ਲਾਹੌਰ/ਬਿਊਰੋ ਨਿਊਜ਼
ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਦੇ ਪੂਰਬੀ ਹਿੱਸੇ ‘ਚ ਭੀੜ-ਭੜੱਕੇ ਵਾਲੇ ਪਾਰਕ ਅੰਦਰ ਹੋਏ ਫਿਦਾਈਨ ਹਮਲੇ ਦੌਰਾਨ ਬੱਚਿਆਂ ਅਤੇ ਔਰਤਾਂ ਸਮੇਤ 73 ਵਿਅਕਤੀ ਹਲਾਕ ਹੋ ਗਏ। ਈਸਟਰ ਦੀ ਛੁੱਟੀ ਹੋਣ ਕਾਰਨ ਹੱਦੋਂ ਵੱਧ ਲੋਕ ਪਾਰਕ ਅੰਦਰ ਹਾਜ਼ਰ ਸਨ ਜਿਨ੍ਹਾਂ ‘ਚ ਵੱਡੀ ਗਿਣਤੀ ਇਸਾਈ ਭਾਈਚਾਰੇ ਦੀ ਸੀ । ਜ਼ੋਰਦਾਰ ਧਮਾਕੇ ਕਾਰਨ 300 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਲਾਹੌਰ ਪੁਲੀਸ ਦੇ ਡਿਪਟੀ ਇੰਸਪੈਕਟਰ ਜਨਰਲ ਹੈਦਰ ਅਸ਼ਰਫ਼ ਨੇ ਦੱਸਿਆ ਕਿ ਮੁੱਢਲੀਆਂ ਰਿਪੋਰਟਾਂ ਮੁਤਾਬਕ ਫਿਦਾਈਨ ਹਮਲਾਵਰ ਨੇ ਸਿਟੀ ਸੈਂਟਰ ਨੇੜਲੇ ਪੌਸ਼ ਇਲਾਕੇ ਦੇ ਗੁਲਸ਼ਨ-ਏ-ਇਕਬਾਲ ਪਾਰਕ ਦੇ ਮੁੱਖ ਗੇਟ ਮੂਹਰੇ ਸ਼ਾਮੀਂ 6.40 ਵਜੇ ਧਮਾਕਾ ਕੀਤਾ।
ਇਸ ਧਮਾਕੇ ਵਿੱਚ 8 ਤੋਂ 10 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ ઠਵਰਤੀ ਗਈ ਹੋਣ ਦਾ ਅੰਦਾਜ਼ਾ ਹੈ। ਇਹ ਪਾਰਕ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਜੱਦੀ ਸ਼ਹਿਰ ‘ਚ ਪੈਂਦਾ ਹੈ।

