Breaking News
Home / Uncategorized / ਜਲ੍ਹਿਆਂਵਾਲਾ ਬਾਗ਼ ਦੇ ਹੋਏ ਸੁੰਦਰੀਕਰਨ ‘ਤੇ ਪ੍ਰੋ.ਲਕਸ਼ਮੀਕਾਂਤਾ ਚਾਵਲਾ ਨੇ ਚੁੱਕੇ ਸਵਾਲ

ਜਲ੍ਹਿਆਂਵਾਲਾ ਬਾਗ਼ ਦੇ ਹੋਏ ਸੁੰਦਰੀਕਰਨ ‘ਤੇ ਪ੍ਰੋ.ਲਕਸ਼ਮੀਕਾਂਤਾ ਚਾਵਲਾ ਨੇ ਚੁੱਕੇ ਸਵਾਲ

ਕਿਹਾ-ਸ਼ਹੀਦੀ ਖੂਹ ਨੂੰ ਸ਼ੀਸ਼ੇ ਨਾਲ ਢੱਕ ਕੇ ਬਣਾ ਦਿੱਤਾ ਡੱਬਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਸਾਬਕਾ ਸਿਹਤ ਮੰਤਰੀ ਮੰਤਰੀ ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਜਲ੍ਹਿਆਂਵਾਲਾ ਬਾਗ਼ ਦੇ ਹੋਏ ਸੁੰਦਰੀਕਰਨ ‘ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਸ਼ਹੀਦੀ ਖੂਹ ਦਾ ਇਤਹਾਸ ਹੀ ਖ਼ਤਮ ਕਰ ਦਿੱਤਾ ਗਿਆ ਹੈ, ਜਦੋਂ ਕਿ ਅਮਰ ਜੋਤੀ ਨੂੰ ਪੁਰਾਣੀ ਜਗ੍ਹਾ ਤੋਂ ਹਟਾ ਦਿੱਤਾ ਗਿਆ ਹੈ, ਅਮਰ ਜੋਤੀ ਨੂੰ ਹੁਣ ਜਿੱਥੇ ਤਬਦੀਲ ਕੀਤਾ ਗਿਆ ਹੈ, ਉੱਥੇ ਕਦੇ ਪਖਾਨੇ ਹੁੰਦੇ ਸਨ। ਇਹ ਸ਼ਹੀਦਾਂ ਦਾ ਸਨਮਾਨ ਨਹੀਂ, ਅਪਮਾਨ ਹੈ। ਧਿਆਨ ਰਹੇ ਕਿ ਲੰਘੇ ਸੋਮਵਾਰ ਨੂੰ ਲਕਸ਼ਮੀਕਾਂਤਾ ਚਾਵਲਾ ਜਲ੍ਹਿਆਂਵਾਲਾ ਬਾਗ ਪੁੱਜੇ ਸਨ, ਜਿੱਥੇ ਉਹ ਜਲ੍ਹਿਆਂਵਾਲਾ ਬਾਗ਼ ਦੇ ਹੋਏ ਸੁੰਦਰੀਕਰਨ ਨੂੰ ਵੇਖ ਕੇ ਭੜਕ ਗਏ ਤੇ ਕਿਹਾ ਕਿ ਜਿਸ ਖੂਹ ਵਿਚ 120 ਤੋਂ ਜ਼ਿਆਦਾ ਵਿਅਕਤੀ ਮਾਰੇ ਗਏ ਸਨ, ਉਸ ਦੇ ਚਾਰੇ ਪਾਸੇ ਸ਼ੀਸ਼ੇ ਲਗਾ ਕੇ ਉਸ ਨੂੰ ਡੱਬਾ ਬਣਾ ਦਿੱਤਾ ਗਿਆ ਤੇ ਉਸ ਖੂਹ ਅੰਦਰ ਸ਼ਹੀਦੀ ਖੂਹ ਲਿਖ ਦਿੱਤਾ ਗਿਆ। ਇੰਨਾ ਹੀ ਨਹੀਂ, ਜਿਸ ਗਲੀ ਰਾਹੀਂ ਜਨਰਲ ਡਾਇਰ ਫੌਜ ਲੈ ਕੇ ਦਾਖ਼ਲ ਹੋਇਆ ਸੀ, ਉੱਥੇ ਹੱਸਦੇ ਹੋਏ ਚਿਹਿਰਆਂ ਦੇ ਸਟੈਚੂ ਲਗਾ ਦਿੱਤੇ ਗਏ, ਅਜਿਹਾ ਲੱਗਦਾ ਹੈ ਜਿਵੇਂ ਕਿਸੇ ਮੇਲੇ ਦਾ ਦ੍ਰਿਸ਼ ਹੋਵੇ। ਬਾਗ਼ ‘ਤੇ 20 ਕਰੋੜ ਰੁਪਏ ਖ਼ਰਚ ਕਰਨ ਉਤੇ ਉਨ੍ਹਾਂ ਸਵਾਲ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਉਤੇ ਜੇਕਰ ਕਰੋੜਾਂ ਰੁਪਏ ਖ਼ਰਚ ਹੋਏ ਹਨ ਤਾਂ ਉਸ ਦਾ ਇਕ ਵ੍ਹਾਈਟ ਪੇਪਰ ਜਾਰੀ ਕੀਤਾ ਜਾਣਾ ਚਾਹੀਦਾ ਹੈ ਤੇ ਲੋਕਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਕਿੰਨੇ ਪੈਸੇ ਕਿੱਥੇ ਖ਼ਰਚ ਹੋਏ ਹਨ।
ਪ੍ਰੋ. ਚਾਵਲਾ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜਲ੍ਹਿਆਂਵਾਲਾ ਬਾਗ਼ ਨਾਲ ਅਪਰਾਧ ਹੋਇਆ ਹੈ। ਖੂਹ ਦੀ ਡੂੰਘਾਈ ਘੱਟ ਕਰ ਦਿੱਤੀ ਗਈ, ਉਸ ਦਾ ਪਾਣੀ ਵੀ ਖਤਮ ਕਰ ਦਿੱਤਾ ਗਿਆ। ਪੁਰਾਣਾ ਸਭ ਕੁਝ ਮਿਟਾ ਦਿੱਤਾ ਗਿਆ ਅਤੇ ਨਵਾਂ ਬਣਾ ਦਿੱਤਾ ਗਿਆ। ਕਈ ਲੋਕਾਂ ਦੀਆਂ ਤਸਵੀਰਾਂ ਹੀ ਗਾਇਬ ਕਰ ਦਿੱਤੀਆਂ ਗਈਆਂ। ਇਹ ਕੋਈ ਦਿਲੋਂ ਕੰਮ ਨਹੀਂ ਕੀਤਾ ਗਿਆ ਹੈ, ਇਹ ਸਿਰਫ ਮਸ਼ੀਨ ਨਾਲ ਕੰਮ ਕੀਤਾ ਗਿਆ। ਜੇਕਰ ਜ਼ਮੀਨ ਨਾਲ ਜੁੜੇ ਲੋਕਾਂ ਨੇ ਕੰਮ ਕੀਤਾ ਹੁੰਦਾ ਤਾਂ ਸੁੰਦਰੀਕਰਨ ‘ਤੇ ਸਵਾਲ ਨਹੀਂ ਉਠਦੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਸ ਪੁਰਾਣੇ ਖੂਹ ਨੂੰ ਠੀਕ ਉਸੇ ਤਰ੍ਹਾਂ ਵਾਪਸ ਕੀਤਾ ਜਾਵੇ, ਜਿਵੇਂ ਪਹਿਲਾਂ ਸੀ। ਇਸ ਦੇ ਇਲਾਵਾ ਅਮਰ ਜੋਤੀ ਨੂੰ ਵਾਪਸ ਉਥੇ ਹੀ ਸ਼ਿਫਟ ਕੀਤਾ ਜਾਵੇ, ਜਿੱਥੇ ਪਹਿਲਾਂ ਸੀ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਕੰਮ ਦੀ ਸ਼ਲਾਘਾ ਕਰਨ ‘ਤੇ ਕਿਹਾ ਕਿ ਉਹ ਸਿਰਫ ਕੇਂਦਰ ਸਰਕਾਰ ਦੀ ਹਾਂ ਵਿਚ ਹਾਂ ਮਿਲਾ ਰਹੇ ਹਨ।
ਮਲਿਕ ਵੱਲੋਂ ਦਿੱਖ ਨਾਲ ਛੇੜਛਾੜਦੇ ਦੋਸ਼ਾਂ ਤੋਂ ਇਨਕਾਰ
ਭਾਜਪਾ ਆਗੂ ਅਤੇ ਟਰੱਸਟ ਦੇ ਮੈਂਬਰ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਆਖਿਆ ਕਿ ਜੇਕਰ ਪ੍ਰੋ. ਚਾਵਲਾ ਜੱਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ‘ਤੇ ਖ਼ਰਚ ਹੋਈ ਰਕਮ ਦਾ ਹਿਸਾਬ ਚਾਹੁੰਦੇ ਹਨ ਤਾਂ ਉਹ ਇਸ ਸਬੰਧ ਵਿਚ ਕੇਂਦਰੀ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਪੱਤਰ ਲਿਖਣ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹੀਦੀ ਯਾਦਗਾਰ ਦੀ ਪੁਰਾਤਨ ਦਿੱਖ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਤੰਗ ਗਲੀ ਵਿਚ ਲਾਈਆਂ ਗਈਆਂ ਤਸਵੀਰਾਂ ਇਹ ਦਰਸਾਉਂਦੀਆਂ ਹਨ ਕਿ ਉਸ ਦਿਨ ਹਰ ਵਰਗ ਦੇ ਲੋਕ ਇੱਥੇ ਆਏ ਸਨ। ਉਸ ਦਿਨ ਵਿਸਾਖੀ ਵੀ ਸੀ ਅਤੇ ਕੁਝ ਲੋਕ ਵਿਸਾਖੀ ਮਨਾਉਣ ਦੀ ਭਾਵਨਾ ਨੂੰ ਲੈ ਕੇ ਵੀ ਆਏ ਸਨ। ਉਨ੍ਹਾਂ ਕਿਹਾ ਕਿ ਸ਼ਹੀਦੀ ਖੂਹ ਦੇ ਢਾਂਚੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ ਸਗੋਂ ਉਸ ਨੂੰ ਪੁਰਾਤਨ ਦਿੱਖ ਦਿੱਤੀ ਗਈ ਹੈ। ਨਵੀਂ ਦਿੱਖ ਤਹਿਤ ਲੋਕ ਇਸ ਦੇ ਅੰਦਰ ਵਧੇਰੇ ਸਪੱਸ਼ਟਤਾ ਨਾਲ ਦੇਖ ਸਕਣਗੇ। ਅਮਰ ਜੋਤੀ ਨੂੰ ਲਾਈਟ ਐਂਡ ਸਾਊਂਡ ਸ਼ੋਅ ਦੀ ਲੋੜ ਮੁਤਾਬਕ ਬਦਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਹਰ ਨਿਕਲਣ ਲਈ ਬਣਿਆ ਦੂਸਰਾ ਦਰਵਾਜ਼ਾ ਕਾਂਗਰਸ ਰਾਜ ਵੇਲੇ ਦਾ ਹੀ ਬਣਿਆ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਥੇ ਦਾਖ਼ਲਾ ਟਿਕਟ ਨਹੀਂ ਲਾਈ ਜਾਵੇਗੀ।

 

Check Also

ਨਵੇਂ ਬਣੇ ਐਮਪੀਜ਼ ਨੇ ਓਰੀਐਂਟੇਸ਼ਨ ਪ੍ਰੋਗਰਾਮ ‘ਚ ਲਿਆ ਹਿੱਸਾ

ਓਟਵਾ/ਬਿਊਰੋ ਨਿਊਜ਼ : ਲੰਘੇ ਸੋਮਵਾਰ ਨੂੰ ਹਾਊਸ ਆਫ ਕਾਮਨ ਦੇ ਓਰੀਐਂਟੇਸ਼ਨ ਪ੍ਰੋਗਰਾਮ ਦੇ ਮੁੱਢਲੇ ਪੜਾਅ …