Breaking News
Home / ਕੈਨੇਡਾ / ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ‘ਟੈਰੀ ਫੌਕਸ ਵਾਕ’ ਆਯੋਜਿਤ

ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ‘ਟੈਰੀ ਫੌਕਸ ਵਾਕ’ ਆਯੋਜਿਤ

gtb-school-terry-fox-walkਕੈਂਸਰ ਦੀ ਖੋਜ ਸਬੰਧੀ ਜਾਗਰੂਕਤਾ ਸਾਂਝੀ ਕੀਤੀ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਲੰਘੇ ਸ਼ੁਕਰਵਾਰ 7 ਅਕਤੂਬਰ ਨੂੰ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕੰਨਸਟੋਗਾ ਰੋਡ ਨੇੜੇ ਸਥਿਤ ‘ਕਨਸਟੋਗਾ ਪਾਰਕ’ ਵਿੱਚ ਕੈਨੇਡਾ ਵਿੱਚ ਹਰ ਸਾਲ ਹੋਣ ਵਾਲੀ ‘ਟੈਰੀ ਫੌਕਸ ਰਨ-ਕਮ-ਵਾਕ’ ਵਿੱਚ ਵਿਲੱਖਣ ਤਰੀਕੇ ਨਾਲ ਆਪਣੀ ਸ਼ਮੂਲੀਅਤ ਕੀਤੀ। ਸਕੂਲ ਦੇ ਪ੍ਰਿੰਸੀਪਲ ਰਾਜੀਵ ਧਵਨ ਨੇ ਇਸ ਦੇ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ‘ਟੈਰੀ ਫੌਕਸ ਵਾਕ’ ਦਾ ਸਮੁੱਚਾ ਪ੍ਰਬੰਧ ਵਿਦਿਆਰਥੀਆਂ ਵੱਲੋਂ ਹੀ ਕੀਤਾ ਗਿਆ। ਉਨ੍ਹਾਂ ਦੱਸਿਆ ਇਸ ਸਬੰਧੀ ਕੁਝ ਦਿਨ ਪਹਿਲਾਂ ਜਦੋਂ ਵਿਦਿਆਰਥੀਆਂ ਨੇ ਆਪਣਾ ਵਿਚਾਰ ਉਨ੍ਹਾਂ ਨਾਲ ਸਾਂਝਾ ਕੀਤਾ ਤਾਂ ਇਹ ਉਨ੍ਹਾਂ ਨੂੰ ਬਹੁਤ ਵਧੀਆ ਲੱਗਾ। ਵਿਦਿਆਰਥੀ ਇਸ ਸਬੰਧੀ ਏਨੇ ਉਤਸ਼ਾਹਿਤ ਸਨ ਕਿ ਉਨ੍ਹਾਂ ਨੇ ਖ਼ੁਦ ਹੀ ਆਪਣੀ ‘ਆਰਗੇਨਾਈਜ਼ਿੰਗ ਕਮੇਟੀ’ ਅਤੇ ‘ਮੀਡੀਆ ਕਮੇਟੀ’ ਦੀ ਚੋਣ ਕੀਤੀ। ਉਨ੍ਹਾਂ ਨੇ ਇਸ ਪੱਤਰਕਾਰ ਨੂੰ ਆਰਗੇਨਾਈਜ਼ਿੰਗ ਕਮੇਟੀ ਦੇ ਮੈਂਬਰਾਂ ਮਨੀਸ਼ਾ, ਜਸ਼ਨ, ਪੁਨੀਤ, ਗੁਰਤੇਗ਼, ਲਕਸ਼ੈ, ਅਨਹਦ ਅਤੇ ਯੁਵਰਾਜ ਨਾਲ ਮਿਲਾਇਆ ਜਿਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਟੈਰੀ ਫੌਕਸ ਦੇ ਜੀਵਨ ਅਤੇ ਉਸ ਦੇ ਵੱਲੋਂ ਕੀਤੇ ਗਏ ਮਹਾਨ ਕੰਮ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਇਸ ‘ਵਾਕ’ ਰਾਹੀਂ ਉਸ ਦੇ ਸਨੇਹੇ ਨੂੰ ਲੋਕਾਂ ਤੀਕ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਮੀਡੀਆ ਕਮੇਟੀ ਦੇ ਮੈਂਬਰਾਂ ਨੇ ਵੱਖ-ਵੱਖ ਰੇਡੀਓ ਅਤੇ ਟੈਲੀਵਿਜ਼ਨ ਕੇਂਦਰਾਂ ‘ਏਸ਼ੀਅਨ ਕੁਨੈੱਕਸ਼ਨਜ’, ‘ਸੀਨਾ ਰੇਡੀਓ’, ‘ਮਹਿਕ’, ‘ਵਤਨੋਂ ਦੂਰ’ ਆਦਿ ‘ਤੇ ਜਾ ਕੇ ਲੋਕਾਂ ਨਾਲ ਇਸ ‘ਵਾਕ’ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ‘ਟੈਰੀ ਫੌਕਸ’ ਨਾਂ ਦੇ ਵਿਅੱਕਤੀ ਜਿਸ ਨੇ 1980 ਵਿੱਚ ਇੱਕ ਹੀ ਲੱਤ ਨਾਲ (ਕਿਊਂਕਿ ਕੈਂਸਰ ਪੀੜਿਤ ਹੋਣ ਕਾਰਨ 1977 ਵਿੱਚ ਉਸ ਦੀ ਦੂਸਰੀ ਲੱਤ ਕੱਟਣੀ ਪਈ ਸੀ) ਕੈਨੇਡਾ ਦੇ ਪੂਰਬੀ ਤੋਂ ਪੱਛਮ ਸਿਰੇ ਤੱਕ 5373 ਕਿਲੋਮੀਟਰ ਵਾਕ 143 ਦਿਨਾਂ ਵਿੱਚ ਪੂਰੀ ਕੀਤੀ ਸੀ, ਦੇ ਨਾਂ ‘ਤੇ 1981 ਵਿੱਚ ਸ਼ੁਰੂ ਹੋਈ ਇਸ ‘ਟੈਰੀ ਫੌਕਸ ਰਨ-ਕਮ-ਵਾਕ’ ਵਿੱਚ 60 ਤੋਂ ਊੱਪਰ ਦੇਸ਼ਾਂ ਦੇ ਕਈ ਮਿਲੀਅਨ ਲੋਕਾਂ ਨੇ ਹਿੱਸਾ ਲਿਆ ਸੀ ਅਤੇ ਇਸ ਵਿੱਚ ਕੈਂਸਰ ਦੀ ਖੋਜ ਲਈ 650 ਮਿਲੀਅਨ ਡਾਲਰ ਇਕੱਠੇ ਹੋਏ ਸਨ। ਉਸ ਤੋਂ ਬਾਅਦ ਦੁਨੀਆਂ-ਭਰ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਇਹ ਚੈਰਿਟੀ ਈਵੈਂਟ ਹਰ ਸਾਲ ਸਤੰਬਰ/ਅਕਤੂਬਰ ਦੇ ਮਹੀਨੇ ਕਰਵਾਇਆ ਜਾਂਦਾ ਹੈ ਅਤੇ ਇਸ ਤੋਂ ਇਕੱਤਰ ਹੋਣ ਵਾਲੀ ਰਾਸ਼ੀ ਕੈਂਸਰ ਸਬੰਧੀ ਖੋਜ ਸੰਸਥਾਵਾਂ ਨੂੰ ਦਾਨ ਵਜੋਂ ਦਿੱਤੀ ਜਾਂਦੀ ਹੈ।
ਠੀਕ ਬਾਰਾਂ ਵਜੇ ਆਰਗੇਨਾਈਜ਼ਿੰਗ ਕਮੇਟੀ ਦੇ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਲਾਈਨਾਂ ਵਿੱਚ ਖੜੇ ਹੋਣ ਲਈ ਕਹਿ ਦਿੱਤਾ। ਜਦੋਂ ਸਾਰੇ ਬੱਚੇ ਲਾਈਨਾਂ ਵਿੱਚ ਲੱਗ ਗਏ ਤਾਂ ਸੱਭ ਤੋਂ ਅੱਗੇ ਕਿੰਡਰ ਗਾਰਟਨ ਦੇ ਛੋਟੇ-ਛੋਟੇ ਬੱਚੇ ਅਤੇ ਉਨ੍ਹਾਂ ਦੇ ਪਿੱਛੇ ਹੋਰ ਕਲਾਸਾਂ ਦੇ ਬੱਚੇ ਇੱਕ ਲੰਮੀ ਕਤਾਰ ਵਿੱਚ ਚੱਲ ਪਏ ਹਰੇਕ ਕਲਾਸ ਦੇ ਅੱਗੇ ਇੱਕ-ਇੱਕ ਵਿਦਿਆਰਥੀ ਨੇ ਕੈਂਸਰ ਸਬੰਧੀ ਜਾਗਰੂਕਤਾ ਨਾਲ ਜੁੜੇ ਵੱਡੇ-ਵੱਡੇ ਪਲੇਅ-ਕਾਰਡ ਫੜ੍ਹੇ ਹੋਏ ਸਨ। ਸਕੂਲ ਦੇ ਪ੍ਰਿੰਸੀਪਲ ਸਾਹਿਬ, ਅਧਿਅਪਕ/ ਅਧਿਆਪਕਾਵਾਂ ਇਸ ‘ਵਾਕ’ ਦੇ ਨਾਲ-ਨਾਲ ਚੱਲ ਰਹੇ ਸਨ। ਇਹ ਪੈਦਲ ਮਾਰਚ ਕੰਨਸਟੋਗਾ ਪਾਰਕ ਤੋਂ ਸ਼ੁਰੂ ਹੋਕੇ ਲੇਕ ਦਾ ਚੱਕਰ ਲਗਾਉਂਦਾ ਹੋਇਆ ਵਾਪਸ ਪਾਰਕ ਵਿੱਚ ਪਹੁੰਚਾ ਜਿੱਥੇ ਪ੍ਰਿੰਸੀਪਲ ਸਾਹਿਬ ਅਤੇ ਕੁਝ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਵਿਸ਼ਵ-ਭਰ ਵਿੱਚ ਕੈਂਸਰ ਦੀ ਚੱਲ ਰਹੀ ਖੋਜ ਅਤੇ ਇਸ ਵਿੱਚ ਸਲਾਨਾ ‘ਟੈਰੀ ਫੌਕਸ ਰਨ-ਕਮ-ਵਾਕ’ ਦੇ ਯੋਗਦਾਨ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਬਰੈਂਪਟਨ ਸਿਟੀ ਦੇ ਵਾਰਡ ਨੰਬਰ 3-4 ਦੇ ਕੌਂਸਲਰ ਜੈੱਫ਼ ਬਾਉਮਨ, ਪ੍ਰੋ. ਜਗੀਰ ਸਿੰਘ ਕਾਹਲੋਂ ਜੋ ਕਿ ਇਸ ਸਕੂਲ ਨਾਲ ਅਧਿਆਪਕ ਵਜੋਂ ਜੁੜੇ ਰਹੇ ਹਨ ਅਤੇ ਅਜੀਤ ਸਿੰਘ ਰੱਖੜਾ ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦੇਣ ਲਈ ਪਹੁੰਚੇ। ਇੰਜ, ਵਿਦਿਆਰਥੀਆਂ ਵੱਲੋਂ ਆਯੋਜਿਤ ਕੀਤੀ ਗਈ ਇਹ ਮਹੱਤਵ-ਪੂਰਨ ‘ਟੈਰੀ ਫੌਕਸ ਵਾਕ’ ਇੱਕ ਯਾਦਗਾਰੀ ਈਵੈਂਟ ਬਣ ਗਈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …