Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ‘ਅਕੱਥ ਕਹਾਣੀ ਪ੍ਰੇਮ ਕੀ’ ਉਤੇ ਹੋਈ ਭਰਪੂਰ ਵਿਚਾਰ-ਚਰਚਾ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ‘ਅਕੱਥ ਕਹਾਣੀ ਪ੍ਰੇਮ ਕੀ’ ਉਤੇ ਹੋਈ ਭਰਪੂਰ ਵਿਚਾਰ-ਚਰਚਾ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 17 ਸਤੰਬਰ ਨੂੰ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ 1321 ਮੈਥੇਸਨ ਬੁਲੇਵਾਰਡ ਸਥਿਤ ਵਿਸ਼ਾਲ ‘ਫੈਸ਼ਨ ਸਿਟੀ ਹਾਲ’, ਮਿਸੀਸਾਗਾ ਵਿਖੇ ਕਰਵਾਏ ਗਏ ਮਾਸਿਕ-ਸਮਾਗ਼ਮ ਵਿਚ ਪ੍ਰੋ. ਪ੍ਰਿਤਪਾਲ ਕੌਰ ਵੱਲੋਂ ਆਪਣੇ ਪਤੀ (ਸਵ.) ਡਾ. ਕਰਮਜੀਤ ਸਿੰਘ ਦੀ ਨਿੱਘੀ-ਯਾਦ ਵਿਚ ਬੜੀ ਮਿਹਨਤ ਨਾਲ ਤਿਆਰ ਕੀਤੇ ਗਏ ਸਿਮ੍ਰਤੀ-ਗ੍ਰੰਥ ‘ਅਕੱਥ ਕਹਾਣੀ ਪ੍ਰੇਮ ਕੀ’ ਬਾਰੇ ਵਿਚਾਰ-ਚਰਚਾ ਕੀਤੀ ਗਈ। ਸਭਾ ਦੇ ਚੇਅਰਮੈਨ ਬਲਰਾਜ ਚੀਮਾ ਵੱਲੋਂ ਆਏ ਮਹਿਮਾਨਾਂ ਨੂੰ ‘ਜੀ-ਆਇਆਂ’ ਕਹਿਣ ਉਪਰੰਤ ਮੰਚ-ਸੰਚਾਲਕ ਤਲਵਿੰਦਰ ਮੰਡ ਨੇ ਡਾ. ਸੁਖਦੇਵ ਸਿੰਘ ਝੰਡ ਨੂੰ ਪੁਸਤਕ ਬਾਰੇ ਪੇਪਰ ਪੜ੍ਹਨ ਲਈ ਸੱਦਾ ਦਿੱਤਾ ਜਿਨ੍ਹਾਂ ਨੇ ਆਪਣਾ ਪੇਪਰ ‘ਅਕੱਥ ਕਹਾਣੀ ਪ੍ਰੇਮ ਕੀ -ਇਕ ਸੱਚੀ ਪ੍ਰੇਮ ਗਾਥਾ’ ਪੇਸ਼ ਕਰਦਿਆਂ ਕਿਹਾ ਕਿ ਕਰਮਜੀਤ ਸਿੰਘ ਨਿਰਾ ਆਪਣੀ ਪਤਨੀ ਪ੍ਰਿਤਪਾਲ ਨੂੰ ਹੀ ਸੱਚੀ-ਸੁੱਚੀ ਮੁਹੱਬਤ ਨਹੀਂ ਸੀ ਕਰਦਾ, ਸਗੋਂ ਉਸ ਦਾ ਪ੍ਰੇਮੀ-ਹਿਰਦਾ ਏਨਾ ਵਿਸ਼ਾਲ ਸੀ ਕਿ ਉਸ ਦੇ ਸਹੁਰੇ-ਪੇਕੇ ਤੇ ਹੋਰ ਰਿਸ਼ਤੇਦਾਰ, ਸਹਿ-ਪਾਠੀ, ਸਹਿ-ਕਰਮੀ, ਵਿਦਿਆਰਥੀ, ਦੋਸਤ-ਮਿੱਤਰ ਅਤੇ ਜਾਣ-ਪਛਾਣ ਵਾਲੇ ਸਾਰੇ ਹੀ ਇਸ ਵਿਚ ਪੂਰੀ ਤਰ੍ਹਾਂ ਸਮਾਏ ਹੋਏ ਸਨ। ਉਨ੍ਹਾਂ ਇਸ ਪੁਸਤਕ ਵਿਚ ਦਰਜ ਕਰਮਜੀਤ ਸਿੰਘ ਵੱਲੋਂ ਆਪਣੀ ਪਤਨੀ ਨੂੰ ਲਿਖੀਆਂ ਤਿੰਨ ਕੁ ਦਰਜਨ ਚਿੱਠੀਆਂ ਬਾਰੇ ਵਿਸ਼ੇਸ਼ ਜ਼ਿਕਰ ਕੀਤਾ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਪ੍ਰੋੜ-ਕਵੀ ਨਵਤੇਜ ਭਾਰਤੀ, ਡਾ.ਕਰਮਜੀਤ ਸਿੰਘ ਦੇ ਸਹਿਕਰਮੀ ਪ੍ਰੋ. ਹਰਬੰਸ ਸਿੰਘ ਗਿੱਲ, ਪ੍ਰੋ. ਪ੍ਰਿਤਪਾਲ ਕੌਰ ਅਤੇ ਸਭਾ ਦੇ ਸੀਨੀਅਰ ਮੈਂਬਰ ਕਰਨ ਅਜਾਇਬ ਸਿੰਘ ਸੰਘਾ ਸੁਸ਼ੋਭਿਤ ਸਨ।
ਉਪਰੰਤ, ਪੇਪਰ ਅਤੇ ਪੁਸਤਕ ‘ਤੇ ਹੋਈ ਚਰਚਾ ਵਿਚ ਭਾਗ ਲੈਦਿਆਂ ਹੋਇਆਂ ਪ੍ਰੋ. ਜਗੀਰ ਸਿੰਘ ਕਾਹਲੋਂ, ਪ੍ਰੋ. ਅਤੈ ਸਿੰਘ, ਪ੍ਰਿੰ. ਸਰਵਣ ਸਿੰਘ, ਪ੍ਰੋ. ਆਸ਼ਿਕ ਰਹੀਲ, ਪੂਰਨ ਸਿੰਘ ਪਾਂਧੀ, ਮਲੂਕ ਸਿੰਘ ਕਾਹਲੋਂ, ਕੁਲਦੀਪ ਸਰੀਨ, ਪ੍ਰੋ. ਪ੍ਰਿਤਪਾਲ ਕੌਰ ਦੀ ਭਾਣਜੀ ਗੁਰਪ੍ਰੀਤ ਬਰਾੜ ਅਤੇ ਉਨ੍ਹਾਂ ਦੇ ਸਪੁੱਤਰ ਹਰਪ੍ਰੀਤ ਰਾਏ ਵੱਲੋਂ ਇਸ ਪੁਸਤਕ ਅਤੇ ਡਾ. ਕਰਮਜੀਤ ਸਿੰਘ ਦੀ ਸ਼ਖ਼ਸੀਅਤ ਬਾਰੇ ਵੱਡਮੁੱਲੇ ਵਿਚਾਰ ਪੇਸ਼ ਕੀਤੇ ਗਏ। ਪ੍ਰਧਾਨਗੀ-ਮੰਡਲ ਅਤੇ ਸਭਾ ਦੇ ਕੁਝ ਮੈਂਬਰਾਂ ਵੱਲੋਂ ਪੁਸਤਕ ਨੂੰ ਲੋਕ-ਅਰਪਣ ਕਰਨ ਤੋਂ ਬਾਅਦ ਪ੍ਰਧਾਨਗੀ-ਮੰਡਲ ਵਿੱਚੋਂ ਵਿੱਚੋਂ ਪ੍ਰੋ.ਹਰਬੰਸ ਸਿੰਘ ਗਿੱਲ ਨੇ ‘ਜਿਊਣ ਦੇ ਸੱਚ’ ਦੀ ਗੱਲ ਕਰਦਿਆਂ ਡਾ. ਕਰਮਜੀਤ ਸਿੰਘ ਨੂੰ ‘ਕਲਮ-ਯੋਗੀ’ ਕਰਾਰ ਦਿੱਤਾ ਜਿਸ ਨੇ ਆਪਣੀ ਕਲਮ ਨਾਲ ਬਹੁ-ਮੁੱਲੀ ਰਚਨਾਵਾਂ ਰਚ ਕੇ ਪੰਜਾਬੀ ਸਾਹਿਤ ਵਿਚ ਨਿੱਗਰ ਵਾਧਾ ਕੀਤਾ। ਨਵਤੇਜ ਭਾਰਤੀ ਹੋਰਾਂ ਨੇ ਡਾ. ਕਰਮਜੀਤ ਸਿੰਘ ਨਾਲ 60 ਸਾਲ ਪਹਿਲਾਂ 1957-58 ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਲੇਖਕ ਆਪਣੀਆਂ ਕਿਰਤਾਂ ਵਿਚ ਸ਼ਾਮਲ ਹੁੰਦਿਆਂ ਹੋਇਆਂ ਸਦਾ ਹੀ ਜਿਊਂਦਾ ਰਹਿੰਦਾ ਹੈ। ਉਨ੍ਹਾਂ ਪ੍ਰਿਤਪਾਲ ਕੌਰ ਦੀ ਇਸ ਪੁਸਤਕ ਨੂੰ ਵੱਖਰੀ ਵਿਧਾ ਦੀ ਪੁਸਤਕ ਗਰਦਾਨਿਆਂ।
ਪੁਸਤਕ ਦੀ ਲੇਖਿਕਾ ਪ੍ਰੋ. ਪ੍ਰਿਤਪਾਲ ਕੌਰ ਨੇ ਹਾਜ਼ਰੀਨ ਨਾਲ ਪੁਸਤਕ ਨਾਲੋਂ ਆਪਣੇ ਪਤੀ ਕਰਮਜੀਤ ਸਿੰਘ ਦੀਆਂ ਯਾਦਾਂ ਵਧੇਰੇ ਸਾਂਝੀਆਂ ਕੀਤੀਆਂ ਜੋ ਇਸ ਪੁਸਤਕ ਵਿਚ ਦਰਜ ਨਹੀਂ ਸਨ। ਉਨ੍ਹਾਂ ਕਿਹਾ ਕਿ ਇਸ ਪੁਸਤਕ ਨੂੰ ਲਿਖਣ ਦਾ ਉਪਰਾਲਾ ਉਨ੍ਹਾਂ ਨੇ ਉੱਘੇ ਵਿਦਵਾਨ ਪ੍ਰੋ.ਪ੍ਰੀਤਮ ਸਿੰਘ ਅਤੇ ਆਪਣੇ ਬੱਚਿਆਂ ਵੱਲੋਂ ਮਿਲੀ ਪ੍ਰੇਰਨਾ ਤੇ ਹੱਲਾਸ਼ੇਰੀ ਸਦਕਾ ਕੀਤਾ। ਉਨ੍ਹਾਂ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਪੁਸਤਕ ਉੱਪਰ ਵਿਚਾਰ-ਚਰਚਾ ਕਰਵਾਉਣ ਲਈ ਸਭਾ ਦੇ ਮੈਂਬਰਾਂ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ। ਕਰਨ ਅਜਾਇਬ ਸਿੰਘ ਸੰਘਾ ਨੇ ਸਮਾਗ਼ਮ ਵਿਚ ਹਾਜ਼ਰ ਸਾਰੇ ਵਿਦਵਾਨਾਂ ਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਇਸ ਪੁਸਤਕ ਨੂੰ ਹਰੇਕ ਉਮਰ-ਵਰਗ ਦੇ ਪਾਠਕ ਵੱਲੋਂ ਪੜ੍ਹੀ ਜਾ ਸਕਣ ਵਾਲੀ ਪੁਸਤਕ ਕਿਹਾ। ਇਸ ਮੌਕੇ ‘ਜੀ.ਟੀ.ਏ. ਨੌਰਥ ਵੈੱਸਟ ਕਮਿਊਨਿਟੀ ਹੈੱਲਥ ਸਰਵਿਸਿਜ਼’ ਦੀ ਵਾਈਸ-ਚੇਅਰ ਪਰਸਨ ਮਿਸਿਜ਼ ਲੂੰਬਾ ਅਤੇ ਇਸ ਦੇ ਸਰਗ਼ਰਮ ਮੈਂਬਰਾਂ ਨਾਸਰ ਚੱਠਾ ਅਤੇ ਦਬੀਰ ਸ਼ੇਖ ਹੋਰਾਂ ਨੇ ਵੀ ਆਪਣੀ ਹਾਜ਼ਰੀ ਲੁਆਈ ਅਤੇ ਇਸ ਸੰਸਥਾ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਦੱਸਿਆ। ਸਮਾਗ਼ਮ ਦੇ ਦੂਸਰੇ ਭਾਗ ਵਿਚ ਹੋਏ ਕਵੀ-ਦਰਬਾਰ ਦੀ ਸ਼ੁਰੂਆਤ ਇਕਬਾਲ ਬਰਾੜ ਦੀ ਸੁਰੀਲੀ ਆਵਾਜ਼ ਵਿਚ ਗਾਏ ਗੀਤ ਨਾਲ ਕੀਤੀ ਗਈ। ਉਪਰੰਤ, ਪ੍ਰੋ. ਅਤੈ ਸਿੰਘ ਦੀ ਕਵਿਤਾ ‘ਮੇਰਾ ਪਿੰਡ’, ਗੁਰਦੇਵ ਚੌਹਾਨ ਦੀ ‘ਕਸੂਰ’, ਨਵਤੇਜ ਭਾਰਤੀ ਦੀ ‘ਬਾਜ਼ੀਗਰਨੀ’, ਮਕਸੂਦ ਚੌਧਰੀ ਦੀ ‘ਯਾਦਾਂ’ ਅਤੇ ਮਹਿੰਦਰ ਪ੍ਰਤਾਪ, ਪ੍ਰੋ. ਆਸ਼ਿਕ ਰਹੀਲ, ਕਰਨ ਅਜਾਇਬ ਸਿੰਘ ਸੰਘਾ, ਗੁਰਮੇਜ ਸਿੰਘ ਢਿੱਲੋਂ, ਹਰਦਿਆਲ ਝੀਤਾ, ਸੁਖਦੇਵ ਕੌਰ, ਰਾਜਵੰਤ ਕੌਰ ਬਾਜਵਾ ਤੇ ਦੀਪ ਪੱਡਾ ਦੇ ਗੀਤਾਂ ਤੇ ਕਵਿਤਾਵਾਂ ਨੇ ਚੰਗਾ ਰੰਗ ਬੰਨਿਆ। ਇਸ ਕਵੀ-ਦਰਬਾਰ ਦਾ ਸੰਚਾਲਨ ਮਲੂਕ ਸਿੰਘ ਕਾਹਲੋਂ ਵੱਲੋਂ ਕੀਤਾ ਗਿਆ। ਇਸ ਮੌਕੇ ਹਾਜ਼ਰੀਨ ਵਿਚ ਡਾ. ਬਲਜਿੰਦਰ ਸੇਖੋਂ, ਪਰਮਜੀਤ ਸਿੰਘ ਗਿੱਲ, ਸੁਰਿੰਦਰ ਸਿੰਘ ਸੰਧੂ, ਦਰਸ਼ਨ ਸਿੰਘ ਗਰੇਵਾਲ, ਆਰਟਿਸਟ ਪ੍ਰਤੀਕ, ਜਰਨੈਲ ਸਿੰਘ ਅਚਰਵਾਲ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ ਸਰਸਾ, ਹਰਜਸਪ੍ਰੀਤ ਗਿੱਲ, ਜਗਦੀਸ਼ ਕੌਰ ਕਾਹਲੋਂ, ਚਰਨਜੀਤ ਕੌਰ ਤੇ ਪ੍ਰੋ. ਪ੍ਰਿਤਪਾਲ ਕੌਰ ਹੋਰਾਂ ਦੇ ਕੁਝ ਪਰਿਵਾਰਕ ਮੈਂਬਰਾਂ ਸਮੇਤ 100 ਦੇ ਲੱਗਭੱਗ ਸਾਹਿਤ-ਪ੍ਰੇਮੀ ਸ਼ਾਮਲ ਸਨ।
ਸਮਾਗ਼ਮ ਵਿਚ ਬੁਲਾਰਿਆਂ ਦੀ ਗੁਣਾਤਮਿਕ-ਵੰਨਗੀ ਅਤੇ ਸਰੋਤਿਆਂ ਦੀ ਭਰਪੂਰ ਹਾਜ਼ਰੀ ਸਦਕਾ ਇਹ ਸਮਾਗ਼ਮ ਇਕ ਅਤਿਅੰਤ ਸਫ਼ਲ ਸਮਾਗ਼ਮ ਹੋ ਨਿਬੜਿਆ। ਇਸ ਪ੍ਰੋਗਰਾਮ ਦੀ ਕੱਵਰੇਜ ‘ਹਮਦਰਦ’ ਟੀ.ਵੀ. ਅਤੇ ‘ਚੈਨਲ ਪੰਜਾਬੀ’ ਤੇ ‘ਗਲੋਬਲ ਪੰਜਾਬ’ ਵੱਲੋਂ ਕੀਤੀ ਗਈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …