ਪਹਿਲਾਂ ਰੇਲ ਰਾਜ ਮੰਤਰੀ ਕੋਲ ਜਾਣ ਲਈ ਤਿਆਰ ਨਹੀਂ ਸਨ ਸੰਸਦ ਮੈਂਬਰ
ਪਟਿਆਲਾ/ਬਿਊਰੋ ਨਿਊਜ਼ : ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਰਾਜਪੁਰਾ ਤੋਂ ਚੰਡੀਗੜ੍ਹ ਰੇਲਵੇ ਲਾਈਨ ਦਾ ਕੰਮ ਪੂਰਾ ਕਰਾਉਣ ਲਈ ਉਹ ਪ੍ਰਧਾਨ ਮੰਤਰੀ ਤੋਂ ਲੈ ਕੇ ਰੇਲ ਮੰਤਰੀ ਨੂੰ ਵੀ ਮਿਲਣਗੇ ਤੇ ਪੰਜਾਬ ਦੇ ਮੁੱਖ ਮੰਤਰੀ ਤੱਕ ਵੀ ਆਪਣੀ ਗੱਲ ਰੱਖਣ ਤੋਂ ਗੁਰੇਜ਼ ਨਹੀਂ ਕਰਨਗੇ। ਪਟਿਆਲਾ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਜਪੁਰਾ ਤੋਂ ਚੰਡੀਗੜ੍ਹ ਰੇਲ ਲਾਈਨ ਵਿਛਾਉਣਾ ਉਨ੍ਹਾਂ ਦਾ ਮੁੱਖ ਕੰਮ ਤੇ ‘ਡਰੀਮ ਪ੍ਰਾਜੈਕਟ’ ਹੈ, ਜਿਸ ਲਈ ਉਹ ਪੰਜਾਬ ਤੋਂ ਰੇਲ ਰਾਜ ਮੰਤਰੀ ਬਣਾਏ ਰਵਨੀਤ ਬਿੱਟੂ ਕੋਲ ਵੀ ਜਾਣ ਤੋਂ ਗੁਰੇਜ਼ ਨਹੀਂ ਕਰਨਗੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਡਾ. ਗਾਂਧੀ ਨੇ ਕਿਹਾ ਸੀ ਕਿ ਰਾਜ ਰੇਲ ਮੰਤਰੀ ਰਵਨੀਤ ਬਿੱਟੂ ਕੋਲ ਜਾਣ ਦੀ ਲੋੜ ਨਹੀਂ ਹੈ, ਜਿਸ ਕਰਕੇ ਉਨ੍ਹਾਂ ਕੋਲ ਉਹ ਨਹੀਂ ਜਾਣਗੇ। ਹੁਣ ਉਨ੍ਹਾਂ ਕਿਹਾ ਕਿ ਉਨ੍ਹਾਂ ਰੇਲਵੇ ਦੇ ਇਸ ਪ੍ਰਾਜੈਕਟ ਨੂੰ ਦੁਬਾਰਾ ਜਾਂਚਿਆ ਹੈ ਤਾਂ ਵੇਖਿਆ ਕਿ ਪੰਜਾਬ ਦੀਆਂ ਵੱਖ ਸਰਕਾਰਾਂ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਇਸ ਸਬੰਧੀ ਜ਼ਮੀਨ ਐਕੁਆਇਰ ਕਰਕੇ ਨਾ ਦੇਣ ਕਰਕੇ, ਹੁਣ ਇਹ ਪ੍ਰਾਜੈਕਟ ਪਹਿਲਾਂ ਵਾਂਗ ਜ਼ੀਰੋ ਤੋਂ ਹੀ ਚੁੱਕਣਾ ਪਵੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਰਕਾਰਾਂ ਨੇ ਇਸ ਪ੍ਰਾਜੈਕਟ ਪ੍ਰਤੀ ਗੰਭੀਰਤਾ ਨਹੀਂ ਦਿਖਾਈ। ਇਸ ਕਾਰਨ ਜ਼ਮੀਨ ਐਕੁਆਇਰ ਨਾ ਹੋ ਸਕੀ। ਉਨ੍ਹਾਂ ਕਿਹਾ ਕਿ ਪਹਿਲਾਂ ਉਸ ਨੂੰ ਲੱਗਦਾ ਸੀ ਕਿ ਹੁਣ ਰੇਲ ਮੰਤਰੀ ਕੋਲ ਜਾਣ ਦੀ ਲੋੜ ਨਹੀਂ ਹੈ ਪਰ ਜਿਵੇਂ ਉਸ ਨੂੰ ਪਤਾ ਲੱਗਿਆ ਕਿ ਇਹ ਸਾਰਾ ਹੀ ਪ੍ਰਾਜੈਕਟ ਦੁਬਾਰਾ ਤਿਆਰ ਕਰਨਾ ਪਵੇਗਾ। ਇਹ ਪ੍ਰਾਜੈਕਟ ਜ਼ੀਰੋ ਲੈਵਲ ਤੋਂ ਮੁੜ ਸ਼ੁਰੂ ਹੋਣ ਕਾਰਨ ਪਹਿਲੀ ਪ੍ਰਕਿਰਿਆ ਅਪਣਾਈ ਜਾ ਸਕਦੀ ਹੈ। ਇਸ ਕਰਕੇ ਹੁਣ ਜ਼ਰੂਰੀ ਹੋ ਗਿਆ ਹੈ ਕਿ ਕਿਸੇ ਕੋਲ ਵੀ ਜਾ ਕੇ ਇਸ ਪ੍ਰਾਜੈਕਟ ਨੂੰ ਪੂਰਾ ਕੀਤਾ ਜਾਵੇ। ਇਸ ਵੇਲੇ ਉਨ੍ਹਾਂ ਪੱਛਮੀ ਬੰਗਾਲ ਵਿੱਚ ਹੋਏ ਰੇਲ ਹਾਦਸੇ ਬਾਰੇ ਦੁੱਖ ਦਾ ਪ੍ਰਗਟਾਇਆ ਤੇ ਇਸ ਸਬੰਧੀ ਜਾਂਚ ਕਰਾਉਣ ਲਈ ਕੇਂਦਰ ਸਰਕਾਰ ਨੂੰ ਕਿਹਾ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …