ਕੱਚੇ ਮੁਲਾਜ਼ਮਾਂ ਨੇ ਲਾਇਆ ਪੱਕਾ ਮੋਰਚਾ
ਬਠਿੰਡਾ : ਬਠਿੰਡਾ ਦਾ ਥਰਮਲ ਪਲਾਂਟ ਸਵਾ 43 ਵਰ੍ਹਿਆਂ ਮਗਰੋਂ ਰਸਮੀ ਤੌਰ ‘ਤੇ ਬੰਦ ਹੋ ਗਿਆ ਹੈ। ਥਰਮਲ ਪਲਾਂਟ ਦਾ ਪਹਿਲਾ ਯੂਨਿਟ 22 ਸਤੰਬਰ 1974 ਨੂੰ ਚਾਲੂ ਹੋਇਆ ਸੀ। ਸੋਮਵਾਰ ਨੂੰ ਭਾਵੇਂ ਥਰਮਲ ਮੁਲਾਜ਼ਮਾਂ ਨੇ ਦੋ ਸ਼ਿਫ਼ਟਾਂ ਵਿਚ ਡਿਊਟੀ ਤਾਂ ਨਿਭਾਈ ਪਰ ਇਨ੍ਹਾਂ ਮੁਲਾਜ਼ਮਾਂ ਨੂੰ ਆਉਂਦੇ ਦਿਨਾਂ ਅੰਦਰ ਨੇੜਲੀਆਂ ਥਾਵਾਂ ‘ਤੇ ਬਦਲਿਆ ਜਾਣਾ ਹੈ। ਇਸੇ ਦੌਰਾਨ ਠੇਕਾ ਮੁਲਾਜ਼ਮਾਂ ਨੇ ਮਿਨੀ ਸਕੱਤਰੇਤ ਅੱਗੇ ਪੱਕਾ ਮੋਰਚਾ ਲਾ ਦਿੱਤਾ ਹੈ।
ਬਠਿੰਡਾ ਥਰਮਲ ਦੇ ਮੁੱਖ ਇੰਜਨੀਅਰ ਵੀਕੇ ਗਰਗ ਨੇ ਕਿਹਾ ਕਿ ਸਰਕਾਰੀ ਫ਼ੈਸਲੇ ਅਨੁਸਾਰ ਥਰਮਲ ਬੰਦ ਕਰ ਦਿੱਤਾ ਗਿਆ ਹੈ ਜਦਕਿ ਪਹਿਲਾਂ ਥਰਮਲ ‘ਨੋ ਡਿਮਾਂਡ’ ਕਾਰਨ ਬੰਦ ਸੀ ਅਤੇ ਹੁਣ ਇਸ ਦੇ ਮੁੜ ਚੱਲਣ ਦੀ ਕੋਈ ਸੰਭਾਵਨਾ ਨਹੀਂ ਬਚੀ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮ ਫਿਲਹਾਲ ਥਰਮਲ ਵਿਚ ਹੀ ਤਾਇਨਾਤ ਰਹਿਣਗੇ ਜਿਨ੍ਹਾਂ ਨੂੰ ਆਉਂਦੇ ਦਿਨਾਂ ਵਿੱਚ ਨੇੜਲੀਆਂ ਥਾਵਾਂ ‘ਤੇ ਤਬਦੀਲ ਕਰਨ ਦਾ ਪੱਤਰ ਆ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਥਰਮਲ ਲਈ ਰੈਗੂਲਰ ਖਰੀਦਿਆ ਜਾਣ ਵਾਲਾ ਸਾਜ਼ੋ-ਸਾਮਾਨ ਬੰਦ ਕਰ ਦਿੱਤਾ ਗਿਆ ਹੈ ਅਤੇ ਰੇਲਵੇ ਦੇ ਜੋ ਬਕਾਏ ਹਨ, ਉਨ੍ਹਾਂ ਦਾ ਕੇਸ ਟ੍ਰਿਬਿਊਨਲ ਵਿਚ ਚਲਾ ਗਿਆ ਹੈ।ਦੂਜੇ ਪਾਸੇ ਥਰਮਲਜ਼ ਕੰਟਰੈਕਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੀ ਅਗਵਾਈ ਹੇਠ ਹਜ਼ਾਰਾਂ ਥਰਮਲ ਮੁਲਾਜ਼ਮਾਂ, ਔਰਤਾਂ, ਕਿਸਾਨਾਂ ਤੇ ਮਜ਼ਦੂਰਾਂ ਨੇ ਸਥਾਨਕ ਮਿੰਨੀ ਸਕੱਤਰੇਤ ਅੱਗੇ ‘ਥਰਮਲ ਬਚਾਓ ਮੋਰਚਾ’ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਨ੍ਹਾਂ ਮੁਲਾਜ਼ਮਾਂ ਨੇ ਸਕੱਤਰੇਤ ਨੇੜਲੇ ਚੌਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਐਂਪਲਾਈਜ਼ ਤਾਲਮੇਲ ਕਮੇਟੀ ਅਤੇ ਠੇਕਾ ਮੁਲਾਜ਼ਮਾਂ ਦੀ ਕਮੇਟੀ ਦੀ ਅਗਵਾਈ ਵਿੱਚ ਥਰਮਲ ਗੇਟ ਤੋਂ ਮੁਲਾਜ਼ਮਾਂ ਦਾ ਪੈਦਲ ਮਾਰਚ ਸ਼ੁਰੂ ਹੋਇਆ ਸੀ। ਇਸੇ ਦੌਰਾਨ ਰੈਗੂਲਰ ਮੁਲਾਜ਼ਮਾਂ ਨੇ ਸ਼ਹਿਰ ਵਿਚ ਵੱਖ-ਵੱਖ ਵਪਾਰੀ ਐਸੋਸੀਏਸ਼ਨਾਂ ਨਾਲ ਮੀਟਿੰਗਾਂ ਕੀਤੀਆਂ ਤਾਂ ਜੋ ਆਉਂਦੇ ਦਿਨਾਂ ਵਿਚ ਰੋਸ ਵਜੋਂ ਬਾਜ਼ਾਰ ਬੰਦ ਕੀਤੇ ਜਾ ਸਕਣ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …