ਜਪਾ ਨੇ ਲੈਨਿਨ ਦਾ ਬੁੱਤ ਤੋੜਿਆ ਤਾਂ ਕਾਮਰੇਡਾਂ ਨੇ ਸ਼ਿਆਮਾ ਪ੍ਰਸਾਦ ਦੇ ਬੁੱਤ ਨੂੰ ਕੀਤਾ ਕਾਲਾ
ਲੈਨਿਨ ਤੋਂ ਬਾਅਦ ਪੇਰਿਆਰ, ਸਿਆਮਾ ਪ੍ਰਸਾਦ ਮੁਖਰਜੀ ਤੇ ਅੰਬੇਡਕਰ ਦੇ ਬੁੱਤ ਤੋੜੇ
ਗ੍ਰਹਿ ਵਿਭਾਗ ਨੇ ਕਾਰਵਾਈ ਦੇ ਲਈ ਰਾਜ ਸਰਕਾਰਾਂ ਨੂੰ ਦਿੱਤੇ ਹੁਕਮ
ਨਵੀਂ ਦਿੱਲੀ : ਤ੍ਰਿਪੁਰਾ ਵਿਚ ਵਲਾਦੀਮੀਰ ਲੈਨਿਨ ਦੇ ਬੁੱਤ ਨੂੰ ਬੁਲਡੋਜ਼ਰ ਨਾਲ ਤੋੜਨ ਤੋਂ ਬਾਅਦ ਦੇਸ਼ ਵਿਚ ਮਹਾਨ ਵਿਚਾਰਕਾਂ ਅਤੇ ਨੇਤਾਵਾਂ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਚਾਰ ਸੂਬਿਆਂ ਵਿਚ ਚਾਰ ਮਹਾਂਪੁਰਸ਼ਾਂ ਦੇ ਬੁੱਤਾਂ ਨਾਲ ਛੇੜਛਾੜ ਕੀਤੀ ਗਈ ਹੈ।
ਤ੍ਰਿਪੁਰਾ ਵਿਚ ਵਿਸ਼ਵ ਪੱਧਰੀ ਰੂਸ ਦੇ ਮਾਰਕਸਵਾਦੀ ਨੇਤਾ ਵਲਾਦੀਮੀਰ ਲੈਨਿਨ ਦੇ ਬੁੱਤ ਤੋੜਨ ਦੀ ਘਟਨਾ ਤੋਂ ਬਾਅਦ ਚੇਨਈ ਵਿਚ ਦ੍ਰਾਵਿੜ ਨੇਤਾ ਈ. ਵੀ. ਰਾਮਾਸਵਾਮੀ, ਜਿਨ੍ਹਾਂ ਨੂੰ ਪੇਰਿਆਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦੇ ਬੁੱਤ ਨੂੰ ਤੋੜਿਆ ਗਿਆ। ਇਸ ਤੋਂ ਇਲਾਵਾ ਕੁਝ ਸ਼ਰਾਰਤੀ ਅਨਸਰਾਂ ਨੇ ਕੋਲਕਾਤਾ ਵਿਚ ਜਨ ਸੰਘ ਦੇ ਸੰਸਥਾਪਕ ਸਿਆਮਾ ਪ੍ਰਸਾਦ ਮੁਖਰਜੀ ਤੇ ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ। ਗ੍ਰਹਿ ਮੰਤਰਾਲੇ ਨੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਸਖ਼ਤ ਕਦਮ ਚੁੱਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਤ੍ਰਿਪੁਰਾ : 2 ਦਿਨਾਂ ‘ਚ ਭਾਜਪਾ ਵਰਕਰਾਂ ਨੇ ਲੈਨਿਨ ਦੇ ਬੁੱਤ ਨੂੰ ਢਾਹ ਦਿੱਤਾ
ਤ੍ਰਿਪੁਰਾ ਵਿਚ ਚੋਣ ਨਤੀਜਿਆਂ ਤੋਂ ਬਾਅਦ ਸੋਮਵਾਰ ਨੂੰ ਭਾਜਪਾ ਵਰਕਰਾਂ ਨੇ ਬੋਲੋਲਿਆ ਵਿਚ 11.5 ਫੁੱਟ ਉਚਾ ਲੈਨਿਲ ਦਾ ਬੁੱਤ ਬੁਲਡੋਜ਼ਰ ਨਾਲ ਢਾਹ ਦਿੱਤਾ। ਮੰਗਲਵਾਰ ਨੂੰ ਵੀ ਸੂਬੇ ਵਿਚ ਲੈਨਿਨ ਦੇ ਇਕ ਹੋਰ ਬੁੱਤ ਨੂੰ ਤੋੜ ਦਿੱਤਾ ਗਿਆ। ਤ੍ਰਿਪੁਰਾ ਵਿਚ 25 ਸਾਲ ਤੋਂ ਖੱਬੇ ਮੋਰਚੇ ਦੀ ਸਰਕਾਰ ਸੀ। ਪਹਿਲੀ ਵਾਰ ਭਾਜਪਾ ਇੱਥੇ ਸੱਤਾ ਵਿਚ ਆਈ ਹੈ। ਉਥੇ, ਬੁੱਧਵਾਰ ਨੂੰ ਸੀਪੀਆਈ ਐਮ ਵਰਕਰਾਂ ਦੇ ਹਮਲੇ ਵਿਚ ਭਾਜਪਾ ਦੇ ਪੰਜ ਵਰਕਰਾਂ ਜ਼ਖ਼ਮੀ ਹੋ ਗਏ।
