Breaking News
Home / ਰੈਗੂਲਰ ਕਾਲਮ / ਸੁਕਆਡਰਨ ਦਾ ਨਵਾਂ ਮੁਕਾਮ-ਜੋਧਪੁਰ

ਸੁਕਆਡਰਨ ਦਾ ਨਵਾਂ ਮੁਕਾਮ-ਜੋਧਪੁਰ

ਜਰਨੈਲ ਸਿੰਘ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
(ਕਿਸ਼ਤ 22ਵੀਂ)
ਸੁਕਆਡਰਨ ਦੀ ਵਿਸ਼ੇਸ਼ ਐਨਿਵਰਸਰੀ
ਹਵਾਈ ਸੈਨਾ ਦਾ ਟਰੱਕ ਦਰਾਂ ਮੂਹਰੇ ਆ ਖਲੋਇਆ। ਮਨਜੀਤ ਨੇ ਮੇਰਾ ਅਟੈਚੀ ਤੇ ਬਿਸਤਰਬੰਦ ਟਰੱਕ ‘ਚ ਫੜਾ ਦਿੱਤੇ। ਸੁੱਤੇ ਪਏ ਹਰਪ੍ਰੀਤ ਦਾ ਮੱਥਾ ਚੁੰਮਦਿਆਂ ਮੇਰਾ ਚਿੰਤਤ ਮਨ ਬੋਲ ਉੱਠਿਆ, ‘ਰੁਜ਼ਗਾਰ ਖਾਤਰ ਮੈਂ ਆਪਣੀ ਜਾਨ ਦੇਸ਼ ਦੇ ਨਾਂ ਕੀਤੀ ਹੋਈ ਏ। ਮੇਰਾ ਇਹ ਰੁਜ਼ਗਾਰ, ਮੇਰੇ ਟੱਬਰ ਲਈ ਕਿਤੇ ਸਰਾਪ ਨਾ ਬਣ ਜਾਏ।’ ਜੰਗ ਦੀ ਭੇਟ ਚੜ੍ਹੇ ਸੈਨਿਕਾਂ ਦੇ ਅਨੇਕਾਂ ਪਰਿਵਾਰ ਮੈਂ ਰੁਲ਼ਦੇ ਵੇਖੇ ਸਨ। ਆਪਣੇ ਆਪ ਨੂੰ ਅਡੋਲ ਦਿਖਾਉਂਦਿਆਂ ਮੈਂ ਕੁਲਵੰਤ ਤੋਂ ਵਿਦਾ ਲਈ। ਟਰੱਕ ਵਿਚਲੇ ਸੈਨਿਕਾਂ ਨਾਲ਼ ਦੁਆ-ਸਲਾਮ ਹੋਈ। ਮਾਹੌਲ ਗੰਭੀਰ ਸੀ। ਟਰੱਕ, ਸੈਨਿਕਾਂ ਨੂੰ ਘਰਾਂ-ਕੁਆਟਰਾਂ ਤੋਂ ਲੈ ਕੇ ਰੇਲਵੇ ਸਟੇਸ਼ਨ ਪਹੁੰਚ ਗਿਆ। ਰਾਤ ਦੇ ਦਸ ਕੁ ਵਜੇ ਜੋਧਪੁਰ ਤੋਂ ਚਾਰ ਕੁ ਡੱਬਿਆਂ ਦੀ ਇਕ ਪੈਸੈਂਜਰ ਗੱਡੀ ਉੱਤਰਲਾਏ ਜਾਂਦੀ ਸੀ। ਸਾਡਾ ਪ੍ਰਬੰਧ ਉਸ ਗੱਡੀ ਵਿਚ ਕੀਤਾ ਗਿਆ ਸੀ। ਟਰਾਂਸਪੋਰਟ ਜਹਾਜ਼ ਰਾਹੀਂ ਸਿਰਫ਼ ਅੱਧਾ ਘੰਟਾ ਲੱਗਣਾ ਸੀ। ਪਰ ਏਨੇ ਤਕਨੀਸ਼ਨਾਂ ਨੂੰ ‘ਕੱਠਿਆਂ ਜਹਾਜ਼ ‘ਚ ਭੇਜਣਾ ਖ਼ਤਰੇ ਵਾਲ਼ੀ ਗੱਲ ਸੀ। ਸਾਡੇ ਉਸ ਜਹਾਜ਼ ‘ਤੇ ਪਾਕਿਸਤਾਨੀ ਜਹਾਜ਼ ਹਮਲਾ ਕਰ ਸਕਦੇ ਸਨ। ਗੱਡੀ ਵਿਚ ਜ਼ਿਆਦਾ ਗਿਣਤੀ ਸਾਡੀ ਹੀ ਸੀ। ਮੁਸਾਫਰ ਥੋੜ੍ਹੇ ਕੁ ਹੀ ਸਨ।
ਅਜੇ ਮਸਾਂ ਇਕ ਤਿਹਾਈ ਸਫਰ ਹੀ ਮੁੱਕਿਆ ਸੀ ਕਿ ਸਾਡੀ ਰੇਲ-ਗੱਡੀ ਇਕ ਛੋਟੇ ਜਿਹੇ ਸਟੇਸ਼ਨ ‘ਤੇ ਖੁੱਡੇ-ਲਾਈਨ ਲਾ ਦਿੱਤੀ ਗਈ। ਸਭ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ। ਜੋਧਪੁਰ ਅਤੇ ਉੱਤਰਲਾਏ ਦੇ ਹਵਾਈ-ਅੱਡਿਆਂ ‘ਤੇ ਬੰਬਾਰੀ ਸ਼ੁਰੂ ਹੋ ਗਈ ਸੀ। ਠਰੀ-ਸਹਿਮੀ ਰਾਤ ਵਿਚ, ਸਾਂ-ਸਾਂ ਕਰਦੇ ਮਾਰੂਥਲ ਵਿਚੋਂ ਖੌਫ ਉੱਭਰ ਰਿਹਾ ਸੀ…ਸਾਡੇ ਡੱਬੇ ਵਿਚ ਹੁੰਦੀ ਟਾਵੀਂ-ਟਾਵੀਂ ਗੱਲਬਾਤ ਸੰਘਣੀ ਹੋ ਗਈ। ਅਸੀਂ ਭਾਰਤ ਸਰਕਾਰ ਨੂੰ ਕੋਸ ਰਹੇ ਸਾਂ ਕਿ ਜਦ ਚੰਗਾ ਭਲਾ ਪਤਾ ਸੀ ਕਿ ਜੰਗ ਹੋਣੀ ਹੀ ਹੈ ਤਾਂ ਹਵਾਈ ਹਮਲਿਆਂ ਦੀ ਪਹਿਲ ਭਾਰਤ ਨੇ ਕਿਉਂ ਨਾ ਕੀਤੀ। ਜਿਸ ਹਿਸਾਬ ਨਾਲ਼ ਪਾਕਿਸਤਾਨ ਵੱਲੋਂ ਸਾਰੇ ਪਾਸੀਂ ਬੰਬਾਰੀ ਹੋ ਰਹੀ ਸੀ, ਸਾਡੇ ਹਵਾਈ-ਅੱਡਿਆ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਸੀ।
ਦੋ ਕੁ ਸੈਨਿਕਾਂ ਕੋਲ਼ ਟਰਾਂਜਿਸਟਰ ਸਨ। ਗੱਲਾਂ ਦੇ ਨਾਲ਼-ਨਾਲ਼ ਅਸੀਂ ਖ਼ਬਰਾਂ ਵੀ ਸੁਣ ਰਹੇ ਸਾਂ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਸ ਦਿਨ ਦਿੱਲੀ ਤੋਂ ਬਾਹਰ ਸੀ। ਅੱਧੀ ਰਾਤ ਦੇ ਕਰੀਬ ਦਿੱਲੀ ਪਰਤ ਕੇ ਉਸ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਪਾਕਿਸਤਾਨ ਵਿਰੁੱਧ ਜੰਗ ਦਾ ਐਲਾਨ ਕਰਦਿਆਂ ਉਸਦੀ ਆਵਾਜ਼ ਵਿਚਲੀ ਕੰਬਣੀ ਸਾਫ ਜ਼ਾਹਰ ਹੋ ਰਹੀ ਸੀ। ਕੰਬਣੀ ਦਾ ਕਾਰਨ ਪਾਕਿਸਤਾਨ ਦੇ ਤਾਬੜਤੋੜ ਹਵਾਈ ਹਮਲੇ ਸਨ। ਤੜਕਸਾਰ ਗੱਡੀ ਨੂੰ ਚੱਲਣ ਦਾ ਆਦੇਸ਼ ਮਿਲ਼ਿਆ। ਅੱਠ ਕੁ ਵਜੇ ਜਦੋਂ ਅਸੀਂ ਉੱਤਰਲਾਏ ਪਹੁੰਚੇ ਤਾਂ ਸਾਡੇ ਚਾਰ ਜਹਾਜ਼ ਗੂੰਜਾਂ ਪਾਉਂਦੇ ਚੜ੍ਹ ਰਹੇ ਸਨ। ਸਾਡਾ ਹੌਸਲਾ ਵਧਿਆ। ਅਸੀਂ ਜੰਗ ਲੜਨ ਦੇ ਸਮਰੱਥ ਸਾਂ। ਪੱਕੇ-ਮਜ਼ਬੂਤ ਸ਼ੈੱਡਾਂ ਵਿਚ ਲੁਕਾਏ ਹੋਣ ਕਰਕੇ ਸਾਡੇ ਜਹਾਜ਼ਾਂ ਦਾ ਨੁਕਸਾਨ ਨਹੀਂ ਸੀ ਹੋਇਆ । ਹਾਂ, ਸਾਡਾ ਰਨਵੇਅ ਕਈ ਥਾਵਾਂ ਤੋਂ ਤੋੜ ਦਿੱਤਾ ਗਿਆ ਸੀ। ਜਹਾਜ਼ ਰਨਵੇਅ ਦੇ ਸਮਾਨਅੰਤਰ ਬਣੇ ਲੰਮੇ-ਚੌੜੇ ਟੈਕਸੀਵੇਅ ਤੋਂ ਚੜ੍ਹੇ ਸਨ। ਹਵਾਈ-ਅੱਡੇ ਦੀ ਉਸਾਰੀ ਸਮੇਂ, ਇਸ ਤਰ੍ਹਾਂ ਦਾ ਟੈਕਸੀਵੇਅ ਬਣਾਉਣ ਦੀ ਮਾਹਿਰਾਂ ਦੀ ਸਕੀਮ ਕੰਮ ਆ ਗਈ ਸੀ। ਜੋਧਪੁਰ ਤੋਂ ਦੋਨਾਂ ਸੁਕਆਡਰਨਾਂ ਦੇ ਬਾਕੀ ਜਹਾਜ਼ ਵੀ ਪਹੁੰਚ ਚੁੱਕੇ ਸਨ।
ਦੁਪਹਿਰ ਤੱਕ ਸਾਰੇ ਹਵਾਈ ਅੱਡਿਆਂ ਤੋਂ ਖ਼ਬਰਾਂ ਮਿਲ਼ ਗਈਆਂ ਸਨ। ਪਾਕਿਸਤਾਨੀ ਬੰਬਾਰੀ ਨਾਲ਼ ਭਾਰਤੀ ਹਵਾਈ ਜਹਾਜ਼ਾਂ ਦਾ ਕੋਈ ਖਾਸ ਨੁਕਸਾਨ ਨਹੀਂ ਸੀ ਹੋਇਆ। ਉੱਤਰਲਾਏ ਵਾਂਗ, ਬਹੁਤੇ ਹਵਾਈ ਅੱਡਿਆਂ ਦੇ ਜਹਾਜ਼ ਮਜ਼ਬੂਤ ਸ਼ੈੱਡਾਂ ਵਿਚ ਸੁਰੱਖਿਅਤ ਕੀਤੇ ਹੋਏ ਸਨ। ਰਨਵੇਆਂ ਦੀ ਭੰਨ-ਤੋੜ ਕਾਫ਼ੀ ਅੱਡਿਆਂ ‘ਤੇ ਹੋਈ ਸੀ, ਜਿਨ੍ਹਾਂ ਦੀ ਮੁਰੰਮਤ ਜ਼ੋਰਾਂ-ਸ਼ੋਰਾਂ ਨਾਲ਼ ਚੱਲ ਰਹੀ ਸੀ।
ਸਾਡੇ ਮਾਰੂਤ ਜਹਾਜ਼ਾਂ ਨੇ ਆਕਾਸ਼ ਵਿਚੋਂ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ। ਅਸੀਂ ਆਪੋ ਆਪਣੇ ਟਰੇਡ ਦੀ ਸਰਵਿਸਿੰਗ ਫਟਾਫਟ ਨਿਬੇੜਦੇ, ਹਥਿਆਰਸਾਜ਼ ਹਦਾਇਤਾਂ ਅਨੁਸਾਰ ਗੋਲੀਆਂ, ਰਾਕਟ ਤੇ ਬੰਬ ਲੋਡ ਕਰ ਦਿੰਦੇ। ਫਲਾਈਂਗ-ਸੂਟਾਂ ‘ਚ ਕੱਸੇ ਪਾਇਲਟ, ਤਿਆਰ ਕੀਤੇ ਜਹਾਜ਼ਾਂ ਨੂੰ ਸੰਬੰਧਿਤ ਨਿਸ਼ਾਨਿਆਂ ਦੀ ਸੇਧ ਵਿਚ ਉਡਾ ਲਿਜਾਂਦੇ। ਸਾਡੇ ਹਵਾਈ ਅੱਡੇ ‘ਤੇ ਅਜੇ ਤੱਕ ਪਾਕਿਸਤਾਨੀ ਜਹਾਜ਼ਾਂ ਦਾ ਦਿਨ ਵੇਲੇ ਦਾਅ ਨਹੀਂ ਸੀ ਲੱਗਾ। ਪਰ ਰਾਤਾਂ ਨੂੰ ਉਹ ਅਕਸਰ ਹੀ ਆ ਧਮਕਦੇ। ਸਾਡੇ ਜਹਾਜ਼ ਨਾਈਟ-ਫਾਈਟਰ ਨਹੀਂ ਸਨ, ਜਿਸ ਕਰਕੇ ਹਮਲਾਵਰ ਜਹਾਜ਼ਾਂ ਨੂੰ ਖਦੇੜਨਾ ਸੰਭਵ ਨਹੀਂ ਸੀ। ਜਹਾਜ਼-ਮਾਰੂ ਤੋਪਾਂ ਥੋੜ੍ਹੀਆਂ ਹੋਣ ਕਾਰਨ, ਬਾਰੂਦੀ ਗੋਲ਼ਿਆਂ ਦੀ ਬਚਾਓ-ਛਤਰੀ ਓਨੀ ਪ੍ਰਭਾਵਕਾਰੀ ਨਹੀਂ ਸੀ ਬਣਦੀ। ਲੁਕਣ ਲਈ ਖੋਦੇ ਹੋਏ ਮੋਰਚੇ ਉੱਡਦੀ ਰੇਤ ਨਾਲ਼ ਭਰ ਜਾਇਆ ਕਰਦੇ ਸਨ। ਇਕ ਰਾਤ, ਬੰਬ ਸਾਡੇ ਤੰਬੂਆਂ ਦੇ ਬਿਲਕੁਲ ਨਜ਼ਦੀਕ ਡਿਗੇ। ਕਿਸਮਤ ਚੰਗੀ ਸਮਝੋ ਕਿ ਪਾਕਿਸਤਾਨੀ ਪਾਇਲਟ ਜ਼ਰਾ ਕੁ ਉੱਕ ਗਿਆ। ਜੇ ਉਹ ਤਿੰਨ ਸੈਕਿੰਡ ਬਾਅਦ ਬੰਬ ਰਿਲੀਜ਼ ਕਰਦਾ ਤਾਂ ਸਾਡੇ ਸਾਰੇ ਤਕਨੀਸ਼ਨਾਂ ਦੀ ਬੋਟੀ-ਬੋਟੀ ਉੱਡ ਜਾਣੀ ਸੀ।
ਅਗਲੇ ਦਿਨ ਅਸੀਂ ਆਪਣੇ ਇੰਚਾਰਜਾਂ ਨੂੰ ਕਿਹਾ, ਉਨ੍ਹਾਂ ਸੁਕਆਡਰਨਾਂ ਦੇ ਕਮਾਂਡਰਾਂ ਨਾਲ਼ ਗੱਲ਼ ਕੀਤੀ ਤੇ ਸਾਨੂੰ ਜਹਾਜ਼ ਦੇ ਸ਼ੈੱਡਾਂ ਅੰਦਰ ਸੌਣ ਦੀ ਇਜਾਜ਼ਤ ਮਿਲ਼ ਗਈ। ਹਰ ਸ਼ੈੱਡ ਦੇ ਪਿਛਲੇ ਪਾਸੇ ਜੈੱਟ-ਜਹਾਜ਼ ਦੇ ਧੂੰਏਂ ਤੇ ਗੈਸਾਂ ਦੀ ਬਲਾਸਟ ਦਾ ਨਿਕਾਸ ਬਣਿਆ ਹੋਇਆ ਸੀ। ਉਸ ਸੁਰੰਗ-ਨੁਮਾ ਨਿਕਾਸ ਅੰਦਰ ਅਸੀਂ ਆਪਣੇ ਆਪ ਨੂੰ ਪੂਰਨ ਤੌਰ ‘ਤੇ ਸੁਰੱਖਿਅਤ ਮਹਿਸੂਸ ਕਰਦੇ ਸਾਂ। ਰਾਤ ਨੂੰ ਅਸੀਂ ਉਸ ਸੁਰੰਗ ਜਿਹੀ ਦੇ ਫਰਸ਼ ‘ਤੇ ਬਿਸਤਰੇ ਵਿਛਾ ਲੈਂਦੇ ਤੇ ਦਿਨੇ ਇਕੱਠੇ ਕਰਕੇ ਇਕ ਪਾਸੇ ਰੱਖ ਦੇਂਦੇ।
ਸਾਡੇ ਸੁਕਆਡਰਨ ਕਮਾਂਡਰਾਂ ਨੇ ਉੱਪਰਲੀ ਕਮਾਂਡ ਨੂੰ ਉੱਤਰਲਾਏ ‘ਚ ਨਾਈਟ-ਫਾਈਟਰ ਜਹਾਜ਼ ਭੇਜਣ ਵਾਸਤੇ ਕਿਹਾ ਹੋਇਆ ਸੀ ਪਰ ਅਜੇ ਨਾਈਟ-ਫਾਈਟਰ ਹੋਰ ਥਾਈਂ ਜ਼ਿਆਦਾ ਲੋੜੀਂਦੇ ਸਨ। ਉਹ ਜੰਗ ਭਾਵੇਂ ਭਾਰਤ-ਪਾਕਿ ਬਾਰਡਰ ਦੇ ਸਾਰੇ ਸੈਕਟਰਾਂ ‘ਚ ਲੜੀ ਜਾ ਰਹੀ ਸੀ ਪਰ ਭਾਰਤ ਦਾ ਮੁੱਖ ਲਕਸ਼ ਬੰਗਲਾਦੇਸ਼ ਨੂੰ ਛੇਤੀ ਤੋਂ ਛੇਤੀ ਆਜ਼ਾਦ ਕਰਾਉਣਾ ਸੀ। ਇਸ ਕਰਕੇ ਭਾਰਤ ਦੀਆਂ ਥਲ, ਜਲ ਤੇ ਹਵਾਈ ਸੈਨਾਵਾਂ ਦਾ ਬਹੁਤਾ ਜ਼ੋਰ ਪੂਰਬੀ ਪਾਕਿਸਤਾਨ ਵੱਲ ਲੱਗਾ ਹੋਇਆ ਸੀ।
ਪਾਕਿਸਤਾਨ ਦੀਆਂ ਤਿੰਨੇ ਸੈਨਾਵਾਂ ਵੀ ਪੂਰੇ ਜ਼ੋਰਾਂ-ਸ਼ੋਰਾਂ ਨਾਲ਼ ਲੜ ਰਹੀਆਂ ਸਨ। ਇਕ ਦਿਨ ਮਾਰ ‘ਤੇ ਗਏ ਸਾਡੇ ਜਹਾਜ਼ਾਂ ਦੀ ਓਧਰਲਿਆਂ ਨਾਲ਼ ਡੌਗ-ਫਾਈਟ ਹੋ ਗਈ। ਉਨ੍ਹਾਂ ਸਾਡਾ ਇਕ ਜਹਾਜ਼ ਸੁੱਟ ਲਿਆ। ਉਸਦਾ ਪਾਇਲਟ ਫਲਾਈਟ ਲੈਫਟੀਨੈਂਟ ਭਾਰਗਵ ਪੈਰਾਸ਼ੂਟ ਰਾਹੀਂ ਬਾਹਰ ਕੁੱਦ ਗਿਆ ਤੇ ਜੰਗੀ ਕੈਦੀ ਬਣਾ ਲਿਆ ਗਿਆ। ਥੋੜ੍ਹੇ ਕੁ ਦਿਨਾਂ ਬਾਅਦ ਇਸੇ ਤਰ੍ਹਾਂ ਦੀ ਵਾਰਦਾਤ ਵਿਚ ਦੂਜੇ ਸੁਕਆਡਰਨ ਦਾ ਇਕ ਜਹਾਜ਼ ਜਾਂਦਾ ਲੱਗਾ। ਉਸਦੇ ਪਾਇਲਟ ਫਲਾਈਟ ਲੈਫਟੀਨੈਂਟ ਕਾਮਥ ਨੂੰ ਵੀ ਜੰਗੀ ਕੈਦੀ ਬਣਾ ਲਿਆ ਗਿਆ।
ਜੰਗ ਦੀ ਜਿੱਤ-ਹਾਰ ਸਿਰਫ਼ ਹਥਿਆਰਾਂ ਦੀ ਕਿਸਮ ‘ਤੇ ਹੀ ਨਹੀਂ ਹਥਿਆਰ ਵਰਤਣ ਵਾਲ਼ੇ ਸੈਨਿਕਾਂ ਦੀ ਕੁਸ਼ਲਤਾ ਤੇ ਬਹਾਦਰੀ ‘ਤੇ ਵੀ ਨਿਰਭਰ ਕਰਦੀ ਹੈ। ਸਾਡਾ ਪਾਇਲਟ ਸੁਕਆਡਰਨ ਲੀਡਰ ਕੇ.ਕੇ ਬਖਸ਼ੀ ਪਾਕਿਸਤਾਨ ਦੇ ਕਿਸੇ ਫੌਜੀ ਟਿਕਾਣੇ ‘ਤੇ ਬੰਬਾਰੀ ਕਰਕੇ ਜਦੋਂ ਵਾਪਸ ਆ ਰਿਹਾ ਸੀ ਤਾਂ ਇਕ ਪਾਕਿਸਤਾਨੀ ਪਾਇਲਟ ਉਸ ਨਾਲ਼ ਭਿੜ ਪਿਆ। ਫਸਵੀਂ ਡੌਗ-ਫਾਈਟ ‘ਚ ਬਖਸ਼ੀ ਨੇ ਉਸਦਾ ਜਹਾਜ਼ ਫਨਾਹ ਕਰ ਦਿੱਤਾ। ਬਖਸ਼ੀ ਦਾ ਜਹਾਜ਼ ਵੀ ਡੈਮੇਜ ਹੋ ਗਿਆ ਸੀ ਪਰ ਉਹ ਡੈਮੇਜ ਹੋਏ ਜਹਾਜ਼ ਨੂੰ ਲੈ ਕੇ ਸਹੀ ਸਲਾਮਤ ਪਰਤ ਆਇਆ। ਉਸਨੂੰ ‘ਵੀਰ ਚੱਕਰ’ ਨਾਲ਼ ਸਨਮਾਨਿਆਂ ਗਿਆ ਸੀ।
ਫਿਰ ਇਕ ਦਿਨ ਦੁਪਹਿਰ ਨੂੰ ਅਚਾਨਕ ਹੀ ਪਾਕਿਸਤਾਨ ਦੇ ਦੋ ਜਹਾਜ਼ ਆ ਧਮਕੇ। ਉਹ ਬਹੁਤ ਹੀ ਨੀਵੇਂ ਆਏ ਸਨ, ਜਿਸ ਕਰਕੇ ਰੇਡਾਰ ਵਿਚ ਪਤਾ ਨਹੀਂ ਸੀ ਲੱਗਾ ਤੇ ਵਾਰਨਿੰਗ ਵਜੋਂ ਕੋਈ ਸਾਇਰਨ ਨਾ ਵੱਜਿਆ। ਅਸੀਂ ਆਪਣੇ ਸ਼ੈੱਡ ਮੂਹਰੇ ਖਾਣੇ ਵਾਲ਼ੀ ਗੱਡੀ ਤੋਂ ਲੰਚ ਲੈ ਰਹੇ ਸਾਂ। ਸ਼ੈੱਡ ਨੰਬਰ 9 ਦਾ ਜਹਾਜ਼ ਸਟਾਰਟ ਹੋ ਕੇ, ਟੈਕਸੀਵੇਅ ਵੱਲ ਨੂੰ ਮੁੜ ਰਿਹਾ ਸੀ। ਉਸਦਾ ਪਾਇਲਟ ਦੁਸ਼ਮਣ ਦੇ ਕਿਸੇ ਫੌਜੀ ਟਿਕਾਣੇ ‘ਤੇ ਅੱਗ ਵਰ੍ਹਾਉਣ ਜਾ ਰਿਹਾ ਸੀ। ਹਮਲਾਵਰ ਜਹਾਜ਼ਾਂ ਦੇ ਇਕ ਪਾਇਲਟ ਨੇ ਉਸਨੂੰ ਨਿਸ਼ਾਨਾ ਬਣਾ ਲਿਆ ਤੇ ਦੂਜੇ ਨੇ ਸਾਡੇ ਉੱਤੇ ਗੋਲ਼ੀਆਂ ਦਾ ਮੀਂਹ ਵਰ੍ਹਾ ਦਿੱਤਾ। ਅਸੀਂ ਇਕਦਮ ਓਥੇ ਹੀ ਧਰਤੀ ‘ਤੇ ਵਿਛ ਗਏ। ਪਰ ਸਾਡਾ ਇਕ ਸਾਥੀ ਪਵਨ ਸ਼ਰਮਾ ਖਾਣੇ ਵਾਲ਼ੀ ਪਲੇਟ ਚੁੱਕੀ ਸ਼ੈੱਡ ਦੇ ਅੰਦਰ ਨੂੰ ਦੌੜ ਪਿਆ ਤੇ ਗੋਲ਼ੀਆਂ ਨਾਲ਼ ਵਿੰਨ੍ਹਿਆਂ ਗਿਆ। ਦੋਨਾਂ ਜਹਾਜ਼ਾਂ ਨੇ ਪਲਟੀਆਂ ਮਾਰੀਆਂ ਤੇ ਮੁੜ ਨਿਸ਼ਾਨੇ ਸੇਧ ਲਏ। ਇਕ ਨੇ ਜਹਾਜ਼ਾਂ ਨੂੰ ਟੋਅ ਕਰਨ ਵਾਲ਼ੇ ਟਰੈਕਟਰ ਅਤੇ ਬੈਟਰੀਆਂ ਵਾਲ਼ੀ ਟਰਾਲੀ ਨੂੰ ਅਤੇ ਦੂਜੇ ਨੇ ਏਅਰ ਫੋਰਸ ਦੇ ਦੋ ਟਰੱਕਾਂ ਨੂੰ ਅੱਗ ਦੇ ਭਾਂਬੜ ਬਣਾ ਦਿੱਤਾ। ਉਹ ਦੋਵੇਂ ਪਾਇਲਟ ਬੜੇ ਬਹਾਦਰ ਤੇ ਨਿਪੁੰਨ ਸਨ। ਜਹਾਜ਼ ਮਾਰੂ ਤੋਪਾਂ ਦੀ ਫਾਇਰਿੰਗ ਸ਼ੁਰੂ ਹੋਣ ‘ਤੇ ਉਹ ਵਾਪਸ ਉੱਡ ਗਏ। ਟੈਕਸੀਵੇਅ ਵੱਲ ਨੂੰ ਮੁੜ ਰਹੇ ਜਹਾਜ਼ ‘ਤੇ ਵਰ੍ਹੀਆਂ ਗੋਲੀਆਂ ਫਿਊਲ-ਟੈਂਕ ਤੱਕ ਨਹੀਂ ਸੀ ਪਹੁੰਚੀਆਂ। ਜਹਾਜ਼ ਡੈਮੇਜ ਤਾਂ ਹੋ ਗਿਆ ਸੀ ਪਰ ਅੱਗ ਨਹੀਂ ਸੀ ਲੱਗੀ। ਬੜਾ ਲੱਕੀ ਨਿਕਲ਼ਿਆ ਸੀ ਉਸਦਾ ਪਾਇਲਟ, ਵਰ੍ਹਦੀ ਅੱਗ ਵਿਚੋਂ ਵਾਲ਼-ਵਾਲ਼ ਬਚ ਗਿਆ ਸੀ। ਅਸੀਂ ਵੀ ਤਾਂ ਵਾਲ਼-ਵਾਲ਼ ਹੀ ਬਚੇ ਸਾਂ। ਗੋਲ਼ੀਆਂ ਦੀ ਵਾਛੜ ਸਾਥੋਂ ਛੇ ਕੁ ਫੁੱਟ ਦੇ ਫਾਸਲੇ ‘ਤੇ ਹੋਈ ਸੀ। ਜੇ ਹਮਲਾਵਰ ਪਾਇਲਟ ਨੇ ਗੰਨਾਂ ਦੀ ਸਵਿਚ ਅੱਧਾ ਕੁ ਸੈਕਿੰਡ ਪਹਿਲਾਂ ਦੱਬ ਦਿੱਤੀ ਹੁੰਦੀ ਤਾਂ ਗੋਲੀਆਂ ਦਾ ਮੀਂਹ ਸਾਡੇ ਉੱਤੇ ਵੀ ਵਰ੍ਹਨਾ ਸੀ ਅਤੇ ਖਾਣਾ-ਗੱਡੀ ਦੇ ਭਾਂਬੜਾਂ ਵਿਚ ਸਾਡੀ ਛੇ ਤਕਨੀਸ਼ਨਾਂ ਤੇ ਗੱਡੀ ਦੇ ਡਰਾਈਵਰ ਦੀ ਚਿਖਾ ਇਕੋ ਥਾਂ ਬਣ ਜਾਣੀ ਸੀ। ਖ਼ਤਰਾ ਖ਼ਤਮ ਹੋਣ ਦਾ ਸਾਇਰਨ ਵੱਜਣ ‘ਤੇ ਮੈਂ ਦੌੜ ਕੇ ਪਵਨ ਸ਼ਰਮਾ ਕੋਲ਼ ਪੁੱਜਾ। ਉਹ ਮੁੱਕ ਚੁੱਕਾ ਸੀ। ਉਸਦੀ ਲਾਸ਼ ਖੂਨ ਦੇ ਛੱਪੜ ‘ਚ ਡੁੱਬੀ ਹੋਈ ਸੀ। ਇਸ ਤੋਂ ਪਹਿਲਾਂ ਕਿ ਉਹ ਰੋਟੀ ਖਾਂਦਾ, ਗੋਲ਼ੀਆਂ ਉਸ ਨੂੰ ਖਾ ਗਈਆਂ ਸਨ। ਰੋਟੀ ਨੇ ਆਪਣੀ ਕੀਮਤ ਵਸੂਲ ਲਈ ਸੀ। ਬਾਈ-ਤੇਈ ਸਾਲ ਦੇ ਪਵਨ ਨੇ ਅਜੇ ਤਾਂ ਜੀਵਨ-ਪੰਧ ‘ਤੇ ਪੈਰ ਹੀ ਧਰੇ ਸਨ। ਉਹ ਮਾਪਿਆਂ ਦਾ ਜੇਠਾ ਪੁੱਤਰ ਸੀ, ਕਮਾਊਪੁੱਤਰ। ਮਾਪਿਆਂ ਦਾ ਹਰਾ-ਭਰਾ ਬਾਗ ਉੱਜੜ ਗਿਆ ਸੀ। ਸੁਕਆਡਰਨ ਕਮਾਂਡਰ ਧਵਨ ਨੇ ਸਾਨੂੰ ਭਾਸ਼ਣ ਦੇਂਦਿਆਂ ਆਖਿਆ ਸੀ, ”ਆਪਣੇ ਏਅਰਮੈਨ ਪਵਨ ਸ਼ਰਮਾ ਦੀ ਮੌਤ ਦਾ ਮੈਨੂੰ ਅਫਸੋਸ ਹੈ… ਏਅਰ ਫੋਰਸ ਵਿਚ ਆਉਣ ਸਮੇਂ ਅਸੀਂ ਸਾਰਿਆਂ ਨੇ ਮਹਾਨ ਭਾਰਤ ਉੱਤੋਂ ਆਪਣੇ ਖੂਨ ਦਾ ਇਕ-ਇਕ ਕਤਰਾ ਵਾਰਨ ਦਾ ਪ੍ਰਣ ਲਿਆ ਹੋਇਆ ਏ। ਪਵਨ ਉਹ ਪ੍ਰਣ ਨਿਭਾ ਗਿਆ। ਉਸਦਾ ਰਣਭੂਮੀ ‘ਚ ਡੁੱਲ੍ਹਿਆ ਖੂਨ, ਸਾਨੂੰ ਭਾਰਤ ਮਾਂ ਦੀ ਰੱਖਿਆ ਲਈ ਹੋਰ ਦ੍ਰਿੜ ਕਰਦਾ ਹੈ। ਤੁਸੀਂ ਹੌਂਸਲੇ ਬੁਲੰਦ ਰੱਖੋ। ਦੁਸ਼ਮਣ ਦੀ ਇੱਟ ਦਾ ਜਵਾਬ ਅਸੀਂ ਪੱਥਰ ਨਾਲ਼ ਦਿਆਂਗੇ।”
(ਚਲਦਾ)

 

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …