ਗੈਰ ਕਾਨੂੰਨੀ ਪਰਵਾਸੀ ਹੋਣ ਕਾਰਨ ਹੋ ਸਕਦੀ ਹੈ ਕਾਰਵਾਈ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ‘ਚ ਗੈਰ ਕਾਨੂੰਨੀ ਪਰਵਾਸੀਆਂ ਖਿਲਾਫ ਟਰੰਪ ਪ੍ਰਸ਼ਾਸਨ ਦੀ ਮੁਹਿੰਮ ਦੀ ਗਾਜ਼ ਤਿੰਨ ਲੱਖ ਭਾਰਤੀ ਮੂਲ ਦੇ ਵਿਅਕਤੀਆਂ ‘ਤੇ ਡਿੱਗ ਸਕਦੀ ਹੈ। ਡੋਨਾਲਡ ਟਰੰਪ ਨੇ ਆਪਣੀ ਚੋਣ ਮੁਹਿੰਮ ਵਿਚ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਆਏ ਇਕ ਕਰੋੜ ਦਸ ਲੱਖ ਵਿਅਕਤੀਆਂ ਨੂੰ ਵਾਪਸ ਭੇਜਣ ਦਾ ਐਲਾਨ ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਵਿਚ ਤਿੰਨ ਲੱਖ ਭਾਰਤੀ ਮੂਲ ਦੇ ਹਨ। ਹੁਣ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਉਸ ਐਲਾਨ ਨੂੰ ਪੂਰਾ ਕਰਨ ਲਈ ਕਾਰਜ ਆਰੰਭ ਦਿੱਤੇ ਹਨ।
ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਹੈ ਕਿ ਹੁਣ ਉਹ ਇਨ੍ਹਾਂ ਨਜਾਇਜ਼ ਪਰਵਾਸੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਵਿਚ ਕੋਈ ਢਿੱਲ ਨਹੀਂ ਵਰਤੇਗਾ। ਇਸ ਪ੍ਰੋਗਰਾਮ ਵਿਚ ਅਸਰਦਾਰ ਢੰਗ ਨਾਲ ਸੰਘੀ ਇਮੀਗ੍ਰੇਸ਼ਨ ਕਾਨੂੰਨ ਲਾਗੂ ਕੀਤੇ ਜਾਣਗੇ। ਕਾਨੂੰਨ ਤੋੜਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਵਿਭਾਗ ਨੇ ਦੋ ਪੱਤਰ ਜਾਰੀ ਕਰਕੇ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲੇ ਨੂੰ ਰੋਕਣ ਤੇ ਆਏ ਹੋਏ ਵਿਅਕਤੀਆਂ ਨੂੰ ਵਾਪਸ ਭੇਜਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ਨਿਰਦੇਸ਼ਾਂ ਤਹਿਤ ਪਹਿਲਾਂ ਉਨ੍ਹਾਂ ਵਿਅਕਤੀਆਂ ਦੇ ਨਾਂ ਸੂਚੀਬੱਧ ਕੀਤੇ ਜਾਣਗੇ, ਜਿਨ੍ਹਾਂ ਦੀ ਆਮਦ ਸਰਕਾਰੀ ਰਿਕਾਰਡ ਵਿਚ ਕਿਤੇ ਦਰਜ ਨਹੀਂ। ਇਨ੍ਹਾਂ ਵਿਚ ਇਕ ਵਰਗ ਉਨ੍ਹਾਂ ਵਿਅਕਤੀਆਂ ਦਾ ਵੀ ਹੋਵੇਗਾ, ਜਿਹੜੇ ਪਿਛਲੇ ਦੋ ਸਾਲਾਂ ਤੋਂ ਅਮਰੀਕਾ ‘ਚ ਲਗਾਤਾਰ ਆਉਂਦੇ-ਜਾਂਦੇ ਰਹੇ। ਨਬਾਲਗ ਬੱਚਿਆਂ ਨਾਲ ਰਹਿਣ ਵਾਲਿਆਂ ਦੇ ਮਾਮਲਿਆਂ ‘ਤੇ ਵੀ ਗੌਰ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਮਾਮਲਿਆਂ ਨੂੰ ਵੀ ਦੇਖਿਆ ਜਾਵੇਗਾ ਜਿਨ੍ਹਾਂ ਵਿਚ ਸ਼ਰਨ ਮੰਗੀ ਗਈ ਹੈ। ਚੈਕਿੰਗ ਦੌਰਾਨ ਉਨ੍ਹਾਂ ਪਰਵਾਸੀਆਂ ਦੇ ਹਾਲਾਤ ‘ਤੇ ਵੀ ਗੌਰ ਕੀਤਾ ਜਾਵੇਗਾ ਜਿਹੜੇ ਆਪਣੇ ਦੇਸ਼ ਵਿਚ ਅੱਤਿਆਚਾਰ ਦਾ ਸ਼ਿਕਾਰ ਹੋਣ ਕਾਰਨ ਅਮਰੀਕਾ ਆਏ।
ਟਰੰਪ ਦੀ ਸਖਤੀ ਨਾਲ ਪ੍ਰਭਾਵਿਤ ਹੋ ਸਕਦੇ ਹਨ ਤਿੰਨ ਲੱਖ ਭਾਰਤੀ ਅਮਰੀਕੀ
RELATED ARTICLES