ਉਤਰ ਪ੍ਰਦੇਸ਼ : ਮੇਰਠ ਵਿਚ ਸ਼ਰਾਰਤੀ ਅਨਸਰਾਂ ਨੇ ਡਾ. ਅੰਬੇਡਕਰ ਦਾ ਬੁੱਤ ਤੋੜਿਆ
ਉਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਮਵਾਨਾ ਖੇਤਰ ਵਿਚ ਮੰਗਲਵਾਰ ਰਾਤ ਨੂੰ ਸ਼ਰਾਰਤੀ ਤੱਤਾਂ ਨੇ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਤੋੜ ਦਿੱਤਾ। ਹਾਲਾਂਕਿ, ਜਲਦ ਹੀ ਪ੍ਰਸ਼ਾਸਨ ਨੇ ਨਵਾਂ ਬੁੱਤ ਲਗਵਾ ਵੀ ਦਿੱਤਾ। ਇਸ ਮੁੱਦੇ ਨੂੰ ਲੈ ਕੇ ਸਥਾਨਕ ਲੋਕਾਂ ਨੇ ਕਾਫੀ ਦੇਰ ਤੱਕ ਹੰਗਾਮਾ ਕੀਤਾ ਅਤੇ ਬੁੱਤ ਨੂੰ ਬਦਲਾਉਣ ਦੀ ਮੰਗ ਕੀਤੀ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਤਾਮਿਲਨਾਡੂ : ਭਾਜਪਾ ਨੇਤਾ ਦੀ ਪੋਸਟ ‘ਤੇ ਪੇਰਿਅਰ ਦੇ ਬੁੱਤ ਦਾ ਕੀਤਾ ਨੁਕਸਾਨ
ਤਾਮਿਲਨਾਡੂ ਦੇ ਬੈਲਲੋਰ ਜ਼ਿਲ੍ਹੇ ਵਿਚ ਮੰਗਲਵਾਰ ਰਾਤ ਸਮਾਜ ਸੁਧਾਰਕ ਅਤੇ ਦ੍ਰਾਵਿੜ ਅੰਦੋਲਨ ਦੇ ਸੰਸਥਾਪਕ ਈਬੀ ਰਾਮਾਸਵਾਮੀ ਪੇਰਿਅਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ। ਇਹ ਘਟਨਾ ਭਾਜਾਪਾ ਨੇਤਾ ਐਚ ਰਾਜਾ ਦੀ ਇਕ ਫੇਸਬੁੱਕ ਪੋਸਟ ਦੇ ਬਾਅਦ ਹੋਈ ਹੈ। ਪੁਲਿਸ ਨੇ ਦੋ ਅਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਇਕ ਭਾਜਪਾ ਅਤੇ ਇਕ ਸੀਪੀਐਮ ਨਾਲ ਜੁੜਿਆ ਹੈ। ਉਥੇ, ਇਸ ਤੋਂ ਬਾਅਦ ਕੋਇੰਬਟੂਰ ਵਿਚ ਭਾਜਪਾ ਦਫਤਰ ‘ਤੇ ਪੈਟਰੋਲ ਬੰਬ ਨਾਲ ਵੀ ਹਮਲਾ ਕੀਤਾ ਗਿਆ।
ਪੱਛਮੀ ਬੰਗਾਲ : 7 ਖੱਬੇ ਪੱਖੀ ਮੈਂਬਰਾਂ ਨੇ ਮੁਖਰਜੀ ਦੇ ਚਿਹਰੇ ‘ਤੇ ਮਲੀ ਕਾਲਖ
ਬੁੱਧਵਾਰ ਨੂੰ ਕੋਲਕਾਤਾ ਦੇ ਕਾਲੀਘਾਟ ਵਿਚ ਜਨਸੰਘ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬੁੱਤ ‘ਤੇ ਕਾਲਖ ਮਲ ਦਿੱਤੀ ਗਈ। ਪੁਲਿਸ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬੁੱਤ ਨਾਲ ਛੇੜਛਾੜ ਕਰਨ ਦੇ ਆਰੋਪ ਵਿਚ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਸਾਰੇ ਆਰੋਪੀ ਖੱਬੇ ਪੱਖੀ ਫਰੰਟ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿਚ 6 ਪੁਰਸ਼ ਅਤੇ ਇਕ ਮਹਿਲਾ ਹੈ।
ਰਾਜ ਸਭਾ ‘ਚ ਵੀ ਹੰਗਾਮਾ : ਕੁਝ ਸੂਬਿਆਂ ਵਿਚ ਪ੍ਰਮੁੱਖ ਹਸਤੀਆਂ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਏ ਜਾਣ ਅਤੇ ਕਈ ਹੋਰਨਾਂ ਮੁੱਦਿਆਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਬੁੱਧਵਾਰ ਲਗਾਤਾਰ ਤੀਜੇ ਦਿਨ ਵੀ ਰਾਜ ਸਭਾ ਦੀ ਕਾਰਵਾਈ ਰੁਕੀ ਰਹੀ।
ਬੁੱਤਾਂ ਨੂੰ ਤੋੜਨ ਦੀਆਂ ਘਟਨਾਵਾਂ ਦੀ ਮੋਦੀ
ਨੇ ਕੀਤੀ ਨਿੰਦਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕੁਝ ਹਿੱਸਿਆਂ ਵਿਚ ਵੱਖ-ਵੱਖ ਸ਼ਖ਼ਸੀਅਤਾਂ ਦੇ ਬੁੱਤਾਂ ਨੂੰ ਤੋੜੇ ਜਾਣ ਦੀਆਂ ਘਟਨਾਵਾਂ ਦੀ ਤਿੱਖੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਵਿਚ ਸ਼ਾਮਲ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪ੍ਰਧਾਨ ਮੰਤਰੀ ਦਫਤਰ ਮੁਤਾਬਕ ਮੋਦੀ ਨੇ ਇਸ ਮੁੱਦੇ ‘ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲਬਾਤ ਕੀਤੀ ਹੈ।
ਗ੍ਰਹਿ ਮੰਤਰਾਲਾ ਨੇ ਜਾਰੀ ਕੀਤੀ ਗਾਈਡਲਾਈਨ
ਗ੍ਰਹਿ ਮੰਤਰਾਲਾ ਨੇ ਕਿਹਾ ਕਿ ਉਸ ਨੇ ਸੂਬਾਈ ਸਰਕਾਰਾਂ ਨੂੰ ਗਾਈਡਲਾਈਨ ਜਾਰੀ ਕਰਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੰਤਰਾਲਾ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਵਿਚ ਸ਼ਾਮਲ ਸਭ ਵਿਅਕਤੀਆਂ ਵਿਰੁੱਧ ਸਖਤੀ ਨਾਲ ਪੇਸ਼ ਆਇਆ ਜਾਵੇ ਅਤੇ ਕਾਨੂੰਨ ਮੁਤਾਬਕ ਉਨ੍ਹਾਂ ਵਿਰੁੱਧ ਮਾਮਲੇ ਦਰਜ ਕੀਤੇ ਜਾਣ।
ਕੋਇੰਬਟੂਰ ‘ਚ ਭਾਜਪਾ ਦੇ ਦਫ਼ਤਰ ‘ਤੇ ਪੈਟਰੋਲ ਬੰਬ ਸੁੱਟਿਆ
ਕੋਇੰਬਟੂਰ : ਸਮਾਜ ਸੁਧਾਰਕ ਤੇ ਤਰਕਵਾਦੀ ਨੇਤਾ ਈ. ਵੀ. ਰਾਮਾਸਵਾਮੀ ਜਿਨ੍ਹਾਂ ਨੂੰ ਪੇਰਿਆਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦਾ ਬੁੱਤ ਤੋੜਨ ‘ਤੇ ਚੇਨਈ ਵਿਚ ਤਣਾਅ ਪੈਦਾ ਹੋ ਗਿਆ। ਮੋਟਰਸਾਈਕਲ ਸਵਾਰ ਕੁਝ ਸ਼ਰਾਰਤੀ ਅਨਸਰਾਂ ਨੇ ਕੋਇੰਬਟੂਰ ਵਿਚ ਭਾਜਪਾ ਦੇ ਦਫ਼ਤਰ ‘ਤੇ ਦੋ ਪੈਟਰੋਲ ਬੰਬ ਸੁੱਟੇ ਹਾਲਾਂਕਿ ਇਸ ਹਮਲੇ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ। ਬਾਅਦ ਵਿਚ ਇਸ ਮਾਮਲੇ ‘ਚ ਤਿੰਨ ਵਿਅਕਤੀਆਂ ਨੇ ਆਤਮ ਸਮਰਪਣ ਕਰ ਦਿੱਤਾ, ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਦਰਅਸਲ ਭਾਜਪਾ ਦੇ ਕੌਮੀ ਸਕੱਤਰ ਐਚ. ਰਾਜਾ ਨੇ ਪੇਰਿਆਰ ਤੇ ਲੈਨਿਨ ਦੀ ਤੁਲਨਾ ਕਰਦਿਆਂ ਫ਼ੇਸਬੁੱਕ ‘ਤੇ ਇਕ ਵਿਵਾਦਿਤ ਪੋਸਟ ਕੀਤਾ ਸੀ, ਅਤੇ ਜਿਸ ਤੋਂ ਕੁਝ ਸਮੇਂ ਬਾਅਦ ਹੀ ਪੇਰਿਆਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ। ਹੁਣ ਐਚ. ਰਾਜਾ ਦੇ ਖ਼ਿਲਾਫ਼ ਇਕ ਵਕੀਲ ਨੇ ਮਦਰਾਸ ਹਾਈਕੋਰਟ ਵਿਚ ਅਰਜ਼ੀ ਦਾਇਰ ਕੀਤੀ ਹੈ, ਹਾਲਾਂਕਿ ਵਿਵਾਦ ਵਧਣ ‘ਤੇ ਐਚ. ਰਾਜਾ ਨੇ ਫ਼ੇਸਬੁੱਕ ‘ਤੋਂ ਵਿਵਾਦਿਤ ਪੋਸਟ ਨੂੰ ਹਟਾ ਦਿੱਤਾ ਅਤੇ ਖ਼ੁਦ ਮੀਡੀਆ ਦੇ ਸਾਹਮਣੇ ਸਫ਼ਾਈ ਦਿੰਦਿਆਂ ਕਿਹਾ ਕਿ ਉਹ ਪੋਸਟ ਉਨ੍ਹਾਂ ਨੇ ਨਹੀਂ ਲਿਖਿਆ ਸੀ ਬਲਕਿ ਉਨ੍ਹਾਂ ਦੇ ਪੇਜ ਦੇ ਇਕ ਹੋਰ ਐਡਮਿਨ ਨੇ ਉਨ੍ਹਾਂ ਦੀ ਜਾਣਕਾਰੀ ਦੇ ਬਗੈਰ ਲਿਖਿਆ ਸੀ। ਐਚ. ਰਾਜਾ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਪੇਰਿਆਰ ਦਾ ਬੁੱਤ ਤੋੜਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ। ਉਧਰ ਡੀ. ਐਮ. ਕੇ. ਦੇ ਸਮਰਥਕਾਂ ਨੇ ਵੀ ਰਾਜਾ ਦੇ ਵਿਵਾਦਿਤ ਪੋਸਟ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਡੀ. ਐਮ. ਕੇ. ਦੇ ਕਾਰਜਕਾਰੀ ਪ੍ਰਧਾਨ ਐਮ. ਕੇ. ਸਟਾਲਿਨ ਨੇ ਐਚ. ਰਾਜਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
Check Also
ਲੋਕ ਸਭਾ ’ਚ ਗੌਤਮ ਅਡਾਨੀ ਦੇ ਮੁੱਦੇ ’ਤੇ ਹੋਇਆ ਭਾਰੀ ਹੰਗਾਮਾ
ਰਾਹੁਲ ਗਾਂਧੀ ਬੋਲੇ : ਅਡਾਨੀ ਨੂੰ ਹੋਣਾ ਚਾਹੀਦਾ ਹੈ ਜੇਲ੍ਹ ’ਚ, ਪਰ ਸਰਕਾਰ ਉਸਦਾ ਕਰ …