Breaking News
Home / ਦੁਨੀਆ / ਯੂਕਰੇਨ ਤੇ ਰੂਸ ਵਿਚਾਲੇ ਛਿੜੀ ਜੰਗ ਕਾਰਨ ਆ ਸਕਦਾ ਹੈ ਅਨਾਜ ਦਾ ਸੰਕਟ

ਯੂਕਰੇਨ ਤੇ ਰੂਸ ਵਿਚਾਲੇ ਛਿੜੀ ਜੰਗ ਕਾਰਨ ਆ ਸਕਦਾ ਹੈ ਅਨਾਜ ਦਾ ਸੰਕਟ

ਰੂਸ ‘ਤੇ ਪਾਬੰਦੀਆਂ ਕਾਰਨ ਜੌਂ ਤੇ ਕਣਕ ਸਮੇਤ ਸੂਰਜਮੁਖੀ ਦੇ ਤੇਲ ਦੀ ਸਪਲਾਈ ਹੋਵੇਗੀ ਪ੍ਰਭਾਵਿਤ
ਚੰਡੀਗੜ੍ਹ/ਬਿਊਰੋ ਨਿਊਜ਼ : ਰੂਸ ਅਤੇ ਯੂਕਰੇਨ ਦਰਮਿਆਨ ਛਿੜੇ ਯੁੱਧ ਕਾਰਨ ਆਲਮੀ ਪੱਧਰ ‘ਤੇ ਜਿਸ ਤਰ੍ਹਾਂ ਅਮਰੀਕਾ, ਕੈਨੇਡਾ ਸਮੇਤ ਸਮੁੱਚੇ ਯੂਰਪੀ ਅਤੇ ਏਸ਼ੀਆ ਦੇ ਪ੍ਰਭਾਵਸ਼ਾਲੀ ਮੁਲਕਾਂ ਨੇ ਰੂਸ ‘ਤੇ ਪਾਬੰਦੀਆਂ ਲਾਈਆਂ ਹਨ, ਉਸ ਨਾਲ ਯੂਰਪ ਸਮੇਤ ਹੋਰਨਾਂ ਮੁਲਕਾਂ ਵਿੱਚ ਕਣਕ, ਜੌਂ ਅਤੇ ਖਾਣ ਵਾਲੇ ਤੇਲਾਂ ਦੀ ਭਾਰੀ ਕਮੀ ਆ ਸਕਦੀ ਹੈ।
ਪੰਜਾਬ ਸਰਕਾਰ ਦੇ ਬਰਾਮਦਾਂ ਨਾਲ ਜੁੜੇ ਵਿਭਾਗਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ਸਮੇਤ ਸਮੁੱਚੀ ਦੁਨੀਆ ਲਈ ਸੂਰਜਮੁਖੀ ਦਾ 76 ਫੀਸਦੀ ਹਿੱਸਾ ਯੂਕਰੇਨ ਅਤੇ ਰੂਸ ਸਪਲਾਈ ਕਰਦੇ ਹਨ। ਇਸੇ ਤਰ੍ਹਾਂ ਇਹ ਦੋਵੇਂ ਮੁਲਕ ਪੂਰੀ ਦੁਨੀਆ ਨੂੰ 14 ਫੀਸਦੀ ਕਣਕ ਅਤੇ 29 ਫੀਸਦੀ ਹਰ ਕਿਸਮ ਦਾ ਅਨਾਜ ਸਪਲਾਈ ਕਰਦੇ ਹਨ।
ਦੁਨੀਆ ਵਿੱਚ ਜ਼ਿਆਦਾਤਰ ਬੀਅਰ ਜੌਂ ਤੋਂ ਬਣਦੀ ਹੈ ਤੇ 14 ਫੀਸਦੀ ਜੌਂ ਇਹ ਦੋਵੇਂ ਮੁਲਕ ਭੇਜਦੇ ਹਨ, ਜੋ ਕਿ ਦੁਨੀਆ ਵਿੱਚ ਜੌਂ ਦੀ ਬਰਾਮਦਗੀ ਦਾ ਇੱਕ ਤਿਹਾਈ ਹਿੱਸਾ ਬਣਦਾ ਹੈ। ਇਸੇ ਤਰ੍ਹਾਂ ਰੂਸ ਖਾਦਾਂ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ। ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਦੀ ਵੱਡੀ ਸਪਲਾਈ ਦੁਨੀਆਂ ਦੇ ਮੁਲਕਾਂ ਨੂੰ ਇੱਥੋਂ ਹੁੰਦੀ ਹੈ ਤੇ ਇਸ ਨਾਲ ਖਾਦਾਂ ਦੀਆਂ ਕੀਮਤਾਂ ਵੀ ਵਧਣਗੀਆਂ। ਖਾਦਾਂ ਦੇ ਭਾਅ ਵਧਣ ਨਾਲ ਪੰਜਾਬ ਦੇ ਕਿਸਾਨਾਂ ਦੀ ਖੇਤੀ ਲਾਗਤ ਵੀ ਵਧੇਗੀ। ਇਹ ਵੀ ਤੱਥ ਹੈ ਕਿ ਰੂਸ ਦੀ ਕੁਦਰਤੀ ਗੈਸਾਂ ਦੀ ਬਰਾਮਦ ਦੇ ਖੇਤਰ ਵਿੱਚ ਵੀ ਸਰਦਾਰੀ ਹੈ।
ਇਸ ਯੁੱਧ ਕਾਰਨ ਅਨਾਜ, ਖਾਣ ਵਾਲੇ ਤੇਲ ਦੀ ਯੂਰਪ ਦੇ ਮੁਲਕਾਂ ਸਮੇਤ ਅਫਰੀਕੀ ਤੇ ਏਸ਼ੀਆਈ ਮੁਲਕਾਂ ਮੂਹਰੇ ਸੰਕਟ ਖੜ੍ਹਾ ਹੋ ਸਕਦਾ ਹੈ। ਯੁੱਧ ਮਗਰੋਂ ਦੁਨੀਆ ਦੇ ਵੱਡੇ ਮੁਲਕਾਂ ਵੱਲੋਂ ਰੱਖਿਆ ਦਾ ਬਜਟ ਵਧਾਉਣ ਦੀ ਸੰਭਾਵਨਾ ਹੈ, ਜਿਸ ਦੇ ਸੰਕੇਤ ਜਰਮਨੀ ਤੋਂ ਆਉਣੇ ਸ਼ੁਰੂ ਵੀ ਹੋ ਗਏ ਹਨ। ਇਸ ਤਰ੍ਹਾਂ ਸਿਹਤ, ਸਿੱਖਿਆ ਅਤੇ ਖੇਤੀਬਾੜੀ ਦਾ ਖੇਤਰ ਹਾਸ਼ੀਏ ‘ਤੇ ਜਾਣ ਦਾ ਡਰ ਬਣ ਗਿਆ ਹੈ। ਪੰਜਾਬ ਤੋਂ ਹੁਣ ਤੱਕ ਸਿਰਫ ਬਾਸਮਤੀ ਹੀ ਬਰਾਮਦ ਕੀਤੀ ਜਾਂਦੀ ਰਹੀ ਹੈ, ਉਹ ਵੀ ਮੱਧ ਪੂਰਬ ਦੇ ਮੁਲਕਾਂ ਨੂੰ। ਇਸ ਜੰਗ ਤੋਂ ਪੈਣ ਵਾਲੇ ਪ੍ਰਭਾਵਾਂ ਤੋਂ ਸੁਚੇਤ ਹੋ ਕੇ ਪੰਜਾਬ ਤੋਂ ਭਵਿੱਖ ‘ਚ ਕਣਕ, ਜੌਂ ਅਤੇ ਸੂਰਜਮੁਖੀ ਦੀ ਬਰਾਮਦ ਵਧਾਈ ਜਾ ਸਕਦੀ ਹੈ, ਜਿਸ ਨਾਲ ਖੇਤੀ ਵਿਭਿੰਨਤਾ ਦਾ ਕੰਮ ਰਾਸ ਆਉਣ ਦੀ ਸੰਭਾਵਨਾ ਹੈ।
ਪੰਜਾਬ ਦੇ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਕਪਾਹ ਪੱਟੀ ਵਿੱਚ ਜੌਂ ਦੀ ਖੇਤੀ ਨੂੰ ਉਤਸ਼ਾਹਤ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਸੂਰਜਮੁਖੀ ਦੀ ਫਸਲ ਹੇਠ ਵੀ ਰਕਬਾ ਵਧਾਇਆ ਜਾ ਸਕਦਾ ਹੈ। ਸੂਬੇ ਦੇ ਖੇਤੀਬਾੜੀ ਵਿਭਾਗ ਦਾ ਦੱਸਣਾ ਹੈ ਕਿ ਇਸ ਸਾਲ ਜੌਂ ਦੀ ਫ਼ਸਲ ਹੇਠ ਰਕਬਾ ਮਹਿਜ਼ 7 ਹਜ਼ਾਰ ਹੈਕਟੇਅਰ ਤੱਕ ਹੀ ਹੈ।
ਸੂਬੇ ਵਿੱਚ ਜੌਂ ਤੇ ਸੂਰਜਮੁਖੀ ਦੀ ਫ਼ਸਲ ਵੱਲ ਕਿਸਾਨਾਂ ਨੂੰ ਉਤਸ਼ਾਹਿਤ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ‘ਚੋਂ ਵੀ ਕੱਢਿਆ ਜਾ ਸਕਦਾ ਹੈ ਅਤੇ ਕਿਸਾਨਾਂ ਦੀ ਆਮਦਨ ਵੀ ਵੱਧ ਸਕਦੀ ਹੈ। ਬਰਾਮਦਕਾਰਾਂ ਦਾ ਕਹਿਣਾ ਹੈ ਕਿ ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਹਮਲੇ ਨਾਲ ਮਹਿਜ਼ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ‘ਚ ਵਾਧੇ ਦਾ ਹੀ ਅੰਦਾਜ਼ਾ ਲਾਇਆ ਜਾ ਰਿਹਾ ਹੈ, ਜਦੋਂ ਕਿ ਸਮੁੱਚੇ ਅਰਥਚਾਰੇ ‘ਤੇ ਇਸ ਦੇ ਡੂੰਘੇ ਪ੍ਰਭਾਵ ਪੈਣਗੇ। ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਟੱਪ ਜਾਣ ਕਾਰਨ ਪੈਟਰੋਲ ਅਤੇ ਡੀਜ਼ਲ ਤੇ ਭਾਅ ਅਸਮਾਨੀ ਚੜ੍ਹਨ ਨਾਲ ਮਹਿੰਗਾਈ ਲਾਜ਼ਮੀ ਵਧੇਗੀ। ਅਮਰੀਕਾ, ਕੈਨੇਡਾ ਅਤੇ ਸਮੁੱਚੇ ਯੂਰਪੀ ਮੁਲਕਾਂ ਵੱਲੋਂ ਰੂਸ ‘ਤੇ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਕਾਰਨ ਯੂਰਪੀ ਮੁਲਕਾਂ ਨੂੰ ਰੂਸ ਤੋਂ ਅਨਾਜ, ਤੇਲ ਅਤੇ ਗੈਸ ਦੀ ਹੋਣ ਵਾਲੀ ਸਪਲਾਈ ਠੱਪ ਹੋਣ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ ਜਿਸ ਕਾਰਨ ਮਹਿੰਗਾਈ ਵਧੇਗੀ ਤੇ ਰੂਸ ਵਿੱਚ ਵੀ ਭੰਡਾਰ ਵੱਧ ਜਾਣਗੇ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …