Breaking News
Home / ਪੰਜਾਬ / ਮਾਛੀਵਾੜਾ ‘ਚ ਕਿਸਾਨਾਂ ਦੇ ਵਿਰੋਧ ਕਾਰਨ ਸੁਖਬੀਰ ਨੂੰ ਰੱਦ ਕਰਨੀ ਪਈ ਰੈਲੀ

ਮਾਛੀਵਾੜਾ ‘ਚ ਕਿਸਾਨਾਂ ਦੇ ਵਿਰੋਧ ਕਾਰਨ ਸੁਖਬੀਰ ਨੂੰ ਰੱਦ ਕਰਨੀ ਪਈ ਰੈਲੀ

ਖੇਤੀ ਕਾਨੂੰਨਾਂ ਨੂੰ ਲੈ ਕੇ ਸੁਖਬੀਰ ਦਾ ਹੋ ਰਿਹਾ ਹੈ ਡਟਵਾਂ ਵਿਰੋਧ
ਮਾਛੀਵਾੜਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਮਾਛੀਵਾੜਾ ਦੇ ਪੈਲੇਸ ਵਿੱਚ ਰੱਖੀ ਰੈਲੀ ਨੂੰ ਰੱਦ ਕਰਨਾ ਪੈ ਗਿਆ। ਉਧਰ ਸਮਰਾਲਾ ਚੌਕ ਅਤੇ ਪਿੰਡ ਮਾਣਕੀ ‘ਚ ਵੀ ਕਿਸਾਨਾਂ ਨੇ ਸੁਖਬੀਰ ਬਾਦਲ ਦਾ ਡਟਵਾਂ ਵਿਰੋਧ ਕਰਦਿਆਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ। ਕਿਸਾਨਾਂ ਨੇ ਮਾਛੀਵਾੜਾ ‘ਚ ਪੈਲੇਸ ਨੂੰ ਘੇਰ ਕੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਪੈਲੇਸ ਨੇੜੇ ਹੀ ਅਕਾਲੀ ਵਰਕਰਾਂ ਅਤੇ ਕਿਸਾਨਾਂ ਵਿਚਾਲੇ ਹਲਕੀ ਝੜਪ ਵੀ ਹੋਈ, ਜਿਸ ਵਿੱਚ ਚਾਰ ਗੱਡੀਆਂ ਨੁਕਸਾਨੀਆਂ ਗਈਆਂ।
ਸੁਖਬੀਰ ਬਾਦਲ ਨੂੰ ਕਿਸਾਨਾਂ ਦੇ ਵੱਡੀ ਗਿਣਤੀ ‘ਚ ਇਕੱਤਰ ਹੋਣ ਦੀ ਖ਼ਬਰ ਮਿਲਣ ‘ਤੇ ਉਹ ਸ਼ਹਿਰ ਦੇ ਬਾਹਰੋਂ ਹੀ ਵਾਪਸ ਚਲੇ ਗਏ। ਇਸ ਮਗਰੋਂ ਰੈਲੀ ਰੱਦ ਕਰ ਦਿੱਤੀ ਗਈ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਜਥੇਦਾਰ ਮਨਮੋਹਣ ਸਿੰਘ ਖੇੜਾ, ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਪ੍ਰਧਾਨ ਸੁਖਵਿੰਦਰ ਸਿੰਘ ਢਿੱਲੋਂ, ਪ੍ਰੋਫੈਸਰ ਬਲਜੀਤ ਸਿੰਘ ਸਮਰਾਲਾ, ਸੰਦੀਪ ਸਿੰਘ ਰੁਪਾਲੋਂ, ਗੁਰਦੀਪ ਸਿੰਘ ਦੀਪਾ, ਬਲਜੀਤ ਸਿੰਘ ਖੋਸਾ, ਸਰਬਜੀਤ ਸਿੰਘ ਪੱਪੀ, ਬੰਤ ਸਿੰਘ ਖਾਲਸਾ, ਜਨਰਲ ਸਕੱਤਰ ਗੁਰਿੰਦਰ ਸਿੰਘ ਭੰਗੂ ਅਤੇ ਇਲਾਕੇ ਦੇ ਹੋਰ ਕਿਸਾਨਾਂ ਨੇ ਸੁਖਬੀਰ ਦੇ ਵਿਰੋਧ ਵਿਚ ਭਾਰੀ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਕਿਸਾਨ ਆਗੂਆਂ ਨੂੰ ਸਮਝਾ ਕੇ ਮਾਮਲਾ ਸੁਲਝਾਇਆ। ਕਿਸਾਨ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਇਹ ਰੈਲੀ ਰੱਦ ਕਰਵਾਉਣ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਹੋਰ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਪਿੰਡਾਂ ‘ਚ ਦਾਖ਼ਲ ਹੋਣ ਦਾ ਵਿਰੋਧ ਜਾਰੀ ਰਖਣਗੇ। ਕਿਸਾਨ ਜਥੇਬੰਦੀਆਂ ਵੱਲੋਂ ਸੁਖਬੀਰ ਬਾਦਲ ਦੇ ਕਾਫ਼ਲੇ ਨੂੰ ਗੜ੍ਹੀ ਪੁਲ, ਮਾਛੀਵਾੜਾ ਦੇ ਗਨੀ ਖਾਂ ਨਬੀ ਖਾਂ ਗੇਟ, ਲੱਖੋਵਾਲ ਟੀ-ਪੁਆਇੰਟ ਅਤੇ ਬੁਰਜ ਪਵਾਤ ਵਿੱਚ ਪੁੱਜਣ ‘ਤੇ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਗਟ ਕੀਤਾ ਗਿਆ।

 

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …