Breaking News
Home / ਪੰਜਾਬ / ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਦੀ ਸਾਰ ਲੈਣ ਪੁੱਜੀ ਕਮੇਟੀ

ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਦੀ ਸਾਰ ਲੈਣ ਪੁੱਜੀ ਕਮੇਟੀ

ਵਿਧਾਨ ਸਭਾ ਕਮੇਟੀ ਕੋਲ ਪੀੜਤ ਪਰਿਵਾਰਾਂ ਨੇ ਖੋਲ੍ਹੀ ਦੁੱਖਾਂ ਦੀ ਪੰਡ
ਬਠਿੰਡਾ/ਬਿਊਰੋ ਨਿਊਜ਼
ਬਠਿੰਡਾ ਖਿੱਤੇ ਦੇ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੇ ਵਿਧਾਨ ਸਭਾ ਕਮੇਟੀ ਕੋਲ ਦੁੱਖਾਂ ਦੀ ਪੰਡ ਖੋਲ੍ਹੀ। ਕਮੇਟੀ ਨੇ ਇਨ੍ਹਾਂ ਪਰਿਵਾਰਾਂ ਤੋਂ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਮਨੋਦਸ਼ਾ ਅਤੇ ਹਾਲਾਤ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਜਦੋਂ ਕਮੇਟੀ ਮੈਂਬਰ ਕਿਸੇ ਪੀੜਤ ਪਰਿਵਾਰ ਤੋਂ ਪੁੱਛਦੇ ਸਨ ਤਾਂ ਹੰਝੂਆਂ ਤੇ ਹੌਂਕਿਆਂ ਕਾਰਨ ਮਾਹੌਲ ਭਾਵੁਕ ਹੋ ਜਾਂਦਾ ਸੀ। ਕਮੇਟੀ ਦੇ ਚੇਅਰਮੈਨ ਸੁਖਬਿੰਦਰ ਸਿੰਘ ਸਰਕਾਰੀਆ ਹਨ। ਉਨ੍ਹਾਂ ਨਾਲ ਕਮੇਟੀ ਵਿੱਚ ਨਾਜਰ ਸਿੰਘ ਮਾਨਸ਼ਾਹੀਆ, ਨੱਥੂ ਰਾਮ ਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਸ਼ਾਮਲ ਹਨ।
ਕਮੇਟੀ ਬਠਿੰਡਾ ਜ਼ਿਲ੍ਹੇ ਦੇ 10 ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੇ ਘਰ ਗਈ, ਜਿੱਥੇ ਉਨ੍ਹਾਂ ਨਾਲ ਵਿਧਾਨ ਸਭਾ ਦਾ ਅਮਲਾ ਵੀ ਗਿਆ। ਜਦੋਂ ਕਮੇਟੀ ਨੇ ਪਿੰਡ ਅਬਲੂ ਵਿੱਚ ਖ਼ੁਦਕੁਸ਼ੀ ਕਰਨ ਵਾਲੇ ਗੁਰਜੰਟ ਸਿੰਘ ਦੀ ਵਿਧਵਾ ਕੁਲਵਿੰਦਰ ਕੌਰ ਦੀ ਦੁਖਦੀ ਰਗ ਉਤੇ ਹੱਥ ਰੱਖਿਆ ਤਾਂ ਉਸ ਦੇ ਹੰਝੂ ਆਪ ਮੁਹਾਰੇ ਵਹਿ ਤੁਰੇ। ਇਸ ਵਿਧਵਾ ਦਾ ਪਤੀ ਖੇਤਾਂ ਦੇ ਸੰਕਟ ਵਿੱਚ ਤੁਰ ਗਿਆ। ਹੁਣ ਉਸ ਦੇ ਨਾ ਸੱਸ-ਸਹੁਰਾ ਰਹੇ ਹਨ ਅਤੇ ਨਾ ਮਾਪੇ। ਉਸ ਨੇ ਕਮੇਟੀ ਮੈਂਬਰਾਂ ਨੂੰ ਸਿਰ ਚੜ੍ਹੇ ਸੱਤ ਲੱਖ ਦੇ ਕਰਜ਼ੇ ਦੀ ਕਹਾਣੀ ਦੱਸੀ। ਇਹ ਵੀ ਦੱਸਿਆ ਕਿ ਉਸ ਨੂੰ ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਕਿੰਨੀ ਔਖ ਹੋ ਰਹੀ ਹੈ।
