ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਨਾਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਅਤੇ ਪਾਰਕਡੇਲ-ਹਾਈ ਪਾਰਕ ਤੋਂ ਐੱਮ.ਪੀ. ਤੇ ਕੈਨੇਡੀਅਨ ਹੈਰੀਟੇਜ ਮੰਤਰੀ ਦੇ ਨਾਲ ਕੰਮ ਕਰ ਰਹੇ ਪਾਰਲੀਮੈਂਟਰੀ ਸਕੱਤਰ ਆਰਿਫ਼ ਵਿਰਾਨੀ ਨੇ ਕਮਿਊਨਿਟੀ ਆਗੂਆਂ ਤੇ ਆਰਗੇਨਾਈਜ਼ੇਸ਼ਨਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਦੱਸਿਆ ਕਿ ਬਰੈਂਪਟਨ ਵਿਚ ਵਿਭਿੰਨ ਕਮਿਊਨਿਟੀਆਂ ਨੂੰ ਸ਼ਕਤੀਸ਼ਾਲੀ ਬਨਾਉਣ, ਮਲਟੀਕਲਚਰਿਜ਼ਮ ਨੂੰ ਉਤਸ਼ਾਹਿਤ ਕਰਨ ਅਤੇ ਨਸਲੀ-ਭੇਦਭਾਵ ਨੂੰ ਖ਼ਤਮ ਕਰਨ ਲਈ ਪਹਿਲ-ਕਦਮੀ ਲਈ ਤਿੰਨ ਤਰ੍ਹਾਂ ਦੀ ਨਵੀਂ ਫ਼ੰਡਿੰਗ ਜਾਰੀ ਕੀਤੀ ਜਾ ਰਹੀ ਹੈ। ਇਸ ਮੰਤਵ ਲਈ ਸਰਕਾਰ ਆਉਂਦੇ ਤਿੰਨ ਸਾਲਾਂ ਵਿਚ 51.9 ਮਿਲੀਅਨ ਡਾਲਰ ਰਾਸ਼ੀ ਨਿਵੇਸ਼ ਕਰ ਰਹੀ ਹੈ ਜਿਸ ਵਿਚੋਂ 21 ਮਿਲੀਅਨ ਡਾਲਰ ਵੱਖ-ਵੱਖ ਪ੍ਰਾਜੈੱਕਟਾਂ ਅਤੇ ਕਮਿਊਨਿਟੀ ਪ੍ਰੋਗਰਾਮਾਂ ਲਈ ਖ਼ਰਚੇ ਜਾਣਗੇ।
ਇਹ ਨਵੀਂ ਫ਼ੰਡਿੰਗ ਤਿੰਨ ਭਾਗਾਂ ਵਿਚ ਵੰਡੀ ਗਈ ਹੈ। ਪਹਿਲੇ ਭਾਗ ਵਿਚ ਉਹ ਪ੍ਰਾਜੈੱਕਟ ਸ਼ਾਮਲ ਕੀਤੇ ਜਾਣਗੇ ਜੋ ਨਸਲੀ ਭੇਦ-ਭਾਵ ਖ਼ਤਮ ਕਰਨ ਨਾਲ ਸਬੰਧਿਤ ਹੋਣਗੇ ਅਤੇ ਇਨ੍ਹਾਂ ਵਿੱਚੋਂ ਕੈਨੇਡੀਅਨ ਮੂਲ-ਵਾਸੀਆਂ, ਔਰਤਾਂ ਅਤੇ ਲੜਕੀਆਂ ਨਾਲ ਜੁੜੇ ਪ੍ਰਾਜੈੱਕਟਾਂ ਨੂੰ ਪਹਿਲ ਦਿੱਤੀ ਜਾਏਗੀ। ਦੂਸਰੇ ਭਾਗ ਵਿਚ ਕਮਿਊਨਿਟੀਆਂ ਦੇ ਇਤਿਹਾਸ, ਸੱਭਿਆਚਾਰ ਅਤੇ ਆਪਸੀ ਭਾਈਚਾਰੇ ਸਬੰਧਿਤ ਪ੍ਰੋਗਰਾਮਾਂ, ਜਿਵੇਂ ਪਾਰਲੀਮੈਂਟ ਵੱਲੋਂ ਪ੍ਰਵਾਨਿਤ ਹੈਰੀਟੇਜ ਮੰਥ ਆਦਿ, ਨੂੰ ਵਿਚਾਰਿਆ ਜਾਏਗਾ ਅਤੇ ਤੀਸਰੇ ਭਾਗ ਵਿਚ ਅਜਿਹੇ ਪ੍ਰਾਜੈੱਕਟ ਸ਼ਾਮਲ ਕੀਤੇ ਜਾਣਗੇ ਜਿਨ੍ਹਾਂ ਵਿਚ ਕੈਨੇਡਾ ਵਿਚ ਨਵੇਂ ਆਉਣ ਵਾਲਿਆਂ ਅਤੇ ਵੱਖ-ਵੱਖ ਕਮਿਊਨਿਟੀਆਂ ਦੇ ਆਪਸੀ ਤਾਲ-ਮੇਲ ਨੂੰ ਦਰਸਾਇਆ ਗਿਆ ਹੋਵੇ।
ਅਜਿਹੇ ਪ੍ਰੋਗਰਾਮ ਕੈਨੇਡਾ-ਵਾਸੀਆਂ ਵਿਚ ਆਪਸੀ ਨੇੜਤਾ ਪੈਦਾ ਕਰਦੇ ਹਨ ਅਤੇ ਹਰੇਕ ਪਿਛੋਕੜ ਦੇ ਲੋਕਾਂ ਨੂੰ ਸਮਾਜ ਦੀ ਬੇਹਤਰੀ ਲਈ ਆਪਣਾ ਯੋਗਦਾਨ ਪਾਉਣ ਲਈ ਸਹਾਈ ਹੁੰਦੇ ਹਨ। ਇਨ੍ਹਾਂ ਪ੍ਰੋਗਰਾਮਾਂ ਤੇ ਪ੍ਰਾਜੈੱਕਟਾਂ ਲਈ ਅਪਲਾਈ ਕਰਨ ਲਈ ਕੈਨੇਡੀਅਨ ਹੈਰੀਟੇਜ ਨੂੰ [email protected] ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਰੂਬੀ ਸਹੋਤਾ ਨੇ ਕਿਹਾ,”ਵੱਖ-ਵੱਖ ਪਿਛੋਕੜ ਦੇ ਕਮਿਊਨਿਟੀ ਲੀਡਰਾਂ ਅਤੇ ਆਰਗੇਨਾਈਜ਼ੇਸ਼ਨਾਂ ਜੋ ਸਥਾਨਕ ਬਰੈਂਪਟਨ ਕਮਿਊਨਿਟੀ ਲਈ ਬੜਾ ਸ਼ਲਾਘਾਯੋਗ ਕੰਮ ਰਹੇ ਹਨ, ਨਾਲ ਖ਼ਚਾ-ਖ਼ੱਚ ਭਰੇ ਕਮਰੇ ਵਿਚ ਮੇਰਾ ਅਤੇ ਆਰਿਫ਼ ਵਿਰਾਨੀ ਦਾ ਭਰਵਾਂ ਸੁਆਗ਼ਤ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਪ੍ਰਾਜੈੱਕਟਾਂ ਲਈ ਫ਼ੈੱਡਰਲ ਫ਼ੰਡਿੰਗ ਪ੍ਰਾਪਤ ਹੋ ਗਈ ਹੈ ਅਤੇ ਐੱਮ.ਪੀ. ਹੋਣ ਦੀ ਹੈਸੀਅਤ ਵਿਚ ਮੇਰਾ ਇਹ ਫ਼ਰਜ਼ ਬਣਦਾ ਹੈ ਕਿ ਮੈਂ ਤੁਹਾਡੇ ਨਾਲ ਇਨ੍ਹਾਂ ਸੁਨਹਿਰੀ ਮੌਕਿਆਂ ਬਾਰੇ ਜਾਣਕਾਰੀ ਸਾਂਝੀ ਕਰਾਂ ਜਿਨ੍ਹਾਂ ਲਈ ਬਾ-ਕਾਇਦਾ ਅਪਲਾਈ ਕਰਨ ਦੀ ਜ਼ਰੂਰਤ ਪੈਂਦੀ ਹੈ। ਇਸ ਤਰ੍ਹਾਂ ਹੀ ਅਸੀਂ ਇਕੱਠੇ ਹੋ ਕੇ ਆਪਣੀਆਂ ਗ਼ਤੀਸ਼ੀਲ ਕਮਿਊਨਿਟੀਆਂ ਨੂੰ ਹੋਰ ਮਜ਼ਬੂਤ ਬਣਾ ਸਕਦੇ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …