Breaking News
Home / ਭਾਰਤ / ਕਮਲਨਾਥ ਦੀਆਂ ਵਧੀਆਂ ਮੁਸ਼ਕਲਾਂ

ਕਮਲਨਾਥ ਦੀਆਂ ਵਧੀਆਂ ਮੁਸ਼ਕਲਾਂ

’84 ਸਿੱਖ ਕਤਲੇਆਮ ਦਾ ਗਵਾਹ ਮੁਖਤਿਆਰ ਸਿੰਘ ਐੱਸਆਈਟੀ ਅੱਗੇ ਪੇਸ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਦੇ ਸੀਨੀਅਰ ਆਗੂ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੀਆਂ ਮੁਸ਼ਕਲਾਂ ਵਧ ਗਈਆਂ ਹਨ। 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ‘ਚ ਇਕ ਗਵਾਹ ਮੁਖਤਿਆਰ ਸਿੰਘ ਆਪਣਾ ਬਿਆਨ ਦਰਜ ਕਰਵਾਉਣ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਸਾਹਮਣੇ ਪੇਸ਼ ਹੋਏ।
ਦੱਖਣੀ ਦਿੱਲੀ ਦੇ ਖ਼ਾਨ ਮਾਰਕੀਟ ਇਲਾਕੇ ਵਿਚ ਸਥਿਤ ਐੱਸਆਈਟੀ ਦੇ ਦਫ਼ਤਰ ਵਿਚ ਮੁਖਤਿਆਰ ਸਿੰਘ ਪੁੱਜੇ ਤੇ ਘਟਨਾ ਦਾ ਬਿਓਰਾ ਦਿੱਤਾ। ਪਹਿਲੀ ਵਾਰ ਉਹ ਤਿੰਨ ਮੈਂਬਰੀ
ਐੱਸਆਈਟੀ ਅੱਗੇ ਪੇਸ਼ ਹੋਏ ਹਨ। ਐੱਸਆਈਟੀ ‘ਚ ਬਿਆਨ ਦਰਜ ਕਰਵਾਉਣ ਪਿੱਛੋਂ ਉਨ੍ਹਾਂ ਕਿਹਾ ਕਿ ਉਨ੍ਹਾਂ ਜੋ ਕੁਝ ਕਿਹਾ ਹੈ ਉਸ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕਰਨਗੇ। ਸੂਤਰਾਂ ਮੁਤਾਬਕ ਮੁਖਤਿਆਰ ਸਿੰਘ ਨੇ ਐੱਸਆਈਟੀ ਮੈਂਬਰਾਂ ਨੂੰ ਘਟਨਾ ਤੋਂ ਜਾਣੂ ਕਰਵਾਇਆ। ਇਸ ਟੀਮ ‘ਚ ਇਕ ਸੀਨੀਅਰ ਆਈਪੀਐੱਸ ਅਧਿਕਾਰੀ, ਇਕ ਪੁਲਿਸ ਉਪ ਕਮਿਸ਼ਨਰ ਤੇ ਇਕ ਸੇਵਾ ਮੁਕਤ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼ਾਮਲ ਹਨ। ਇਹ ਮਾਮਲਾ ਪਹਿਲੀ ਨਵੰਬਰ 1984 ਨੂੰ ਗੁਰਦੁਆਰਾ ਰਕਾਬਗੰਜ ‘ਚ ਭੜਕੀ ਭੀੜ ਵੱਲੋਂ ਸਿੱਖਾਂ ਦੀ ਹੱਤਿਆ ਨਾਲ ਸਬੰਧਿਤ ਹੈ।
ਨੌਂ ਨਵੰਬਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਮਾਮਲਾ ਦੁਬਾਰਾ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਸੀ। ਮੋਦੀ ਸਰਕਾਰ ਨੇ 2015 ਵਿਚ ਸਿੱਖ ਵਿਰੋਧੀ ਕਤਲੇਆਮ ਦੀ ਜਾਂਚ ਲਈ ਐੱਸਆਈਟੀ ਗਠਿਤ ਕਰ ਦਿੱਤੀ ਸੀ।
31 ਅਕਤੂਬਰ 1984 ਨੂੰ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖ ਵਿਰੋਧੀ ਕਤਲੇਆਮ ਹੋਇਆ ਸੀ।72 ਸਾਲਾ ਕਾਂਗਰਸੀ ਆਗੂ ਤੇ ਨਹਿਰੂ-ਗਾਂਧੀ ਪਰਿਵਾਰ ਦੇ ਭਰੋਸੇਮੰਦ ਮੰਨਿਆ ਜਾਣ ਵਾਲਾ ਕਮਲਨਾਥ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਕਿਉਂਕਿ ਲੰਡਨ ‘ਚ ਰਹਿਣ ਵਾਲੇ ਪੱਤਰਕਾਰ ਸੰਜੇ ਸੂਰੀ ਨੇ ਵੀ ਮਾਮਲੇ ਵਿਚ ਗਵਾਹੀ ਦੇਣ ਦੀ ਇੱਛਾ ਪ੍ਰਗਟ ਕੀਤੀ ਹੈ।

Check Also

ਅਸ਼ੋਕ ਗਹਿਲੋਤ ਨੇ ਰਾਜਸਥਾਨ ’ਚ ਮੁੜ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਦਾ ਕੀਤਾ ਦਾਅਵਾ

ਕਿਹਾ : ਐਗਜ਼ਿਟ ਪੋਲ ਕੁੱਝ ਵੀ ਕਹਿਣ ਪ੍ਰੰਤੂ ਰਾਜਸਥਾਨ ਮੁੜ ਸੱਤਾ ਸੰਭਾਲੇਗੀ ਕਾਂਗਰਸ ਜੈਪੁਰ/ਬਿਊਰੋ ਨਿਊਜ਼ …