Breaking News
Home / ਰੈਗੂਲਰ ਕਾਲਮ / ਬੋਲ ਬਾਵਾ ਬੋਲ

ਬੋਲ ਬਾਵਾ ਬੋਲ

ਧੁੱਪ ਸੇਕ ਰਿਹਾ ਕਾਲਾ ਕੋਟ-2
ਨਿੰਦਰ ਘੁਗਿਆਣਵੀ
ਆਪਣੀ ‘ਮਾਂ ਜਾਈ’ ਦੇ ਮੂੰਹੋਂ ਪਹਿਲੀ ਵਾਰੀ ਇਹ ਬੋਲ ਸੁਣਦਿਆਂ ਮੁਖਤਿਆਰ ਸਿੰਘ ਦੇ ਅੰਦਰ ਖੁਸ਼ੀ ਤੇ ਅਪਣੱਤ ਦੀ ਲਹਿਰ ਦੌੜ ਗਈ। ਉਸਨੇ ਖਲੋਤੇ-ਖਲੋਤੇ, ਆਪਣਾ ਅਧੂਰਾ ਪੈੱਗ ਖਤਮ ਕੀਤਾ ਹੀ ਸੀ ਕਿ ਵਕੀਲ ਰਾਮ ਸਿੰਘ ਨੇ ਬਰਫ਼ ਦੀਆਂ ਦੋ ਡਲੀਆਂ ਗਲਾਸ ਵਿੱਚ ਸੁੱਟਦਿਆਂ ਇਕ ਮੋਟਾ ਪੈੱਗ ਹੋਰ ਪਾ ਦਿੱਤਾ, ”ਚੱਕੋ ਸਰ, ਚੁੱਕੋ…।” ਦੋ ਵਾਰੀਆਂ ਵਿੱਚ ਜੱਜ ਸਾਹਿਬ ਨੇ ਪੈੱਗ ਮੁਕਾਇਆ। ਹਾਲ ਅੰਦਰ ਨੂੰ ਚੱਲ ਪਏ।
ਜੱਜ ਸਾਹਬ ਦੇ ਨਾਲ-ਨਾਲ  ਮਟਕ ਭਰੀ ਤੋਰ ਹੋਰ ਪਤਵੰਤੇ ਸੱਜਣ ਵੀ ਤੁਰਦੇ ਜਾ ਰਹੇ ਹਨ। ਸਾਹਮਣੇ ਤੋਂ ਹਲਕਾ ਮੈਂਬਰ ਪਾਰਲੀਮੈਂਟ ਸ਼ਗਨ ਦੇ ਕੇ ਆਪਣੇ ਗਰੁੱਪ ਨਾਲ ਤੁਰਿਆ ਆ ਰਿਹਾ ਦਿਸ ਪਿਆ।
”ਵਾਹ ਜੀ ਵਾਹ, ਜੱਜ ਸਾਹਿਬ, ਧੰਨ ਭਾਗ ਨੇ ਅੱਜ ਦਰਸ਼ਨ ਹੋ ਗਏ ਥੁਆਡੇ, ਜਨਾਬ ਥੁਆਡੀ ਈਮਾਨਦਾਰੀ ਦੀ ਮਸ਼ਹੂਰੀ ਤੇ ਸਖ਼ਤੀ ਤੋਂ ਡਰਦੇ ਅਸੀਂ ਤਾਂ ਕਦੀ ਥੁਆਨੂੰ ਮਿਲਣ ਦੀ ਹਿੰਮਤ ਵੀ ਨੀ ਕਰ ਸਕੇ, ਅੱਜ ਤਾਂ ਰੱਬ ਸਬੱਬੀ ਮੇਲੇ ਹੋ ਗਏ ਨੇ।” ਐਮ.ਪੀ ਸਾਹਿਬ ਹੱਥ ਬੰਨ੍ਹੀ ਖਲੋਤੇ ਬੋਲੇ।
”ਮੈਂ ਤਾਂ ਹੁਣ ਰਿਟਾਇਰ ਹੋ ਗਿਆਂ, ਮੋਸਟ ਵੈਲਕਮ, ਐਮ.ਪੀ ਸਾਹਿਬ, ਐਨੀ ਟਾਈਮ ਕਮਿੰਗ ਮਾਈ ਹੋਮ..।” ਜੱਜ ਸਾਹਿਬ ਲੜਖੜਾਂਦੀ ਆਵਾਜ਼ ਵਿਚ ਬੋਲੇ ਤਾਂ ਐਮ.ਪੀ ਸਾਹਿਬ ਦੇ ਕੱਸ ਕੇ ਜੋੜੇ ਹੋਏ ਹੱਥ ਢਿੱਲੇ ਪੈਣ ਲੱਗੇ।  ”ਓਹ ਅੱਛਾ ਜੀ, ਲਓ ਹੁਣ ਤਾਂ ਫਿਰ ਸਾਡੇ ਲਈ ਓ ਤੁਸੀਂ, ਪੰਜਾਬ ਵਿੱਚ ਵੀ ਸਰਕਾਰ ਆਪਣੀ ਤੇ ਸੈਂਟਰ ਵਿੱਚ ਵੀ, ਥੁਆਨੂੰ ਵਿਹਲੇ ਨਹੀਂ ਰਹਿਣ ਦੇਣਾ, ਕਿਤੇ ਸੇਵਾਵਾਂ ਲੈਨੇ ਆਂ ਥੁਆਡੀਆਂ, ਆਪਣਾ ਫੋਨ ਲਿਖਵਾਓ, ਆਹ ਮੇਰੇ ਪੀ.ਏ.ਨੂੰ ਤੇ ਕਾਕਾ ਮੇਰਾ ਫੋਨ ਨੰਬਰ ਵੀ ਜੱਜ ਸਾਹਬ ਨੂੰ ਦੇ ਦੇਹ।”
ਮੈਂਬਰ ਪਾਰਲੀਮੈਂਟ ਦੇ ਇਹ ਬੋਲ ਸੁਣਦਿਆਂ ਮੁਖਤਿਆਰ ਸਿੰਘ ਦੀਆਂ ਖੁਸ਼ੀਆਂ ਹੋਰ ਦੂਣੀਆਂ-ਚੌਣੀਆਂ ਹੋ ਗਈਆਂ। ਉਹ ਐਮ.ਪੀ.ਦੇ ਪੀ.ਏ.ਤੋਂ ਡਾਇਰੀ ਫੜਕੇ ਆਪਣੇ ਕੰਬਦੇ ਹੱਥਾਂ ਨਾਲ ਆਪਣਾ ਫੋਨ ਨੰਬਰ ਲਿਖਣ ਲੱਗਿਆ ਤੇ ਪੀ.ਏ.ਤੋਂ ਐਮ.ਪੀ.ਦਾ ਕਾਰਡ  ਲੈਕੇ ਕੋਟ ਦੀ ਉਪਰਲੀ ਜੇਬ ਵਿਚ ਪਾ ਲਿਆ।
”ਮਿਲਦੇ ਆਂ ਫੇਰ ਆਪਾਂ ਜਲਦੀ ਜੱਜ ਸਾਹਿਬ, ਤੁਸੀਂ ਫੋਨ ਕਰਿਓ ਇਕ ਅੱਧੇ ਦਿਨ ਵਿਚ।” ਹੱਥ ਮਿਲਾ ਕੇ ਐਮ.ਪੀ.ਦਾ ਕਾਫ਼ਲਾ ਅੱਗੇ ਤੁਰਿਆ।
”ਏਹ ਵੀ ਬੜੀ ਕੁੱਤੀ ਚੀਜ਼ ਰਿਹੈ, ਨੱਕ ‘ਤੇ ਮੱਖੀ ਨਹੀਂ ਸੀ ਬਹਿਣ ਦਿੰਦਾ ਕਿਸੇ ਦੇ, ਨਾ ਸਿਫ਼ਾਰਿਸ਼ ਮੰਨੀ ਕਿਸੇ ਦੀ, ਨਾ ਪੈਸਾ ਖਾਧਾ, ਹੁਣ ਰਿਟਾਇਰ ਹੋ ਗਿਆ ਐ, ਫਿਰੂ ਡਫ਼-ਡਫ਼ ਵਜਦਾ, ਕਿਸੇ ਨਹੀਂ ਪੁਛਣਾ ਏਹਨੂੰ।” ਐਸ.ਪੀ. ਨੇ ਆਪਣੇ ਨਾਲ ਤੁਰੇ ਜਾਂਦੇ ਜ਼ਿਲਾ ਜਥੇਦਾਰ ਦੇ ਕੰਨ ਵਿਚ ਆਖਿਆ। ਉਧਰ ਮੁਖਤਿਆਰ ਸਿੰਘ ਤੇ ਉਨ੍ਹਾਂ ਦੇ ਸਾਥੀ ਸਟੇਜ ਨੇੜੇ ਪੁੱਜ ਗਏ ਤਾਂ ਆਰਕੈਸਟਰਾ ਦੇ ਸਟੇਜ ਸਕੱਤਰ ਨੇ ਜੱਜ ਸਾਹਿਬ ਨੂੰ ਉਚੇਚਾ ਵੈਲਕਮ ਕੀਤਾ ਤੇ ਸਭ ਨਾਲ ਰਲ-ਮਿਲਕੇ ਖੁਸ਼ੀ ਸਾਂਝੀ ਕਰਦਿਆਂ ਭੰਗੜਾ ਪਾਉਣ ਲਈ ਬੇਨਤੀ ਕੀਤੀ। ਜੱਜ ਸਾਹਿਬ ਦੀ ਪਤਨੀ ਵੀ ਉਠ ਕੇ ਨੇੜੇ ਆ ਗਈ। ਭੈਣ ਤੇ ਭਣੋਈਆ ਵੀ ਆ ਚੁੱਕੇ ਸਨ। ਗੀਤ ਵੱਜਣ ਲੱਗਿਆ :ਤੂੰ ਨੀ ਬੋਲਦੀ ਰਕਾਨੇ ਤੂੰ ਨੀਂ ਬੋਲਦੀ
ਤੇਰੇ ‘ਚੋਂ ਤੇਰਾ ਯਾਰ ਬੋਲਦਾ…
ਜੱਜ ਸਾਹਿਬ ਆਪਣੀ ਪਤਨੀ ਨਾਲ ਹੱਥਾਂ ਵਿੱਚ ਹੱਥ ਪਾ ਕੇ ਤੇ ਉਨ੍ਹਾਂ ਦੇ ਭੈਣ-ਭਣੋਈਆ ਤੇ ਹੋਰ ਰਿਸ਼ਤੇਦਾਰ ਵੀ ਸਮੇਤ ਪਤਨੀਆਂ ਦੇ ਆਪਣੇ ਆਪ ਰਾਗ-ਰੰਗ ਵਿਚ ਮਸਤ ਹੋਏ ਇਸ ਗੀਤ ਦੇ ਬੋਲਾਂ ਉੱਤੇ ਡਾਂਸ ਕਰਨ ਲੱਗੇ। ਨੱਚ ਲੈਣ ਮਗਰੋਂ ਮੁਖਤਿਆਰ ਸਿੰਘ ਨੇ ਆਪਣੇ ਆਪ ਨੂੰ ਕਾਫ਼ੀ ਹਲਕਾ-ਫੁਲਕਾ ਮਹਿਸੂਸ ਕੀਤਾ। ਠੰਢ ਦੀ ਰੁੱਤ ਵਿਚ ਵੀ, ਨੱਚਦੇ-ਨੱਚਦੇ ਉਸਨੂੰ ਕਾਫ਼ੀ ਮੁੜ੍ਹਕਾ ਆ ਗਿਆ ਸੀ।
… … …
ਦੋ ਦਿਨ ਬੀਤ ਗਏ। ”ਚਲੋ, ਇਕ ਦਿਨ ਹੋਰ ਉਡੀਕ ਲੈਨੇ ਆਂ, ਜਿੰਨੀ ਅਪਣੱਤ ਨਾਲ ਐਮ. ਪੀ. ਮਿਲਿਆ, ਲਗਦੈ ਕੁਝ ਨਾ ਕੁਝ ਕਰੂ ਜ਼ਰੂਰ।” ਮੁਖਤਿਆਰ ਸਿੰਘ ਨੇ ਆਪਣੇ ਆਪ ਨਾਲ ਹੀ ਗੱਲ ਕੀਤੀ। ਜਦ ਵੀ ਕਦੇ ਮੁਖਤਿਆਰ ਸਿੰਘ ਦਾ ਫੋਨ ਵਜਦਾ ਤਾਂ ਉਸਨੂੰ ਜਾਪਦਾ ਕਿ ਐਮ.ਪੀ ਸਾਹਬ ਦਾ ਹੀ ਫੋਨ ਆਇਆ ਹੋਣਾ। ਫੋਨ ਕਰਨ ਵਾਲਾ ਜਦ ਕੋਈ ਹੋਰ ਨਿਕਲਦਾ ਤਾਂ ਉਹ ਨਿਰਾਸ ਹੋ ਜਾਂਦਾ। ਤੀਜੇ ਦਿਨ ਵੀ ਸ਼ਾਮ ਤੀਕ ਐਮ.ਪੀ. ਸਾਹਿਬ ਦਾ ਫੋਨ ਨਹੀਂ ਆਇਆ। ਸਵੇਰੇ ਮਨ ਜਿਹਾ ਬਣਾ ਕੇ ਮੁਖਤਿਆਰ ਸਿੰਘ ਨੇ ਆਪ ਹੀ ਫੋਨ ਮਿਲਾਇਆ।”
”ਹੈਲੋ, ਮੈਂ ਮੁਖਤਿਆਰ ਸਿੰਘ ਬੋਲ ਰਿਹੈ, ਰਿਟਾਇਰ ਜੱਜ, ਐਮ.ਪੀ. ਸਾਹਿਬ ਨਾਲ ਗੱਲ ਕਰਵਾਓ ਬੇਟਾ।”
”ਸਰ ਜੀ, ਸਾਹਿਬ ਇਸ਼ਨਾਨ ਕਰ ਰਹੇ ਨੇ, ਤੁਸੀਂ ਅੱਧੇ ਘੰਟੇ ਤੀਕ ਕਰਨਾ।” ਐਮ.ਪੀ. ਦੇ ਨਿੱਜੀ ਸਹਾਇਕ ਨੇ ਆਖਿਆ।
ਅੱਧਾ ਘੰਟਾ ਵੀ ਲੰਘ ਗਿਆ। ਚਾਲੀ ਮਿੰਟ ਬੀਤ ਗਏ ਤੇ ਫਿਰ ਫੋਨ ਮਿਲਾਇਆ। ਅੱਗੋਂ ਆਵਾਜ਼ ਆਈ, ”ਸਰ ਜੀ, ਐਮ.ਪੀ. ਸਾਹਿਬ, ਬੱਸ, ਵੀਹ ਕੁ ਮਿੰਟਾਂ ਨੂੰ ਫਰੀ ਹੋ ਜਾਣਗੇ, ਫਿਰ ਗੱਲ ਕਰ ਲੈਣਾ।” ਪੱਚੀ ਮਿੰਟ ਬਾਅਦ ਫੋਨ ਮਿਲਾਇਆ ਤਾਂ ਫੋਨ ਚੁੱਕਣ ਵਾਲਾ ਬੋਲਿਆ, ”ਸਰ ਜੀ ਮੈਂ ਸਾਹਬ ਦਾ ਡਰੈਵਰ ਬੋਲਦਾ ਵਾਂ, ਸਾਹਬ ਬ੍ਰੇਕਫਾਸਟ ਕਰ ਰਹੇ ਨੇ, ਬਸ ਅੱਧਾ ਘੰਟਾ ਵੇਟ ਕਰੋ।”  ਮੁਖਤਿਆਰ ਸਿੰਘ ਹੈਰਾਨ-ਪਰੇਸ਼ਾਨ ਹੋ ਕੇ ਸੋਚਣ ਲੱਗਿਆ ਕਿ ਚਲੋ ਦੇਖਦੇ ਆਂ, ਬਣਦਾ ਕੀ ਐ, ਪੰਜਾਬ ਦੇ ਲੀਡਰਾਂ ਦਾ ਤਾਂ ਇਹੋ ਹਾਲ ਐ।” ਪੌਣਾ ਘੰਟਾ ਉਡੀਕ ਕਰਨ ਬਾਅਦ ਫਿਰ ਫੋਨ ਮਿਲਾਇਆ ਤਾਂ ਹੁਣ ਗੰਨ-ਮੈਨ ਨੇ ਚੁੱਕ ਲਿਆ, ”ਸਰ ਤੁਸੀਂ ਕੋਣ ਬੋਲਦੇ ਓ?”
ਮੁਖਤਿਆਰ ਸਿੰਘ ਖਿਝ ਗਿਆ, ”ਹੁਣ ਫੇਰ ਦੱਸਾਂ ਕਿ ਮੈਂ ਕੌਣ ਬੋਲਦਾਂ, ਮੈਂ ਪੰਜ ਵਾਰ ਫੋਨ ਕਰ ਚੁੱਕਾ ਆਂ, ਮੈਂ ਮੁਖਤਿਆਰ ਸਿੰਘ ਰਿਟਾਇਰਡ ਜੱਜ ਬੋਲਦਾ ਆਂ, ਗੱਲ ਕਰਵਾਓ ਜ਼ਰਾ ਐਮ.ਪੀ. ਸਾਹਿਬ ਨਾਲ।”
”ਸਰ ਜੀ, ਐਮ.ਪੀ ਸਾਹਬ ਤਾਂ ਡੀ.ਸੀ ਸਾਹਬ ਨਾਲ ਹਲਕੇ ਦੇ ਵਿਕਾਸ ਸਬੰਧੀ ਮੀਟਿੰਗ ਕਰ ਰਹੇ ਨੇ।” ਇਹ ਸੁਣ ਮੁਖਤਿਆਰ ਸਿੰਘ ਨੇ ਮੱਥੇ ਉਤੇ ਹੱਥ ਮਾਰਿਆ। ਫੋਨ ਬੰਦ ਕੀਤਾ। ਘੰਟਾ ਬੀਤ ਗਿਆ। ਫਿਰ ਫੋਨ ਮਿਲਾਇਆ ਗਿਆ ਤਾਂ ਅੱਗੋਂ ਜੁਆਬ ਆਇਆ, ”ਸਰ ਜੀ, ਐਮ.ਪੀ. ਸਾਹਿਬ ਤਾਂ ਭੋਗ ‘ਤੇ ਆਏ ਨੇ ਪਿੰਡ ‘ਚ ਜੀ… ਉਹ ਸ਼ਰਧਾਂਜਲੀ ਭੇਟ ਕਰ ਰਹੇ ਨੇ।”
ਇਹ ਸਭ ਕੁਝ ਸੁਣ ਦੇਖ ਕੇ ਮੁਖਤਿਆਰ ਸਿੰਘ ਸੋਚਣ ਲੱਗਿਆ ਕਿ ਇਹੋ ਜਿਹੇ ਵੀਹ ਐਮ.ਪੀ ਤੇ ਐਮ ਐਲ ਏ ਮੇਰੀ ਕੋਰਟ ਵਿੱਚ ਪੇਸ਼ ਹੁੰਦੇ ਰਹੇ, ਸਾਲੇ…ਉਦੋਂ ਮੇਰੇ ਸਾਹਮਣੇ ਧੌਣ ਨੀਵੀਂ ਨੀ ਸੀ ਚੁਕਦੇ ਹੁੰਦੇ ਤੇ ਹੁਣ ਜਦੋਂ ਮੈਂ ਰਿਟਾਇਰ ਹੋ ਗਿਆ ਆਂ ਤਾਂ ਅੱਜ ਮੇਰਾ ਫੋਨ ਨੀ ਚੁਕਦੇ! ਕਿੱਡਾ ਭੈੜਾ ਜ਼ਮਾਨਾ ਯਾਰੋ, ਹੱਦ ਹੋ ਗਈ!
