ਕਿਹਾ : ਨੌਜਵਾਨ ਆਪਣਾ ਰੋਲ ਮਾਡਲ ਆਪ ਬਣਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਆਪਣੇ ਰੋਲ ਮਾਡਲ ਖੁਦ ਆਪ ਬਣਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਬਹੁਤ ਹੀ ਕਾਬਲ ਹਨ, ਸਾਡੇ ਪੰਜਾਬੀ ਨੌਜਵਾਨਾਂ ਨੇ ਵਿਦੇਸ਼ਾਂ ਵਿਚ ਜਾ ਕੇ ਸਖਤ ਮਿਹਨਤ ਕੀਤੀ ਹੈ। ਜਿਸਦੀ ਬਦੌਲਤ ਅੱਜ ਉਹ ਵਿਦੇਸ਼ਾਂ ਵਿਚ ਉਥੋਂ ਦੇ ਮੂਲ ਨਿਵਾਸੀਆਂ ਨਾਲੋਂ ਵੀ ਅੱਗੇ ਲੰਘ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ ਵਿਚ ਜਾ ਕੇ ਸਾਡੇ ਨੌਜਵਾਨ ਕੰਮ ਕਰਦੇ ਹਨ ਅਤੇ ਉਥੇ ਵਰਕ ਕਲਚਰ ਹੈ। ਭਗਵੰਤ ਮਾਨ ਹੋਰਾਂ ਕਿਹਾ ਕਿ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਪੜ੍ਹਾਈ ਕਰੋ ਅਤੇ ਹਾਈ ਪ੍ਰੋਫਾਈਲ ਨੌਕਰੀਆਂ ਲਈ ਅਪਲਾਈ ਕਰੋ। ਉਨ੍ਹਾਂ ਕਿਹਾ ਕਿ ਹੁਣ ਜ਼ਮਾਨਾ ਟੈਕਨੀਕਲ ਐਜੂਕੇਸ਼ਨ ਦਾ ਹੈ ਅਤੇ ਸਾਨੂੰ ਉਚੇ ਅਹੁਦਿਆਂ ’ਤੇ ਪਹੁੰਚ ਕੇ ਫੈਸਲੇ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਟੂਡੈਂਟਸ ਨੂੰ ਵੀ ਸਹੂਲਤਾ ਦੇਵੇਗੀ। ਮਾਨ ਨੇ ਕਿਹਾ ਕਿ ਨੌਜਵਾਨ ਆਪਣਾ ਬਿਜ਼ਨਸ ਕਰਨ, ਭਾਵੇਂ ਉਹ ਬਿਜਨਸ ਛੋਟਾ ਹੀ ਕਿਉਂ ਨਾ ਹੋਵੇ, ਇਸ ਲਈ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਦਾ ਪੂਰਾ ਸਾਥ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕੋਈ ਵੀ ਨੌਜਵਾਨ ਇਸ ਕਰਕੇ ਪਿੱਛੇ ਨਹੀਂ ਰਹੇਗਾ ਜਿਸਦਾ ਇਲਾਕਾ ਪੱਛੜਿਆ ਹੈ। ਸਗੋਂ ਸਰਕਾਰ ਹਰ ਇਕ ਇਲਾਕੇ ਨੂੰ ਵਿਕਸਤ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਉਨ੍ਹਾਂ ਨੇ ਇਕ ਮਹੀਨੇ ’ਚ ਦੋ ਵਾਰ ਨੌਜਵਾਨ ਸਭਾਵਾਂ ਕਰਨ ਦਾ ਵੀ ਐਲਾਨ ਕੀਤਾ। ਜਿਸ ’ਚ ਨੌਜਵਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ।