ਕਿਹਾ, ਕੈਪਟਨ ਅਮਰਿੰਦਰ, ਸਿੱਧੂ ਅਤੇ ਪਰਗਟ ਸਿੰਘ ਵੀ ਹੋਣਗੇ ਮੁੱਖ ਆਗੂ
ਚੰਡੀਗੜ੍ਹ : ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੀ ਲੜੀਆਂ ਜਾਣਗੀਆਂ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਵਿਧਾਇਕ ਪਰਗਟ ਸਿੰਘ ਨੇ ਰਾਵਤ ‘ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਚੋਣਾਂ ਸਬੰਧੀ ਕੋਈ ਵੀ ਐਲਾਨ ਕਰਨ ਦਾ ਅਧਿਕਾਰ ਸਿਰਫ ਸੋਨੀਆ ਗਾਂਧੀ ਕੋਲ ਹੈ। ਹੁਣ ਹਰੀਸ਼ ਰਾਵਤ ਹੀ ਦੱਸਣ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਐਲਾਨ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ। ਹੁਣ ਰਾਵਤ ਨੇ ਇਸ ਮਾਮਲੇ ਵਿਚ ਯੂ-ਟਰਨ ਲੈ ਲਿਆ ਹੈ ਤੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਸਾਰੇ ਮੁੱਖ ਆਗੂਆਂ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਜਾਣਕਾਰੀ ਅਨੁਸਾਰ ਹੁਣ ਜਦੋਂ ਹਰੀਸ਼ ਰਾਵਤ ਦਿੱਲੀ ਵਿਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਮਿਲੇ ਸਨ ਤਾਂ ਉਨ੍ਹਾਂ ਨੂੰ ਹਾਈ ਕਮਾਨ ਨੇ ਸਪੱਸ਼ਟ ਲਫਜ਼ਾਂ ਵਿਚ ਅਜਿਹੇ ਐਲਾਨ ਕਰਨ ਤੋਂ ਵਰਜਿਆ ਸੀ ਕਿਉਂਕਿ ਇਸ ਐਲਾਨ ਨਾਲ ਪੰਜਾਬ ਕਾਂਗਰਸ ਵਿੱਚ ਨਵਾਂ ਤੂਫਾਨ ਖੜ੍ਹਾ ਹੋ ਗਿਆ ਸੀ। ਇਹੋ ਵਜ੍ਹਾ ਹੈ ਕਿ ਹੁਣ ਰਾਵਤ ਨੇ ਮੋੜਾ ਕੱਟਿਆ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਕੌਮੀ ਪੱਧਰ ‘ਤੇ ਉਨ੍ਹਾਂ ਦੇ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਅਗਵਾਈ ਕਰਨ ਵਾਲੇ ਹਨ ਜਦਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ ਅਤੇ ਪਰਗਟ ਸਿੰਘ ਵਰਗੇ ਨੇਤਾ ਹਨ। ਹਰੀਸ਼ ਰਾਵਤ ਨੇ ਕਿਹਾ ਕਿ ਪੰਜਾਬ ‘ਚ ਇਨ੍ਹਾਂ ਸਾਰਿਆਂ ਦੀ ਅਗਵਾਈ ਹੇਠ ਚੋਣਾਂ ਲੜੀਆਂ ਜਾਣਗੀਆਂ।