ਮੁਖਤਿਆਰ ਸਿੰਘ ਨੇ ਗੁੱਸਾ ਖਾਕੇ ਆਪਣਾ ਮੋਬਾਈਲ ਫੋਨ ਬੈੱਡ ਉਤੇ ਚਲਾ ਕੇ ਮਾਰਿਆ ਤੇ ਉਹ ਸਿਰਹਾਣੇ ਪਈ ਪਾਣੀ ਦੀ ਬੋਤਲ ਵਿੱਚੋਂ ਦੋ ਘੁੱਟਾਂ ਭਰਨ ਲੱਗਿਆ ਸੀ,”ਬੜੇ ਪਾਪਾ, ਤੁਸੀਂ ਫੋਨ ਕਿਉਂ ਸੁੱਟੀ ਜਾਂਦੇ ਓ?” ਉਸਦਾ ਪੋਤਰਾ ਆ ਕੇ ਪੁੱਛਦਾ ਹੈ। ”ਨਹੀਂ-ਨਹੀਂ ਬੇਟਾ, ਮੈਂ ਤੇ ਟੀ.ਵੀ. ਦਾ ਰਿਮੋਟ ਠੀਕ ਕਰਦਾ ਸੀ, ਬੇਟਾ ਇਹਦੇ ਸੈੱਲ ਖਤਮ ਨੇ, ਚਲਦਾ ਨਹੀਂ, ਮੈਂ ਹਿਲਾ-ਹਿਲਾ ਕੇ ਦੇਖਦਾ ਸੀ।” ਪੋਤਰੇ ਕੋਲੋਂ ਉਸਨੇ ਗੱਲ ਲੁਕਾ ਲਈ ਤਾਂ ਪਿੱਛਿਓ ਆ ਕੇ ਉਸਦਾ ਵੱਡਾ ਪੁੱਤਰ ਬੋਲਦਾ ਹੈ, ” ਪਾਪਾ, ਸੈੱਲ ਰਿਮੋਟ ਕੰਟਰੋਲ ਦੇ ਨਹੀਂ, ਮੈਨੂੰ ਲਗਦੈ ਕਿ ਤੁਹਾਡੇ ਆਪਣੇ  ਖਤਮ ਹੋਏ ਪਏ ਨੇ, ਕਈ ਦਿਨਾਂ ਤੋਂ ਤੁਸੀਂ ਉੱਖੜੇ-ਉੱਖੜੇ ਜਿਹੇ ਮਹਿਸੂਸ ਕਰਦੇ ਓ, ਮੈਂ ਤੁਹਾਨੂੰ ਵਾਚ ਕਰ ਰਿਹਾ ਆਂ ਪਾਪਾ, ਪਾਪਾ…ਵਾਏ? ਦੱਸੋ ਤੁਹਾਨੂੰ ਕੀ ਚਾਹੀਦਾ, ਜੋ ਤੁਸੀਂ ਲੀਡਰਾਂ ਤੋਂ ਭਾਲਦੇ ਓ ਪਾਪਾ…ਡੌਂਟ ਮਾਈਂਡ…ਡੈਡ।” ਗੱਲ ਅਧਵਾਟੇ ਛੱਡ ਕੇ ਚੀਕਦਾ ਹੋਇਆ ਪੁੱਤਰ ਕਮਰੇ ਵਿੱਚੋਂ ਬਾਹਰ ਹੋ ਗਿਆ।
”ਬੜੇ ਪਾਪਾ, ਲਿਆਓ ਮੈਨੂੰ ਦਿਓ ਰਿਮੋਟ, ਮੈਂ ਠੀਕ ਕਰਾਂ।” ਪੋਤਰੇ ਨੇ ਰਿਮੋਟ ਦੇ ਸੈੱਲ ਕੱਢ ਕੇ ਦੋਬਾਰਾ ਪਾਏ ਤੇ ਟੀ.ਵੀ. ਆਨ ਕਰ ਦਿੱਤਾ। ਭਾਈ ਨਿਰਮਲ ਸਿੰਘ ਖਾਲਸਾ ਤੇ ਉਸ ਦਾ ਜੱਥਾ ਸ਼ਬਦ ਗਾਇਨ ਕਰ ਰਿਹਾ ਸੀ :
ਕਰ ਬੰਦੇ ਤੂੰ ਬੰਦਗੀ
ਜਿਚਰ ਘੱਟ ਮੈਂ ਸਾਹੁ ਹੋ
ਕੁਦਰਤ ਕੀਮ ਨਾ ਜਾਣੀਐ
ਵੱਡਾ ਬੇਪਰਵਾਹੁ
ਸ਼ਬਦ ਸੁਣਦਿਆਂ ਮੁਖਤਿਆਰ ਸਿੰਘ ਨੂੰ ਨੀਂਦ ਆਉਣ ਲੱਗੀ ਸੀ ਤੇ  ਪਤਾ ਨਹੀਂ ਕਦੋਂ ਉਹਦੀ ਅੱਖ ਲੱਗ ਗਈ।
ਲਗਦੇ ਹੱਥ
ਇਹ ਸਾਰੀ ਕਥਾ ਵਾਰਤਾ ਮੇਰੀ ਨਵ-ਪ੍ਰਕਾਸ਼ਿਤ ਪੁਸਤਕ ‘ਕਾਲੇ ਕੋਟ ਦਾ ਦਰਦ’ ਵਿੱਚ ਸ਼ਾਮਿਲ ਹੈ।  ਬਹੁਤ ਸਾਰੇ ਕੈਨੇਡੀਅਨ ਪਾਠਕਾਂ ਨੇ ਪੁੱਛਿਆ ਕਿ ਇਹ ਕਿਤਾਬ ਕਿੱਥੋਂ ਮਿਲੇਗੀ? ਸਬੱਬ ਹੀ ਹੈ ਕਿ ਚੇਤਨਾ ਪ੍ਰਕਾਸ਼ਨ ਲੁਧਿਆਣੇ ਵਾਲਾ ਸਤੀਸ਼ ਗੁਲਾਟੀ ਅਜਕਲ 13 ਜੂਨ ਤੋਂ ਕੈਨੇਡਾ ਵਿੱਚ ਪੁਸਤਕ ਪ੍ਰਦਰਸ਼ਨੀ ਲਾਉਣ ਆਇਆ ਹੋਇਆ ਹੈ ਅਤੇ ਸਰੀ ਦੇ ਸਕੌਟ ਰੋਡ, ਯੂਨਿਟ ਨੰਬਰ-9337-120 ਸਟਰੀਟ,ਪੰਜਾਬੀ ਮਾਰਕੀਟ, ਫੋਨ ਨੰਬਰ-778-680-2551 ਉਤੇ ਅੱਗੇ ਵਾਂਗ ਪੱਕਾ ਟਿਕਾਣਾ ਹੈ। ਇਸ ਕਿਤਾਬ ਸਮੇਤ ਮੇਰੀਆਂ ਨਵੀਆਂ ਸਾਰੀਆਂ ਕਿਤਾਬਾਂ ਪਾਠਕ ਉਥੋਂ ਪ੍ਰਾਪਤ ਕਰ ਸਕਦੇ ਹਨ। ਦੱਸਿਆ ਗਿਆ ਹੈ ਕਿ ਇਸ ਪੁਸਤਕ ਮੇਲੇ ਹਮੇਸ਼ਾ ਵਾਂਗ ਬੜਾ ਭਰਵਾਂ ਹੁਗਾਰਾ ਮਿਲ ਰਿਹਾ ਹੈ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 13ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …