2.1 C
Toronto
Friday, November 14, 2025
spot_img
Homeਕੈਨੇਡਾਸਾਰੀਆਂ ਟੈਕਸੀ ਸੇਵਾਵਾਂ 'ਤੇ ਇਕਸਾਰ ਟੈਕਸ ਲੱਗੇਗਾ: ਰੂਬੀ ਸਹੋਤਾ

ਸਾਰੀਆਂ ਟੈਕਸੀ ਸੇਵਾਵਾਂ ‘ਤੇ ਇਕਸਾਰ ਟੈਕਸ ਲੱਗੇਗਾ: ਰੂਬੀ ਸਹੋਤਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਨੌਰਥ ਤੋਂ ਐਮ ਪੀ ਰੂਬੀ ਸਹੋਤਾ ਨੇ ਫੈਡਰਲ ਸਰਕਾਰ ਦੇ ਸਾਲ 2017 ਦੇ ਬਜਟ ਦਾ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਬਜਟ ਰਾਹੀਂ ਸਾਡੀ ਸਰਕਾਰ ਮੁਲਕ ਦੇ ਟੈਕਸ ਸਿਸਟਮ ਨੂੰ ਨਿਆਂ-ਸੰਗਤ ਬਣਾਉਣ ਦੇ ਕਾਰਜ ਨੂੰ ਅੱਗੇ ਵਧਾ ਰਹੀ ਹੈ ਤਾਂ ਜੋ ਟੈਕਸ ਚੋਰੀ ਨੂੰ ਰੋਕਿਆ ਜਾ ਸਕੇ ਅਤੇ ਅਜਿਹੇ ਕਾਨੂੰਨ ਬਦਲੇ ਜਾਣ, ਜਿਹੜੇ ਧਨਾਡ ਲੋਕਾਂ ਦੇ ਹੱਕ ਵਿੱਚ ਭੁਗਤਦੇ ਹਨ। ਰੂਬੀ ਸਹੋਤਾ ਅਤੇ ਦੂਜੇ ਐਮ ਪੀਜ਼ ਦੁਆਰਾ ਉਠਾਈ ਅਵਾਜ਼ ਸਦਕਾ ਸਾਲ 2017 ਦੇ ਬਜਟ ਵਿੱਚ ਟੈਕਸੀ ਬਿਜ਼ਨਸ ਦੀ ਪਰਿਭਾਸ਼ਾ ਬਦਲੀ ਗਈ ਹੈ। ਇਸ ਸਦਕਾ ਹੁਣ ਊਬਰ ਵਰਗੀਆਂ ਟੈਕਸੀ ਸੇਵਾਵਾਂ ਨੂੰ ਜੀ ਐਸ ਟੀ/ ਐਚ ਐਸ ਟੀ ਵਾਸਤੇ ਰਜਿਸਟਰ ਹੋਣਾ ਪਵੇਗਾ ਅਤੇ ਬਾਕੀ ਟੈਕਸੀ ਅਪਰੇਟਰਾਂ ਦੀ ਤਰ੍ਹਾਂ ਉਨ੍ਹਾਂ ਦੇ ਕਿਰਾਇਆਂ ‘ਤੇ ਵੀ ਟੈਕਸ ਲੱਗੇਗਾ।  ਰੂਬੀ ਸਹੋਤਾ ਨੇ ਕਿਹਾ ਕਿ ਮੈਂ ਇਕ ਟੈਕਸੀ ਡਰਾਈਵਰ ਦੀ ਧੀ ਹਾਂ ਅਤੇ ਮੇਰਾ ਪਾਲਣ-ਪੋਸ਼ਣ ਅਤੇ ਸਿਖਿਆ ਟੈਕਸੀ ਬਿਜ਼ਨਸ ਦੀ ਆਮਦਨ ਨਾਲ ਹੋਈ ਹੈ। ਐਮ ਪੀ ਚੁਣੇ ਜਾਣ ਤੋਂ ਬਾਅਦ ਮੈਂ ਕਿੰਨੀਆਂ ਹੀ ਸੰਬੰਧਤ ਧਿਰਾਂ ਨੂੰ ਮਿਲੀ ਹਾਂ, ਜਿਨ੍ਹਾਂ ਵਿੱਚ ਗਰੇਟਰ ਟੋਰਾਂਟੋ ਏਅਰਪੋਰਟ ਅਥਾਰਿਟੀ, ਮਿਨਿਸਟਰ ਔਫ ਨੈਸ਼ਨਲ ਰੈਵੇਨਿਊ, ਟੈਕਸੀ ਐਸੋਸੀਏਸ਼ਨ ਅਤੇ ਬਰੋਕਰੇਜਾਂ ਸ਼ਾਮਲ ਹਨ। ਮੈਨੂੰ ਇਹ ਗੱਲ ਸਪਸ਼ਟ ਹੋ ਗਈ ਕਿ ਊਬਰ ਵਰਗੀਆਂ ਰਾਈਡ-ਸ਼ੇਅਰਿੰਗ ਸੇਵਾਵਾਂ ਤੇ ਉਸੇ ਤਰ੍ਹਾਂ ਦੇ ਨਿਯਮ ਨਹੀਂ ਲਾਗੂ ਕੀਤੇ ਜਾ ਰਹੇ, ਜਿਸ ਤਰ੍ਹਾਂ ਦੇ ਟੈਕਸੀ ਇੰਡਸਟਰੀ ਤੇ ਲਾਗੂ ਹੋ ਰਹੇ ਹਨ। ਇਸ ਕਰਕੇ ਸਾਵੇਂ ਮੁਕਾਬਲੇ ਲਈ ਤਬਦੀਲੀ ਦੀ ਲੋੜ ਸੀ। ਮੌਜੂਦਾ ਜੀ ਐਸ ਟੀ/ਐਚ ਐਸ ਟੀ ਤਹਿਤ ਸਾਰੇ ਹੀ ਟੈਕਸੀ ਅਪਰੇਟਰਾਂ ਨੂੰ ਜੀ ਐਸ ਟੀ/ ਐਚ ਐਸ ਟੀ ਵਾਸਤੇ ਰਜਿਸਟਰ ਹੋਣਾ ਪੈਂਦਾ ਹੈ ਅਤੇ ਉਹ ਆਪਣੇ ਕਿਰਾਇਆਂ ‘ਤੇ ਟੈਕਸ ਲਗਾਉਂਦੇ ਹਨ। ਇਹ ਨਿਯਮ ਜੀ ਐਸ ਟੀ ਦੇ ਲਾਗੂ ਹੋਣ ਵੇਲੇ ਤੋਂ ਹੀ ਚੱਲ ਰਹੇ ਹਨ ਅਤੇ ਇਸ ਯਕੀਨੀ ਬਣਾਉਂਦੇ ਹਨ ਕਿ ਸਾਰੇ ਟੈਕਸੀ ਅਪਰੇਟਰਾਂ ਨਾਲ ਇਕੋ ਜਿਹਾ ਵਰਤਾਓ ਹੋਵੇ। ਵੈਬ ਐਪਾਂ ਰਾਹੀ ਚੱਲ ਰਹੀਆਂ ਰਾਈਡ-ਸ਼ੇਅਰਿੰਗ ਸੇਵਾਵਾਂ ਵੀ ਟੈਕਸ ਸਰਵਿਸਾਂ ਦੀ ਤਰ੍ਹਾਂ ਹੀ ਸੁਆਰੀਆਂ ਢੋਣ ਦਾ ਕੰਮ ਹੀ ਕਰਦੀਆਂ ਹਨ। ਪਰ ਇਨ੍ਹਾਂ ‘ਤੇ ਜੀ ਐਸ ਟੀ/ ਐਚ ਐਸ ਟੀ ਲਾਗੂ ਨਹੀਂ ਹੁੰਦੀ, ਕਿਉਂਕਿ ਉਹ ਮੌਜੂਦਾ ਨਿਯਮਾਂ ਮੁਤਾਬਕ ਟੈਕਸੀ ਇੰਡਸਟਰੀ ਵਿੱਚ ਨਹੀਂ ਗਿਣੀਆਂ ਜਾਂਦੀਆਂ। ਪਰ ਨਵੇਂ ਬਜਟ ਵਿੱਚ ਲਾਗੂ ਕੀਤੀਆਂ ਤਬਦੀਲੀਆਂ ਸਦਕਾ ਇਨ੍ਹਾਂ ਸਾਰਿਆਂ ‘ਤੇ ਹੀ ਟੈਕਸ ਲੱਗੇਗਾ। ਰੂਬੀ ਸਹੋਤਾ ਨੇ ਕਿਹਾ ਕਿ ਸਾਨੂੰ ਇਨ੍ਹਾਂ ਨਵੀਆਂ ਤਬਦੀਲੀਆਂ ‘ਤੇ ਮਾਣ ਹੈ।

RELATED ARTICLES
POPULAR POSTS