‘ਕੈਨੇਡੀਅਨ ਏਅਰਗੰਨ ਗਰੈਂਡ ਪਰਿਕਸ ਇੰਟਰਨੈਸ਼ਨਲ ਚੈਂਪੀਅਨਸ਼ਿਪ’ ਵਿਚ ਜਿੱਤੇ ਦੋ ਸੋਨ-ਤਮਗੇ
ਬਰੈਂਪਟਨ/ਡਾ. ਝੰਡ : ਸ਼ੂਟਿੰਗ ਫੈੱਡਰੇਸ਼ਨ ਆਫ ਕੈਨੇਡਾ ਵੱਲੋਂ 20 ਤੋਂ 22 ਮਈ ਨੂੰ 5206 ਫਿਫਥ ਸਾਈਡ ਰੋਡ, ਕਰੁੱਕਸਟਾਊਨ ਵਿਚ ਪੈਨ ਐਮ ਸ਼ੂਟਿੰਗ ਰੇਂਜ ਵਿਖੇ ਹੋਈ ਕੈਨੇਡੀਅਨ ਏਅਰਗੰਨ ਗਰੈਂਡਪਰਿਕਸ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿਚ ਪੰਜਾਬ ਤੋਂ ਸਤੰਬਰ 2021 ਵਿਚ ਆਏ ਰਾਜਪ੍ਰੀਤ ਨੇ ਦੋ ਸੋਨ ਤਮਗੇ ਜਿੱਤ ਕੇ ਕੈਨੇਡਾ ਵਿਚ ਪੰਜਾਬੀ ਕਮਿਊਨਿਟੀ ਦਾ ਨਾਮ ਰੌਸ਼ਨ ਕੀਤਾ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿਚ ਉਸ ਨੇ ਓਨਟਾਰੀਓ ਸੂਬੇ ਦੀ ਨੁਮਾਇੰਦਗੀ ਕਰਦਿਆਂ ਹੋਇਆਂ ਦੋ ਗੋਲਡ ਮੈਡਲ ਆਪਣੇ ਨਾਮ ਕੀਤੇ ਹਨ। ਪਹਿਲਾ ਮੈਡਲ ਉਸ ਨੂੰ ਇਸ ਮੁਕਾਬਲੇ ਵਿਚ ਉੱਪਰ ਰਹਿਣ ਵਾਲੇ ‘ਟੌਪ ਸਕੋਰਰਜ਼’ ਵਿਚ ਆਉਣ ਕਰਕੇ ਅਤੇ ਦੂਸਰਾ ਪਹਿਲੇ ਅੱਠਾਂ ਵਿੱਚੋਂ ਜੇਤੂ ਹੋਣ ਬਦਲੇ ਮਿਲਿਆ ਹੈ।
ਰਾਜਪ੍ਰੀਤ ਦਾ ਕਹਿਣਾ ਹੈ ਕਿ ਇਸ ਮੁਕਾਬਲੇ ਵਿਚ ਸਫਲਤਾ-ਪੂਰਵਕ ਭਾਗ ਲੈ ਕੇ ਉਸ ਨੂੰ ਅਤਿਅੰਤ ਖ਼ੁਸ਼ੀ ਹੋਈ ਹੈ ਪਰ ਇਸ ਦੇ ਨਾਲ ਹੀ ਅਫ਼ਸੋਸ ਵਾਲੀ ਗੱਲ ਵੀ ਹੈ ਕਿ ਬਰੈਂਪਟਨ ਵਰਗੇ ਲੱਗਭੱਗ ਛੇ ਲੱਖ ਆਬਾਦੀ ਵਾਲੇ ਸ਼ਹਿਰ ਵਿਚ ਕੋਈ ਵੀ ਸ਼ੂਟਿੰਗ ਰੇਂਜ ਨਹੀਂ ਹੈ ਅਤੇ ਇਸ ਮੁਕਾਬਲੇ ਦੀ ਤਿਆਰੀ ਲਈ ਉਸ ਨੂੰ ਹਰ ਰੋਜ਼ 50 ਕਿਲੋਮੀਟਰ ਦੂਰ ਪੈਂਦੇ ਕਿਚਨਰ ਸ਼ਹਿਰ ਜਾਣਾ ਪੈਂਦਾ ਸੀ। ਟੈਲੀਫ਼ੋਨ ‘ਤੇ ਹੋਈ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਸ ਦਾ ਨਿਸ਼ਾਨਾ ਆਉਣ ਵਾਲੀਆਂ ਓਲਿੰਪਕਸ ਵਿਚ ਹੋਣ ਵਾਲੇ ਸ਼ੂਟਿੰਗ ਮੁਕਾਬਲਿਆਂ ਵਿਚ ਹਿੱਸਾ ਲੈਣ ਦਾ ਹੈ ਅਤੇ ਉਹ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਵੱਲ ਤਾਂ ਹੀ ਵੱਧ ਸਕਦਾ ਹੈ ਜੇਕਰ ਇਸ ਦੇ ਲਈ ਓਨਟਾਰੀਓ ਸਰਕਾਰ ਅਤੇ ਫ਼ੈੱਡਰਲ ਸਰਕਾਰ ਦੋਹਾਂ ਵੱਲੋਂ ਹੀ ਵਿੱਤੀ ਸਹਿਯੋਗ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਮਿਲਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਬਰੈਂਪਟਨ ਅਤੇ ਜੀ.ਟੀ.ਏ. ਦੇ ਬਿਜ਼ਨੈੱਸ ਅਦਾਰੇ ਵੀ ਉਸ ਦੇ ਇਸ ਮਕਸਦ ਦੀ ਪੂਰਤੀ ਲਈ ਸਹਾਇਤਾ ਕਰਨ ਲਈ ਅੱਗੇ ਆ ਸਕਦੇ ਹਨ।
ਰਾਜਪ੍ਰੀਤ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ ਭਾਰਤ ਵਿਚ ਪੜ੍ਹਦਿਆਂ ਸ਼ੂਟਿੰਗ ਮੁਕਾਬਲਿਆਂ ਵਿਚ ਹਿੱਸਾ ਲੈਣ ਦੀ ਤਿਆਰੀ ਅਤੇ ਇਨ੍ਹਾਂ ਵਿਚ ਸ਼ਮੂਲੀਅਤ ਕਰਨ ਲਈ ਉਨ੍ਹਾਂ ਦੇ ਪਰਿਵਾਰ ਵੱਲੋਂ ਹੁਣ ਤੱਕ ਲੱਗਭੱਗ ਇਕ ਕਰੋੜ ਰੁਪਏ ਦਾ ਖ਼ਰਚਾ ਕੀਤਾ ਜਾ ਚੁੱਕਾ ਹੈ। ਨਾ ਹੀ ਪੰਜਾਬ ਸਰਕਾਰ ਤੇ ਨਾ ਹੀ ਕੈਂਦਰ ਸਰਕਾਰ ਵੱਲੋਂ ਹੀ ਉਸ ਦੀ ਕੋਈ ਮਾਇਕ ਮਦਦ ਕੀਤੀ ਗਈ ਹੈ। ਕੈਨੇਡਾ ਵਿਚ ਹੋਏ ਇਸ ਸ਼ੂਟਿੰਗ ਮੁਕਾਬਲੇ ਦੀ ਤਿਆਰੀ ਲਈ ਵੀ ਸਾਰਾ ਖ਼ਰਚ ਪਰਿਵਾਰ ਵੱਲੋਂ ਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਓਲੰਪਿਕਸ ਵਿਚ ਜਾਣ ਦਾ ਰਾਜਪ੍ਰੀਤ ਦਾ ਸੁਪਨਾ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਓਨਟਾਰੀਓ ਦੀ ਸੂਬਾ ਸਰਕਾਰ ਅਤੇ ਕੈਨੇਡਾ ਦੀ ਫੈੱਡਰਲ ਸਰਕਾਰ ਉਸ ਦੀ ਹੌਸਲਾ-ਅਫਜ਼ਾਈ ਅਤੇ ਵਿੱਤੀ ਮਦਦ ਕਰੇ।