2.4 C
Toronto
Friday, December 19, 2025
spot_img
Homeਪੰਜਾਬਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਵਿੱਚ ਧਰਨਾ

ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਵਿੱਚ ਧਰਨਾ

ਬਠਿੰਡਾ/ਬਿਊਰੋ ਨਿਊਜ਼ : ਕਾਂਗਰਸ ਸਰਕਾਰ ਵੱਲੋਂ ਥਰਮਲ ਪਲਾਂਟ ਬੰਦ ਕਰਨ ਦੇ ਫ਼ੈਸਲੇ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਬਠਿੰਡਾ ਸ਼ਹਿਰ ਦੇ ਫਾਇਰ ਬ੍ਰਿਗੇਡ ਚੌਕ ਵਿੱਚ ‘ਥਰਮਲ ਪਲਾਂਟ ਬਚਾਓ, ਰੁਜ਼ਗਾਰ ਬਚਾਓ’ ਦੇ ਬੈਨਰ ਹੇਠ ਧਰਨਾ ਲਾਇਆ। ઠਇਸ ਧਰਨੇ ਵਿੱਚ ਭਾਵੇਂ ‘ਆਪ’ ਦੇ ਸੰਸਦ ਮੈਂਬਰ, ਵਿਧਾਇਕ ਤੇ ਕੁਝ ਹੋਰ ਆਗੂ ਮੌਜੂਦ ਸਨ, ਫਿਰ ਵੀ ਧਰਨੇ ਵਿੱਚ ਵੱਡਾ ਇਕੱਠ ਨਹੀਂ ਹੋਇਆ। ਧਰਨੇ ਦੌਰਾਨ ਬੁਲਾਰਿਆਂ ਨੇ ਅਕਾਲੀਆਂ ਅਤੇ ਕਾਂਗਰਸੀਆਂ ਖ਼ਿਲਾਫ਼ ਭੜਾਸ ਕੱਢੀ।
ਧਰਨੇ ਵਿੱਚ ਪੁੱਜੇ ‘ਆਪ’ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਕਾਲੀ ਤੇ ਕਾਂਗਰਸੀ ਦੋਵੇਂ ਇੱਕੋ ਥਾਲੀ ਦੇ ਚੱਟੇ-ਵੱਟੇ ਹਨ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਥਰਮਲ ਨੂੰ ਬੰਦ ਕਰਨ ਦਾ ਐਲਾਨ ਕਰਕੇ ਬਠਿੰਡਾ ਦੇ ਵੋਟਰਾਂ ਨਾਲ ਧੋਖਾ ਕੀਤਾ ਹੈ। ਕਾਂਗਰਸ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰੀ ਥਰਮਲਾਂ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਸੀ ਅਤੇ ਅਕਾਲੀਆਂ ਵੱਲੋਂ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਬਿਜਲੀ ਖ਼ਰੀਦ ਸਮਝੌਤਿਆਂ ਦੇ ਰੀਵਿਊ ਦੀ ਗੱਲ ਕੀਤੀ ਸੀ, ਪਰ ਸੱਤਾ ਵਿਚ ਆਉਂਦਿਆਂ ਹੀ ਉਹ ਸਭ ਭੁੱਲ ਗਏ।
ਖਹਿਰਾ ਨੇ ਆਖਿਆ ਕਿ ਥਰਮਲ ਬੰਦ ਕਰਕੇ ‘ਸਿਟੀ ਆਫ ਲੇਕ’ ਨੂੰ ਜਿੱਥੇ ਤਬਾਹ ਕੀਤਾ ਜਾਵੇਗਾ, ਉੱਥੇ ਲੱਖਾਂ ਦਰੱਖ਼ਤ ਹਟਾ ਕੇ ਬਠਿੰਡਾ ਸ਼ਹਿਰ ਦੀ ਦਿੱਖ ਵਿਗਾੜ ਦਿੱਤੀ ਜਾਵੇਗੀ ਤੇ ਨਾਲ ਹੀ ਸਰਕਾਰ ਵੱਲੋਂ ਹਜ਼ਾਰਾਂ ਲੋਕਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਧਾਇਕਾ ਬਲਜਿੰਦਰ ਕੌਰ, ਵਿਧਾਇਕਾ ਰੁਪਿੰਦਰ ਕੌਰ ਰੂਬੀ, ਵਿਧਾਇਕ ਨਾਜ਼ਰ ਸਿੰਘ ਮਾਨਸਾ ਤੇ ਪਿਰਲਮ ਸਿੰਘ ਨੇ ਕਾਂਗਰਸ ਸਰਕਾਰ ਵੱਲੋਂ ਥਰਮਲ ਬੰਦ ਕਰਨ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਲਈ ਲੋਕਾਂ ਨੂੰ ਹੁਣ ਲਾਮਬੰਦ ਹੋ ਜਾਣਾ ਚਾਹੀਦਾ ਹੈ।

RELATED ARTICLES
POPULAR POSTS