ਪਿੰਡ ਦਾਨ ਸਿੰਘ ਵਾਲਾ ਦੀ ਮਾਂ ਜਸਪਾਲ ਕੌਰ ਦੇ ਹੰਝੂ ਹੀ ਉਸ ਦੇ ਜਵਾਨ ਪੁੱਤ ਦੇ ਚਲੇ ਜਾਣ ਅਤੇ ਕਰਜ਼ੇ ਦੀ ਸੱਟ ਨੂੰ ਬਿਆਨ ਕਰ ਰਹੇ ਸਨ। ਮਹਿਰਾਜ ਦੇ ਕਿਸਾਨ ਪਰਿਵਾਰਾਂ ਨੇ ਆਲੂਆਂ ਦੀ ਫਸਲ ਦੀ ਦੁਰਗਤੀ ਦਾ ਖੁਲਾਸਾ ਕਮੇਟੀ ਕੋਲ ਕੀਤਾ। ਪੀੜਤ ਪਰਿਵਾਰਾਂ ਦੇ ਉਦਾਸ ਘਰ ਦੇਖ ਕੇ ਹੀ ਕਮੇਟੀ ਮੈਂਬਰਾਂ ਦੇ ਮਨ ਪਸੀਜ ਗਏ। ਵਿਧਾਨ ਸਭਾ ਕਮੇਟੀ ਨੇ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦਾ ਦੌਰਾ ਮੁਕੰਮਲ ਕਰ ਲਿਆ ਹੈ। ਦੂਜੇ ਪੜਾਅ ਤਹਿਤ ਕਮੇਟੀ ਹੋਰ ਜ਼ਿਲ੍ਹਿਆਂ ਦੇ ਪੀੜਤਾਂ ਕੋਲ ਜਾਵੇਗੀ। ਪਿੰਡ ਬਹਿਮਣ ਦੀਵਾਨਾ ਦੇ ਪੀੜਤ ਪਰਿਵਾਰ ਨੇ ਦੱਸਿਆ ਕਿ ਚਿੱਟੀ ਮੱਖੀ ਨੇ ਉਨ੍ਹਾਂ ਕੋਲੋਂ ਘਰ ਦਾ ਜੀਅ ਖੋਹ ਲਿਆ ਅਤੇ ਪਹਿਲਾਂ ਕਰਜ਼ੇ ਨੇ ਇਕ ਲੜਕਾ ਖ਼ੁਦਕੁਸ਼ੀ ਦੇ ਰਾਹ ਤੋਰ ਦਿੱਤਾ। ਦਾਦੀ ਨੇ ਕਮੇਟੀ ਨੂੰ ਪੋਤੀ ਵੱਲੋਂ ਹਾਸਲ ਕੀਤੇ 94 ਫੀਸਦੀ ਅੰਕਾਂ ਬਾਰੇ ਵੀ ਦੱਸਿਆ। ਕਮੇਟੀ ਮੈਂਬਰ ਪਿੰਡ ਮੱਲਵਾਲਾ, ਭਗਵਾਨਗੜ੍ਹ, ਮੰਡੀ ਕਲਾਂ ਅਤੇ ਗਿੱਲ ਕਲਾਂ ਤੋਂ ਇਲਾਵਾ ਕੁੱਲ 10 ਪਿੰਡਾਂ ਵਿੱਚ ਗਏ। ਸਭ ਪਰਿਵਾਰਾਂ ਨੇ ਸਿਰ ਚੜ੍ਹੇ ਕਰਜ਼ੇ ਦੀ ਪੰਡ ਦੀ ਗੱਲ ਰੱਖੀ। ਸਭ ਨੇ ਸਰਕਾਰ ਤੋਂ ਰਾਹਤ ਦੀ ਮੰਗ ਕੀਤੀ। ਕਮੇਟੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਘਰਾਂ ਦੇ ਦੁੱਖ ਨੂੰ ਉਹ ਆਪਣੀ ਰਿਪੋਰਟ ਰਾਹੀਂ ਸਰਕਾਰ ਤੱਕ ਪੁੱਜਦਾ ਕਰਨਗੇ। ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦਾ ਕਹਿਣਾ ਹੈ ਕਿ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੇ ਘਰਾਂ ਦੀ ਸਥਿਤੀ ਦਾ ਜਾਇਜ਼ਾ ਲੈਣਾ ਸਦਨ ਕਮੇਟੀ ਦਾ ਮੁੱਖ ਕਾਰਜ ਹੈ ਅਤੇ ਹੁਣ ਕਮੇਟੀ ਹੋਰ ਜ਼ਿਲ੍ਹਿਆਂ ਵਿੱਚ ਵੀ ਜਾਵੇਗੀ। ਕਮੇਟੀ ਚੇਅਰਮੈਨ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਕਮੇਟੀ ਵੱਲੋਂ ਨਵੰਬਰ ਮਹੀਨੇ ਦੇ ਅਖੀਰ ਤੱਕ ਆਪਣੀ ਰਿਪੋਰਟ ਦੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਮੇਟੀ ਨੂੰ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਅਤੇ ਨਿਸ਼ਚਿਤ ਸਮੇਂ ਵਿੱਚ ਰਿਪੋਰਟ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਕਿਸਾਨ ਖ਼ੁਦਕੁਸ਼ੀਆਂ ਦੇ ਮਾਮਲੇ ‘ਤੇ ਸਰਕਾਰ ਨੇ ਵਿਧਾਨ ਸਭਾ ਦੀ ਕਮੇਟੀ ਬਣਾਈ ਸੀ, ਜਿਸ ਨੇ ਮਾਨਸਾ ਤੋਂ ਦੌਰਾ ਸ਼ੁਰੂ ਕੀਤਾ ਹੈ।
ਨਵੰਬਰ ‘ਚ ਰਿਪੋਰਟ ਪੇਸ਼ ਕਰੇਗੀ ਕਮੇਟੀ
ਬਠਿੰਡਾ : 2007 ਤੋਂ ਬਾਅਦ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਗਏ ਕਿਸਾਨਾਂ ਦੇ ਅੰਕੜੇ ਜ਼ਿਲ੍ਹਾ ਪ੍ਰਸ਼ਾਸਨ ਇਕੱਠੇ ਕਰੇਗਾ। ਇਸ ਸਬੰਧੀ ਪੀੜਤ ਪਰਿਵਾਰਾਂ ਤੋਂ ਪ੍ਰੋਫਾਰਮੇ ਭਰਵਾਏ ਜਾਣਗੇ। ਇਹ ਪ੍ਰੋਫਾਰਮੇ ਵਿਧਾਨ ਸਭਾ ਵਲੋਂ ਕਿਸਾਨ ਖੁਦਕੁਸ਼ੀਆਂ ਦੇ ਕਾਰਨ ਪਤਾ ਲਈ ਬਣਾਈ ਕਮੇਟੀ ਵਲੋਂ ਪ੍ਰਸ਼ਾਸਨ ਨੂੰ ਦਿੱਤੇ ਜਾਣਗੇ। ਕਮੇਟੀ ਨੇ ਬਠਿੰਡਾ ਦੇ ਦੌਰੇ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਆਦੇਸ਼ ਜਾਰੀ ਕੀਤੇ। ਉਨ੍ਹਾਂ ਉਕਤ ਪ੍ਰੋਫਾਰਮੇ 20 ਦਿਨਾਂ ਦੇ ਅੰਦਰ-ਅੰਦਰ ਕਮੇਟੀ ਨੂੰ ਭੇਜੇ ਜਾਣ ਲਈ ਕਿਹਾ ਹੈ। ਕਮੇਟੀ ਦੇ ਮੁਖੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਕਿ ਇਹ ਕਮੇਟੀ ਹਰੇਕ ਜ਼ਿਲ੍ਹੇ ਦਾ ਦੌਰਾ ਕਰੇਗੀ ਤੇ ਰਿਪੋਰਟ ਨਵੰਬਰ ਦੇ ਅਖੀਰ ਤੱਕ ਵਿਧਾਨ ਸਭਾ ਵਿਖੇ ਪੇਸ਼ ਕਰੇਗੀ। ਦੌਰੇ ਦਾ ਮੁੱਖ ਟੀਚਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਕਾਰਨ ਜਾਣਨ ਦੀ ਕੋਸ਼ਿਸ਼ ਹੈ।
ਪਰਿਵਾਰਾਂ ਨੂੰ ਮਿਲੀ ਵਿਧਾਇਕਾਂ ਦੀ ਟੀਮ
ਬੱਲੂਆਣਾ : ਪੰਜਾਬ ਵਿਧਾਨ ਸਭਾ ਦੀ ਪੰਜ ਮੈਂਬਰੀ ਕਮੇਟੀ ਸ਼ਨੀਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਿਮਣ ਦੀਵਾਨਾ ਤੇ ਬੱਲੂਆਣਾ ਦੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ। ਕਮੇਟੀ ਦੇ ਪੰਜ ‘ਚੋਂ ਚਾਰ ਵਿਧਾਇਕ ਸੁਖਵਿੰਦਰ ਸਰਕਾਰੀਆ ਨੂੰ ਬਣਾਇਆ ਗਿਆ ਹੈ। ਸਮੁੱਚੀ ਟੀਮ ਨੇ ਪਹਿਲਾਂ ਪਿੰਡ ਬਹਿਮਣ ਦੀਵਾਨਾ ਦੇ ਖੁਦਕੁਸ਼ੀ ਕਰ ਚੁੱਕੇ ਕਿਸਾਨ ਸੁਖਮੰਦਰ ਸਿੰਘ ਦੀ ਵਿਧਵਾ ਤੇ ਬੱਚਿਆਂ ਨੂੰ ਮਿਲੇ। ਵਿਧਵਾ ਨੇ ਦੱਸਆ ਕਿ ਨਰਮੇ ਦੀ ਫਸਲ ਖਰਾਬ ਹੋਣ ਕਰਕੇ ਉਸਦੇ ਪਤੀ ਨੇ ਪਹਿਲਾਂ ਕੀਟਨਾਸ਼ਕ ਪੀਤਾ ਤੇ ਫਿਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ, ਉਨ੍ਹਾਂ ਸਿਰ ਚਾਰ ਲੱਖ ਦੇ ਕਰੀਬ ਕਰਜ਼ਾ ਸੀ। ਪੰਦਰਾ ਮਿੰਟਾਂ ਤੱਕ ਇਸ ਪਰਿਵਾਰ ਨਾਲ ਗੱਲਬਾਤ ਕਰਕੇ ਪੂਰੀ ਟੀਮ ਪਿੰਡ ਬੱਲੂਆਣਾ ਦੇ ਖੁਦਕੁਸ਼ੀ ਕਰ ਚੁੱਕੇ ਕਿਸਾਨ ਜੱਗਰ ਸਿੰਘ ਦੇ ਘਰ ਉਸਦੇ ਪਰਿਵਾਰ ਨੂੰ ਮਿਲੇ ਤੇ ਪਰਿਵਾਰਕ ਮੈਂਬਰਾਂ, ਪਿੰਡ ਦੇ ਮੋਹਤਬਰ ਬੰਦਿਆਂ ਤੇ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਤੇ ਕਰਮਚਾਰੀਆਂ ਨਾਲ ਇਸ ਮੁੱਦੇ ‘ਤੇ ਗੱਲਬਾਤ ਕੀਤੀ। ਇਸ ਮੌਕੇ ਪਿੰਡ ਬੱਲੂਆਣਾ ਦੇ ਇਕ ਬਜ਼ੁਰਗ ਕਿਸਾਨ ਨੇ ਟੀਮ ਨੂੰ ਕਿਹਾ ਕਿ ਸਰਕਾਰ ਫਸਲਾਂ ਦੇ ਸਹੀ ਰੇਟ ‘ਤੇ ਬੀਜ ਕੀਟ ਨਾਸ਼ਕ ਸਹੀ ਤੇ ਸਸਤੇ ਮੁਹੱਈਆ ਕਰਵਾਏ, ਕਰਜ਼ਾ ਤਾਂ ਕਿਸਾਨ ਫੇਰ ਆਪੇ ਮੋੜ ਦੇਣਗੇ ਤਾਂ ਟੀਮ ਨੇ ਉਸਦੇ ਨਾਲ ਲਗਭਗ ਦਸ ਮਿੰਟ ਤੱਕ ਇਸ ਮੁੱਦੇ ‘ਤੇ ਗੱਲ ਕੀਤੀ ਤੇ ਉਸਦੇ ਸੁਝਾਅ ਨੋਟ ਕੀਤੇ।
ਕੁਲਵਿੰਦਰ ਦੀ ਦਾਸਤਾਨ ਦੁੱਖਾਂ ਭਰੀ
ਮ੍ਰਿਤਕ ਗੁਰਜੰਟ ਦੀ ਪਤਨੀ ਕੁਲਵਿੰਦਰ ਨੇ ਦੁੱਖਾਂ ਭਰੀ ਜ਼ਿੰਦਗੀ ਦੇ ਪੰਨੇ ਫਰੋਲਦੇ ਦੱਸਿਆ ਕਿ ਉਸ ਨੂੰ ਕਦੇ ਪੇਕੇ ਪਿੰਡ ਮੱਲਣ ਤੋਂ ਠੰਡੀ ਹਵਾ ਦੇ ਬੁੱਲ੍ਹੇ ਨਹੀਂ ਆਏ ਕਿਉਂਕਿ ਉਸਦੇ ਮਾਪੇ ਕਾਫੀ ਸਮਾਂ ਪਹਿਲਾਂ ਚੱਲ ਵਸੇ ਸਨ ਤੇ ਕੁਦਰਤ ਦੇ ਕਹਿਰ ਨੇ ਇਕਲੋਤਾ ਭਰਾ ਉਸ ਤੋਂ ਖੋਹ ਲਿਆ। ਇੱਥੇ ਹੀ ਬੱਸ ਨਹੀਂ, ਉਸ ਦਾ ਸੱਸ ਤੇ ਸਹੁਰਾ ਨਹੀਂ ਹਨ ਤੇ ਹੁਣ ਉਸਦਾ ਇੱਕੋ-ਇਕ ਸਹਾਰਾ ਗੁਰਜੰਟ ਵੀ ਉਸ ਨੂੰ ਛੱਡ ਕੇ ਚਲਾ ਗਿਆ। ਬੱਚਿਆਂ ਦੀ ਪੜ੍ਹਾਈ ਤੇ ਘਰ ਦੇ ਖਰਚ ਬਾਰੇ ਉਸਦਾ ਕਹਿਣਾ ਹੈ ਕਿ ਉਸਦੇ ਤਿੰਨੋ ਬੱਚੇ ਮੱਲਣ ਦੇ ਮਾਲਵਾ ਸਕੂਲ ਵਿਚ ਪੜ੍ਹਦੇ ਹਨ ਤੇ ਸਕੂਲ ਪ੍ਰਬੰਧਕਾਂ ਨੇ ਤਿੰਨਾਂ ਬੱਚਿਆਂ ਦੀ ਅੱਧੀ ਫੀਸ ਮੁਆਫ ਕਰ ਦਿੱਤੀ ਹੈ ਤੇ ਉਹ ਘਰ ਵਿਚ ਸਿਲਾਈ ਕਢਾਈ ਦਾ ਕੰਮ ਕਰਕੇ ਆਪਣੇ ਬੱਚਿਆਂ ਦਾ ਪੇਟ ਭਰਦੀ ਹੈ। ਡੇਢ ਏਕੜ ਜ਼ਮੀਨ ਉਸ ਨੇ ਠੇਕੇ ‘ਤੇ ਦਿੱਤੀ, ਜਿਸ ਵਿਚੋਂ ਇਕ ਏਕੜ ਜ਼ਮੀਨ ਉਸ ਨੇ ਠੇਕੇ ‘ਤੇ ਦਿੱਤੀ, ਜਿਸ ਵਿਚੋਂ ਇਕ ਏਕੜ ਚੰਗੀ ਹੋਣ ਕਾਰਨ ਕੁਝ ਚੰਗੇ ਭਾਅ ਲੱਗੀ ਹੈ, ਪਰ ਅੱਧਾ ਏਕੜ ਮਾੜੀ ਹੋਣ ਕਾਰਨ ਉਸਦਾ ਭਾਅ ਮਾੜਾ ਹੀ ਮਿਲਿਆ ਹੈ।

 

Check Also

ਚੋਣ ਕਮਿਸ਼ਨ ਨੇ ਗਿੱਦੜਬਾਹਾ ’ਚ 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਕੀਤੀਆਂ ਰੱਦ

ਸ਼ੋ੍ਰਮਣੀ ਅਕਾਲੀ ਦਲ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਨੇ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ …