ਭਾਰਤੀ ਮੂਲ ਦੀਆਂ ਚਾਰ ਮਹਿਲਾਵਾਂ ਨੇ ਸੂਚੀ ਵਿਚ ਬਣਾਈ ਜਗ੍ਹਾ
ਨਿਊਯਾਰਕ/ਬਿਊਰੋ ਨਿਊਜ਼ : ਭਾਰਤੀ ਮੂਲ ਦੀਆਂ ਚਾਰ ਮਹਿਲਾਵਾਂ ਫੋਰਬਸ ਦੀ ‘ਆਪਣਾ ਮੁਕਾਮ ਖ਼ੁਦ ਹਾਸਲ ਕਰਨ ਵਾਲੀਆਂ’ 100 ਸਭ ਤੋਂ ਅਮੀਰ ਔਰਤਾਂ ਦੀ ਸੂਚੀ ਵਿੱਚ ਜਗ੍ਹਾ ਬਣਾਉਣ ‘ਚ ਸਫਲ ਰਹੀਆਂ ਹਨ। ਇਨ੍ਹਾਂ ਚਾਰ ਮਹਿਲਾਵਾਂ ਵਿੱਚ ਜੈਸ਼੍ਰੀ ਉੱਲਾਲ ਤੇ ਇੰਦਰਾ ਨੂਈ ਵੀ ਸ਼ਾਮਲ ਹਨ।
ਭਾਰਤੀ ਮੂਲ ਦੀਆਂ ਇਨ੍ਹਾਂ ਚਾਰੋਂ ਮਹਿਲਾਵਾਂ ਦੀ ਸੰਪਤੀ ਸਮੂਹਿਕ ਤੌਰ ‘ਤੇ 4.06 ਅਰਬ ਡਾਲਰ ਹੈ। ਫੋਰਬਸ ਦੀ ਇਸ ਸੂਚੀ ਵਿੱਚ ਕੰਪਿਊਟਰ ਨੈੱਟਵਰਕਿੰਗ ਫਰਮ ਅਰਿਸਟਾ ਨੈੱਟਵਰਕਸ ਦੀ ਪ੍ਰਧਾਨ ਤੇ ਸੀਈਓ ਜੈਸ਼੍ਰੀ ਉੱਲਾਲ, ਆਈਟੀ ਕੰਸਲਟਿੰਗ ਤੇ ਆਊਟਸੋਰਸਿੰਗ ਫਰਮ ਸਿੰਟੈਲ ਦੀ ਸਹਿ-ਸੰਸਥਾਪਕ ਨੀਰਜਾ ਸੇਠੀ, ਕਲਾਊਡ ਕੰਪਨੀ ਕੌਨਫਲਿਊਂਟ ਦੀ ਸਹਿ-ਸੰਸਥਾਪਕ ਤੇ ਸਾਬਕਾ ਚੀਫ ਟੈਕਨੋਲੋਜੀ ਅਫਸਰ (ਸੀਟੀਓ) ਨੇਹਾ ਨਾਰਖੇੜੇ ਅਤੇ ਪੈਪਸਿਕੋ ਦੀ ਸਾਬਕਾ ਚੇਅਰਮੈਨ ਤੇ ਸੀਈਓ ਇੰਦਰਾ ਨੂਈ ਸ਼ਾਮਲ ਹਨ। ਸ਼ੇਅਰ ਬਾਜ਼ਾਰਾਂ ਵਿੱਚ ਜਾਰੀ ਤੇਜ਼ੀ ਵਿਚਾਲੇ ਫੋਰਬਸ ਦੀਆਂ 100 ਅਮੀਰ ਮਹਿਲਾਵਾਂ ਦੀ ਸੂਚੀ ਵਿੱਚ ਸ਼ਾਮਲ ਮਹਿਲਾ ਉੱਦਮੀਆਂ ਦੀ ਕੁੱਲ ਸੰਪਤੀ ਇਕ ਸਾਲ ਪਹਿਲਾਂ ਦੇ ਮੁਕਾਬਲੇ 12 ਫੀਸਦ ਵਧ ਕੇ 124 ਅਰਬ ਡਾਲਰ ‘ਤੇ ਪਹੁੰਚ ਗਈ ਹੈ।
ਉੱਲਾਲ ਸੂਚੀ ਵਿੱਚ 15ਵੇਂ ਸਥਾਨ ‘ਤੇ ਹੈ ਅਤੇ ਉਨ੍ਹਾਂ ਦੀ ਕੁੱਲ ਸੰਪਤੀ 2.4 ਅਰਬ ਡਾਲਰ ਹੈ। ਉਹ 2008 ਤੋਂ ਜਨਤਕ ਤੌਰ ‘ਤੇ ਕਾਰੋਬਾਰ ਕਰਨ ਵਾਲੇ ਅਰਿਸਟਾ ਨੈੱਟਵਰਕਸ ਦੀ ਪ੍ਰਧਾਨ ਤੇ ਸੀਈਓ ਹੈ। ਅਰਿਸਟਾ ਨੇ 2022 ਵਿੱਚ ਲਗਪਗ 4.4 ਅਰਬ ਡਾਲਰ ਦਾ ਮਾਲੀਆ ਦਰਜ ਕੀਤਾ। ਉਹ ਕਲਾਊਡ ਕੰਪਿਊਟਿੰਗ ਕੰਪਨੀ ਸਨੋਫਲੇਕ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਵੀ ਸ਼ਾਮਲ ਹੈ।
ਸੂਚੀ ਵਿੱਚ 25ਵੇਂ ਸਥਾਨ ‘ਤੇ ਮੌਜੂਦ 68 ਸਾਲਾ ਸੇਠੀ ਦੀ ਕੁੱਲ ਸੰਪਤੀ 99 ਕਰੋੜ ਡਾਲਰ ਹੈ। ਸੇਠੀ ਤੇ ਉਨ੍ਹਾਂ ਦੇ ਪਤੀ ਭਰਤ ਦੇਸਾਈ ਵੱਲੋਂ 1980 ਵਿੱਚ ਸਹਿ ਸਥਾਪਤ ਸਿੰਟੈਲ ਨੂੰ ਅਕਤੂਬਰ 2018 ਵਿੱਚ ਫਰਾਂਸਿਸੀ ਆਈਟੀ ਫਰਮ ਐਟੋਸ ਐੱਸਈ ਨੇ 3.4 ਅਰਬ ਡਾਲਰ ਵਿੱਚ ਖਰੀਦਿਆ ਸੀ। ਸੇਠੀ ਨੂੰ ਆਪਣੀ ਹਿੱਸੇਦਾਰੀ ਲਈ ਅਨੁਮਾਨਿਤ ਤੌਰ ‘ਤੇ 51 ਕਰੋੜ ਡਾਲਰ ਮਿਲੇ ਸਨ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਐੱਮਬੀਏ ਕੀਤੀ ਹੈ ਅਤੇ ਓਕਲੈਂਡ ਯੂਨੀਵਰਸਿਟੀ ਤੋਂ ਐੱਮਐੱਸਸੀ ਕੀਤੀ ਹੈ।
ਉੱਧਰ, 38 ਸਾਲਾ ਨਾਰਖੇੜੇ 52 ਕਰੋੜ ਡਾਲਰ ਦੀ ਸੰਪਤੀ ਨਾਲ ਸੂਚੀ ਵਿੱਚ 38ਵੇਂ ਸਥਾਨ ‘ਤੇ ਹੈ। ਪੈਪਸਿਕੋ ਦੀ ਸਾਬਕਾ ਚੇਅਰਮੈਨ ਤੇ ਸੀਈਓ ਨੂਈ ਕੰਪਨੀ ਦੇ ਨਾਲ 24 ਸਾਲਾਂ ਤੱਕ ਰਹਿਣ ਤੋਂ ਬਾਅਦ 2019 ਵਿੱਚ ਸੇਵਾਮੁਕਤ ਹੋਈ ਸੀ। ਉਹ 2019 ਵਿੱਚ ਐਮਾਜ਼ੋਨ ਦੇ ਬੋਰਡ ਆਫ ਡਾਇਰੈਕਟਰਜ਼ ‘ਚ ਸ਼ਾਮਲ ਹੋਈ ਸੀ। ਉਨ੍ਹਾਂ ਦੀ ਕੁੱਲ ਸੰਪਤੀ 35 ਕਰੋੜ ਡਾਲਰ ਦੀ ਹੈ ਅਤੇ ਉਹ ਸੂਚੀ ਵਿੱਚ 77ਵੇਂ ਸਥਾਨ ‘ਤੇ ਹੈ। ਇਸ ਸੂਚੀ ਵਿੱਚ ਏਬੀਸੀ ਸਪਲਾਈ ਦੀ ਸਹਿ ਸੰਸਥਾਪਕ ਡਾਇਨੇ ਹੈਂਡਰਿਕਸ ਲਗਾਤਾਰ ਛੇਵੀਂ ਵਾਰ ਪਹਿਲੇ ਸਥਾਨ ‘ਤੇ ਰਹੀ ਹੈ। ਹੈਂਡਰਿਕਸ ਦੀ ਕੁੱਲ ਸੰਪਤੀ 15 ਅਰਬ ਡਾਲਰ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …