ਫਰੀਦਕੋਟ : ਫਰੀਦਕੋਟ ਜ਼ਿਲ੍ਹੇ ਦੇ ਪਿੰਡ ਵਾਂਦਰ ਜਟਾਣਾ ਦੇ ਵਸਨੀਕ ਇੰਜਨੀਅਰ ਅਮਰੀਕ ਸਿੰਘ (34) ਦੀ ਅਮਰੀਕਾ ਦੇ ਕੈਲੀਫੋਰਨੀਆ ਇਲਾਕੇ ‘ਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਅਮਰੀਕ ਸਿੰਘ ਦੀ ਮੌਤ ਦੀ ਖਬਰ ਆਉਂਦਿਆਂ ਹੀ ਪਿੰਡ ‘ਚ ਸੋਗ ਦਾ ਮਾਹੌਲ ਹੈ। ਉਸਦੀ ਮੌਤ ਦੀ ਖਬਰ ਤੋਂ ਬਾਅਦ ਪੰਜਾਬ ‘ਚ ਰਹਿ ਰਹੇ ਉਸਦੇ ਪਰਿਵਾਰਕ ਮੈਂਬਰ ਸਦਮੇ ਵਿੱਚ ਹਨ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਅਕਾਲੀ ਦਲ ਦੇ ਆਗੂ ਕੁਲਤਾਰ ਸਿੰਘ ਬਰਾੜ ਨੇ ਪਿੰਡ ਵਾਂਦਰ ਜਟਾਣਾ ਵਿੱਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਪਰਿਵਾਰਕ ਸੂਤਰਾਂ ਮੁਤਾਬਕ ਇਹ ਹਾਦਸਾ ਕੈਲੀਫੋਰਨੀਆ ਦੀ ਸੈਂਟਰ ਵੈਲੀ ‘ਚ ਵਾਪਰਿਆ। ਅਮਰੀਕ ਸਿੰਘ ਕਰੀਬ 23 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਕੇ ਅਮਰੀਕਾ ਗਿਆ ਸੀ ਅਤੇ ਉਹ ਪਰਿਵਾਰ ਦਾ ਇਕੱਲਾ ਲੜਕਾ ਸੀ। ਅਮਰੀਕ ਸਿੰਘ ਦੇ ਮਾਤਾ-ਪਿਤਾ ਵੀ ਇਸ ਸਮੇਂ ਅਮਰੀਕਾ ਵਿੱਚ ਰਹਿ ਰਹੇ ਹਨ।