ ਸ਼ਮਸ਼ੇਰ ਬਹਾਦਰ ਨੇ ਵਿਸ਼ੇਸ਼ ਤੌਰ ‘ਤੇ ਇਸ ਜ਼ੂਮ-ਮੀਟਿੰਗ ਵਿਚ ਭਾਰਤ ਤੋਂ ਜੁੜਦਿਆਂ ਹੋਇਆਂ ਵਿਸ਼ੇਸ਼ ਤੌਰ ‘ઑਤੇ ਸ਼ਿਰਕਤ ਕੀਤੀ ਅਤੇ ਸੁਰੀਲੇ ਗਾਣੇ ਗਾ ਕੇ ਮੈਂਬਰਾਂ ਦਾ ਖ਼ੂਬ ਮਨੋਰੰਜਨ ਕੀਤਾ। ਕਲੱਬ ਦੇ ਸੰਚਾਲਕਾਂ ਦੀ ਵਿਸ਼ੇਸ਼ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਚੱਲ ਰਹੇ ਇਸ ਪ੍ਰੋਗਰਾਮ ਵਿਚ ਆਪਣੀ ਸ਼ਮੂਲੀਅਤ ਦਰਜ ਕਰਵਾਉਂਦਿਆਂ ਮੈਂਬਰ ਪਾਰਲੀਮੈਂਟ ਮਨਿੰਦਰ ਸਿੰਘ ਸਿੱਧੂ, ਐੱਮ.ਪੀ.ਪੀਜ਼. ਅਮਰਜੋਤ ਸੰਧੂ ਤੇ ਗੁਰਰਤਨ ਸਿੰਘ, ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਿਟੀ ਕੌਂਸਲਰ ਹਰਕੀਰਤ ਸਿੰਘ ਵੱਲੋਂ ਸਮੂਹ ਮੈਂਬਰਾਂ ਨੂੰ ਕੈਨੇਡਾ-ਡੇਅ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਕੈਨੇਡਾ ਦੇ ਸਦਭਾਵਨਾ ਭਰੇ ਮਾਹੌਲ, ਮਲਟੀਕਲਚਰਰਿਜ਼ਮ, ਕੋਵਿਡ-19 ਦੇ ਬਚਾਅ ਲਈ ਦੇਸ਼ ਵਿਚ ਚੱਲ ਰਹੇ ਟੀਕਾਕਰਨ ਦੇ ਸਫ਼ਲਤਾ ਭਰਪੂਰ ਪ੍ਰੋਗਰਾਮ, ਆਦਿ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ਦੀ ਰੌਣਕ ਵਿਚ ਸ਼ਾਨਦਾਰ ਇਜ਼ਾਫ਼ਾ ਕੀਤਾ। ਉਨ੍ਹਾਂ ਵੱਲੋਂ ਕੈਨੇਡਾ ਦੇ ਮੂਲ-ਵਾਸੀਆਂ ਨਾਲ ਪਿਛਲੇ ਸਮੇਂ ਵਿਚ ਲੱਗਭੱਗ 100 ਸਾਲ ਪਹਿਲਾਂ ਹੋਈਆਂ ਵਧੀਕੀਆਂ ਉੱਪਰ ਦੁੱਖ ਤੇ ਅਫ਼ਸੋਸ ਦਾ ਵੀ ਇਜ਼ਹਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਂਟ ਕੀਤੀ ਗਈ। ਇਨ੍ਹਾਂ ਆਗੂਆਂ ਵੱਲੋਂ ਸਰਕਾਰ ਵੱਲੋਂ ਕੈਨੇਡਾ ਦੇ ਮੂਲ-ਵਾਸੀਆਂ ਦੀ ਲੋੜੀਂਦੀ ਸਹਾਇਤਾ ਕਰਨ ਬਾਰੇ ਵੀ ਕਿਹਾ ਗਿਆ।