Breaking News
Home / ਕੈਨੇਡਾ / ਭਾਈ ਕਾਹਨ ਸਿੰਘ ਨਾਭਾ ਫਾਊਂਡੇਸ਼ਨ ਵਿਨੀਪੈਗ ਨੇ ਕਰਵਾਇਆ ਕਵੀ ਦਰਬਾਰ

ਭਾਈ ਕਾਹਨ ਸਿੰਘ ਨਾਭਾ ਫਾਊਂਡੇਸ਼ਨ ਵਿਨੀਪੈਗ ਨੇ ਕਰਵਾਇਆ ਕਵੀ ਦਰਬਾਰ

ਵਿਨੀਪੈਗ/ਅਮਰਜੀਤ ਢਿੱਲੋਂ ਦਬੜ੍ਹੀਖਾਨਾ : ਭਾਈ ਕਾਹਨ ਸਿੰਘ ਨਾਭਾ ਫਾਊਂਡੇਸ਼ਨ ਵਿਨੀਪੈਗ ਪਿਛਲੇ ੪੫ ਸਾਲ ਤੋਂ ਕੈਨੇਡਾ ਦੇ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਚ ਪੰਜਾਬੀ ਬੋਲੀ ਲਈ ਅਣਥੱਕ ਯਤਨ ਕਰ ਰਹੀ ਹੈ। ਇਹਨਾਂ ਯਤਨਾਂ ਨੂੰ ਭਰਪੂਰ ਬੂਰ ਵੀ ਪੈ ਰਿਹਾ ਹੈ, ਪੰਜਾਬੀ ਪਿਆਰੇ ਆਪਣੀ ਭਾਸਾ ਪ੍ਰਤੀ ਫਿਕਰਮੰਦ ਹੋ ਰਹੇ ਹਨ। ਇਸੇ ਲੜੀ ਤਹਿਤ ਮੈਪਲ ਕਮਿਊਨਿਟੀ ਹਾਲ ਵਿਨੀਪੈਗ ਚੇਅਰਮੈਨ ਮਹਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਭਰਵਾਂ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਦੇ ਪ੍ਰਬੰਧਕ ਜੋਗਿੰਦਰ ਸਿੰਘ ਧਾਮੀ ਨੇ ਭਾਈ ਕਾਹਨ ਸਿੰਘ ਨਾਭਾ ਫਾਊਂਡਸ਼ਨ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਦਸਦਿਆਂ ਸਟੇਜ ਸਕੱਤਰ ਦੇ ਫਰਜ਼ ਵੀ ਬਾਖੂਬੀ ਨਿਭਾਏ। ਅਮਰ ਸਿੰਘ ਗਰੇਵਾਲ ਨੇ ਸਭ ਨੂੰ ਆਇਆਂ ਕਿਹਾ। ਮਹਿੰਦਰ ਸਿੰਘ ਢਿੱਲੋਂ ਨੇ ਦੱਸਿਆ ਪੰਜਾਹ ਸਾਲ ਪਹਿਲਾਂ ਗੋਰੇ ਪੰਜਾਬੀਆਂ ਬਾਰੇ ਬਹੁਤ ਅਪਸ਼ਬਦ ਵਰਤਦੇ ਸਨ। ਅੱਜ ਹਾਲਾਤ ਇਹ ਹੈ ਕਿ ਗੋਰੇ ਖੁਦ ਪੰਜਾਬੀ ਸਿੱਖਣ ‘ਚ ਮਾਣ ਮਹਿਸੂਸ ਕਰਦੇ ਹਨ ਅਤੇ ਉਹ ਦਿਨ ਦੂਰ ਨਹੀਂ ਜਦ ਪੰਜਾਬੀ ਸਮੁੱਚੇ ਕੈਨੇਡਾ ਦੀ ਦੂਜੀ ਭਾਸਾ ਹੋਵੇਗੀ।
ਉਘੇ ਲੇਖਕ ਜੋਰਾ ਸਿੰਘ ਮੰਡੇਰ ਨੇ ਆਪਣੀ ਭਾਵਪੂਰਤ ਕਵਿਤਾ ਨਾਲ ਕਵੀ ਦਰਬਾਰ ਦੀ ਸੁਰੂਆਤ ਕੀਤੀ। ਪੂਰਨ ਸਿੰਘ ਸੰਧੂ, ਰਾਣਾ ਚਾਨਾ ਅਤੇ ਪ੍ਰਿੰਸੀਪਲ ਗੁਰਮੁੱਖ ਸਿੰਘ ਘੁੰਮਣ ਨੇ ਭਾਵ ਪੂਰਤ ਰਚਨਾਵਾਂ ਪੇਸ਼ ਕੀਤੀਆਂ। ਬਲਦੇਵ ਸਿੰਘ ਖੋਸਾ ਨੇ ਸੁੱਤੀਆਂ ਕਲਾਂ ਨਾ ਛੇੜ ਸੋਹਣਿਆਂ ਜੇ ਤੂੰ ਨਹੀਂ ਪਾਰ ਲੰਘਾਉਣਾ, ਕਵਿਤਾ ਸੁਣਾਈ ਅਤੇ ਜਗਮੀਤ ਸਿੰਘ ਪੰਧੇਰ ਨੇ ਔਰਤ ਦਾ ਦਰਦ ਬਿਆਨ ਕਰਦੀ ਖੂਬਸੂਰਤ ਨਜ਼ਮ ਸੁਣਾ ਕੇ ਖੂਬ ਵਾਹਵਾ ਖੱਟੀ। ਅਮਰਜੀਤ ਢਿੱਲੋਂ ਦੀ ਗ਼ਜ਼ਲ ਦੇ ਸੇਅਰ ਸੀ, ਆਪਣੇ ਮਨ ਦੇ ਖੂੰਜੇ ਵਿਚ ਇਕ ਕਬਿਰਸਤਾਨ ਬਣਾਈਦਾ, ਜਿਥੇ ਯਾਰਾਂ ਦੀਆਂ ਗ਼ਲਤੀਆਂ ਦੱਬ ਕੇ ਹੈ ਭੁੱਲ ਜਾਈਦਾ, ਕੀ ਪਤਾ ਕੋਈ ਮਹਿਰਮ ਆ ਕੇ ਕਦੋਂ ਜਿਊਂਦੀਆਂ ਕਰ ਦੇਵੇ ਮਰ ਮੁੱਕ ਚੁੱਕੀਆਂ ਰੀਝਾਂ ਤਾਈਂ ਜਲਦੀ ਨਹੀਂ ਦਫ਼ਨਾਈਦਾ।
ਸਮਾਗਮ ਵਿਚ ਹਾਜ਼ਰ ਸਖਸੀਅਤਾਂ ਵਿਚ ਵਿਧਾਇਕ ਮਹਿੰਦਰ ਸਿੰਘ ਸਰਾਂ, ਸੁਰਿੰਦਰ ਮਾਵੀ, ਦਰਸ਼ਨ ਸਿੰਘ ਗਿੱਲ, ਐਮ ਪੀ ਸਿੰਘ ,ਅਮਰਜੀਤ ਸਿਧੂ ਨਥਾਣਾ, ਪ੍ਰਿੰਸੀਪਲ ਵਜੀਰ ਸਿੰਘ ਰੰਧਾਵਾ ਅਤੇ ਅਵਤਾਰ ਸਿੰਘ ਮਾਨ ਆਦਿ ਸਾਮਿਲ ਸਨ। ਜੋਗਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਅਗਲਾ ਕਵੀ ਦਰਬਾਰ ਵਿਨੀਪੈਗ ਵਿਖੇ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹ ਸਾਲ ਜਨਮ ਦਿਹਾੜੇ ਨੂੰ ਸਮਰਪਿਤ ਹੋਵੇਗਾ।

Check Also

ਕੈਨੇਡਾ ਪਹੁੰਚਣ ਵਾਲੇ ਸੈਂਕੜੇ ਟਰੈਵਲਰਜ਼ ਪਾਏ ਜਾ ਰਹੇ ਹਨ ਕੋਵਿਡ-19 ਪਾਜ਼ੀਟਿਵ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਪਰਤਣ ਵਾਲੇ ਲੋਕਾਂ ਨੂੰ ਫੈਡਰਲ ਸਰਕਾਰ ਵੱਲੋਂ ਹੋਟਲਾਂ ਵਿੱਚ ਲਾਜ਼ਮੀ ਤੌਰ …