5.1 C
Toronto
Friday, October 17, 2025
spot_img
HomeUncategorizedਸੜਕੀ ਪ੍ਰਾਜੈਕਟ ਦੇ ਮਾਮਲੇ ਵਿਚ ਸੀਐਮ ਮਾਨ ਨੇ ਕਿਸਾਨਾਂ ਨੂੰ ਸੱਦਿਆਂ

ਸੜਕੀ ਪ੍ਰਾਜੈਕਟ ਦੇ ਮਾਮਲੇ ਵਿਚ ਸੀਐਮ ਮਾਨ ਨੇ ਕਿਸਾਨਾਂ ਨੂੰ ਸੱਦਿਆਂ

ਰਾਜਪਾਲ ਨੇ ਕੇਂਦਰੀ ਪ੍ਰਾਜੈਕਟਾਂ ਨੂੰ ਲੈ ਕੇ ਉਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਸੜਕ ਪ੍ਰਾਜੈਕਟਾਂ ਦੇ ਅੜਿੱਕੇ ਦੂਰ ਕਰਨ ਲਈ ਮਾਝੇ ਦੇ ਕਿਸਾਨਾਂ ਨੂੰ ਗੱਲਬਾਤ ਲਈ 16 ਅਗਸਤ ਨੂੰ ਸੱਦਿਆ ਹੈ। ਮੁੱਖ ਮੰਤਰੀ ਨੇ ਪਿਛਲੇ ਦਿਨੀਂ ਇਸ ਮਾਮਲੇ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ ਸੀ। ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੱਲੋਂ ਅਮਨ ਕਾਨੂੰਨ ਵਿਵਸਥਾ ਦੇ ਹਵਾਲੇ ਨਾਲ ਅੱਠ ਸੜਕੀ ਪ੍ਰਾਜੈਕਟ ਰੱਦ ਕੀਤੇ ਜਾਣ ਦੀ ਧਮਕੀ ਮਗਰੋਂ ਸੂਬਾ ਸਰਕਾਰ ਮੁਸਤੈਦ ਹੋ ਗਈ ਹੈ। ਉਧਰ ਮੁੱਖ ਮੰਤਰੀ ਤੇ ਕਿਸਾਨਾਂ ਦੀ ਤਜਵੀਜ਼ਤ ਬੈਠਕ ਤੋਂ ਪਹਿਲਾਂ ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੇਂਦਰੀ ਪ੍ਰਾਜੈਕਟਾਂ ਨੂੰ ਲੈ ਕੇ ਉੱਚ ਅਫ਼ਸਰਾਂ ਨਾਲ ਮੀਟਿੰਗ ਕੀਤੀ ਹੈ। ਸੀਐੱਮਓ ਦੇ ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਪ੍ਰਭਾਵਿਤ ਕਿਸਾਨਾਂ ਦੇ ਮਸਲੇ ਨਜਿੱਠਣ ਲਈ ਕੁਝ ਦਿਨ ਪਹਿਲਾਂ ਹੀ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ ਸੀ।
ਉਨ੍ਹਾਂ ਅਧਿਕਾਰੀਆਂ ਨੂੰ ਇਸ ਦੇ ਸੰਭਾਵੀ ਹੱਲ ਤਲਾਸ਼ਣ ਦੇ ਹੁਕਮ ਜਾਰੀ ਕੀਤੇ ਸਨ। ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਵਿੱਚ ਚੱਲ ਰਹੇ ਕੇਂਦਰੀ ਪ੍ਰਾਜੈਕਟਾਂ ਬਾਰੇ ਸਮੀਖਿਆ ਮੀਟਿੰਗ ‘ਚ ਕਿਹਾ ਕਿ ਕੇਂਦਰੀ ਪ੍ਰਾਜੈਕਟਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਨੇਪਰੇ ਚਾੜ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਜੇ ਕਿਸੇ ਪ੍ਰਾਜੈਕਟ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਲਿਖਤੀ ਤੌਰ ‘ਤੇ ਸੂਚਿਤ ਕੀਤਾ ਜਾਵੇ ਤਾਂ ਜੋ ਅਜਿਹੇ ਮਸਲੇ ਪਹਿਲ ਦੇ ਅਧਾਰ ‘ਤੇ ਕੇਂਦਰ ਅਤੇ ਸੂਬਾ ਸਰਕਾਰ ਦੀ ਸਹਾਇਤਾ ਨਾਲ ਹੱਲ ਕਰਵਾਏ ਜਾ ਸਕਣ। ਰਾਜਪਾਲ ਨੇ ਕਿਹਾ ਕਿ ਕੇਂਦਰੀ ਪ੍ਰਾਜੈਕਟਾਂ ਦੀ ਪ੍ਰਗਤੀ ਰਿਪੋਰਟ ਲੈਣ ਲਈ ਹਰ ਤਿੰਨ ਮਹੀਨੇ ਬਾਅਦ ਮੀਟਿੰਗ ਕੀਤੀ ਜਾਵੇਗੀ। ਸਮੀਖਿਆ ਮੀਟਿੰਗ ਵਿਚ ਕੌਮੀ ਰਾਜ ਮਾਰਗ ਅਥਾਰਿਟੀ, ਰੇਲਵੇ ਅਧਿਕਾਰੀਆਂ, ਏਅਰਪੋਰਟ ਅਥਾਰਿਟੀ ਅਤੇ ਬੀਐੱਸਐੱਨਐੱਲ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਨਵੇਂ ਰਾਜਪਾਲ ਦੀ ਇਹ ਪਹਿਲੀ ਮੀਟਿੰਗ ਸੀ ਜਿਸ ਨੇ ਉਨ੍ਹਾਂ ਦੇ ਭਵਿੱਖ ਵਿਚ ਕੰਮ ਕਰਨ ਦੇ ਢੰਗ ਤਰੀਕੇ ਦੇ ਸੰਕੇਤ ਦਿੱਤੇ ਹਨ। ਮੀਟਿੰਗ ਦੌਰਾਨ ਰਾਜਪਾਲ ਵੱਲੋਂ ਚੰਡੀਗੜ੍ਹ ਵਿੱਚ ਵਧ ਰਹੀ ਟਰੈਫਿਕ ਦੀ ਸਮੱਸਿਆ ਦਾ ਜ਼ਿਕਰ ਕਰਨ ‘ਤੇ ਐੱਨਐੱਚਏਆਈ ਅਧਿਕਾਰੀਆਂ ਨੇ ਦੱਸਿਆ ਕਿ ਪੰਚਕੂਲਾ ਤੋਂ ਸ਼ਿਮਲੇ ਨੂੰ ਜੋੜਨ ਅਤੇ ਮਾਜਰੀ ਤੋਂ ਬੱਦੀ ਨੂੰ ਜੋੜਨ ਵਾਲੇ ਕੌਮੀ ਸ਼ਾਹਰਾਹਾਂ ਦੇ ਬਣਨ ਨਾਲ ਇਹ ਸਮੱਸਿਆ ਕਾਫ਼ੀ ਹੱਦ ਤੱਕ ਕੰਟਰੋਲ ਵਿਚ ਆ ਜਾਵੇਗੀ। ਉਨ੍ਹਾਂ ਕਿਹਾ ਕਿ ਕਿ ਉਦੈਪੁਰ-ਚੰਡੀਗੜ੍ਹ-ਜੰਮੂ ਸੈਰ-ਸਪਾਟੇ ਲਈ ਕਾਫ਼ੀ ਮਹੱਤਵਪੂਰਨ ਸ਼ਹਿਰ ਹਨ, ਜਿਸ ਨੂੰ ਦੇਖਦਿਆਂ ਜੰਮੂ ਤਵੀ ਰੇਲ ਨੂੰ ਰੋਜ਼ਾਨਾ ਕਰਨ ਬਾਰੇ ਪ੍ਰਸਤਾਵ ਤਿਆਰ ਕੀਤਾ ਜਾਵੇ। ਰਾਜਪਾਲ ਨੇ ਨਵੇਂ ਬਣ ਰਹੇ ਅੰਮ੍ਰਿਤ ਸਟੇਸ਼ਨਾਂ ਅਤੇ ਨਵੀਆਂ ਵਿਛ ਰਹੀਆਂ ਰੇਲ ਲਾਈਨਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਤੋਂ ਸਿੱਧਾ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਏਅਰਪੋਰਟ ਨੂੰ ਜੋੜਨ ਵਾਲੀ ਤਜਵੀਜ਼ਤ ਸੜਕ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਚੰਡੀਗੜ੍ਹ ਤੋਂ ਏਅਰਪੋਰਟ ਤੱਕ 10 ਕਿਲੋਮੀਟਰ ਦੀ ਦੂਰੀ ਘਟ ਜਾਵੇਗੀ।
ਬੀਐੱਸਐੱਨਐੱਲ ਅਧਿਕਾਰੀਆਂ ਨੇ ਵੀ ਇਸ ਮੌਕੇ ਆਪਣੇ ਚੱਲ ਰਹੇ ਪ੍ਰਾਜੈਕਟਾਂ ਬਾਰੇ ਰਾਜਪਾਲ ਨੂੰ ਜਾਣਕਾਰੀ ਦਿੱਤੀ। ਬੈਠਕ ਵਿਚ ਵਧੀਕ ਮੁੱਖ ਸਕੱਤਰ ਰਾਜਪਾਲ ਕੇ. ਸ਼ਿਵਾ ਪ੍ਰਸਾਦ, ਡੀਆਰਐਮ ਅੰਬਾਲਾ ਐੱਮਐੱਸ ਭਾਟੀਆ, ਡੀਆਰਐਮ ਫਿਰੋਜ਼ਪੁਰ ਸੰਜੇ ਕੁਮਾਰ, ਰਿਜਨਲ ਆਫ਼ੀਸਰ ਐੱਨਐੱਚਏਆਈ ਵਿਪਨੇਸ਼ ਸ਼ਰਮਾ ਅਤੇ ਸੀਈਓ ਸੀਐੱਚਆਈਏਐੱਲ ਅਜੈ ਵਰਮਾ ਤੋਂ ਇਲਾਵਾ ਐੱਨਐੱਚਏਆਈ, ਰੇਲਵੇ, ਬੀਐੱਸਐੱਨਐੱਲ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

 

RELATED ARTICLES
POPULAR POSTS