-17.4 C
Toronto
Friday, January 30, 2026
spot_img
Homeਭਾਰਤਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਦਿਆਂ ਹੀ ਹਰਿਆਣਾ 'ਚ ਸਿਆਸੀ ਸਰਗਰਮੀਆਂ ਤੇਜ਼

ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਦਿਆਂ ਹੀ ਹਰਿਆਣਾ ‘ਚ ਸਿਆਸੀ ਸਰਗਰਮੀਆਂ ਤੇਜ਼

ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ 21 ਅਕਤੂਬਰ ਨੂੰ ਕਰਵਾਏ ਜਾਣ ਦੇ ਐਲਾਨ ਮਗਰੋਂ ਸੂਬੇ ਵਿਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਹਰਿਆਣਾ ਦੀਆਂ ਸਮੂਹ 90 ਸੀਟਾਂ ਲਈ 21 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਚੋਣਾਂ ਦੇ ਐਲਾਨ ਤੋਂ ਬਾਅਦ ਹਰਿਆਣਾ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਹਰਿਆਣਾ ਨਿਵਾਸ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਚੋਣ ਪ੍ਰਕਿਰਿਆ ਦੇ ਵੇਰਵੇ ਦਿੱਤੇ। ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣਾਂ ਸਬੰਧੀ ਨੋਟੀਫਿਕੇਸ਼ਨ 27 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀਆਂ ਭਰਨ ਦੀ ਅੰਤਿਮ ਤਰੀਕ 4 ਅਕਤੂਬਰ ਮਿਥੀ ਗਈ ਹੈ। ਕਾਗਜ਼ 7 ਅਕਤੂਬਰ ਤਕ ਵਾਪਸ ਲਏ ਜਾ ਸਕਣਗੇ। ਇਨ੍ਹਾਂ ਚੋਣਾਂ ਲਈ ਹਰਿਆਣਾ ਦੀਆਂ ਸਾਰੀਆਂ ਪਾਰਟੀਆਂ ਨੇ ਪਹਿਲਾਂ ਹੀ ਸਰਗਰਮੀਆਂ ਵਿੱਢ ਦਿੱਤੀਆਂ ਸਨ ਅਤੇ ਕਈ ਪਾਰਟੀਆਂ ਜਿਵੇਂ ਸਵਰਾਜ ਇੰਡੀਆ ਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਤਾਂ ਕੁਝ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਵਿਚ ਫਿਲਹਾਲ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਪੱਲੜਾ ਭਾਰੀ ਲੱਗ ਰਿਹਾ ਹੈ। ਦਰਅਸਲ ਮੁੱਖ ਵਿਰੋਧੀ ਧਿਰਾਂ ਕਾਂਗਰਸ ਅਤੇ ਇਨੈਲੋ ਵਿਚਲੀ ਫੁੱਟ ਦਾ ਸੱਤਾਧਾਰੀ ਪਾਰਟੀ ਪੂਰਾ ਲਾਭ ਉਠਾਉਣ ਦੇ ਯਤਨਾਂ ਵਿਚ ਹੈ। ਕਾਂਗਰਸ ਦੇ ਹਰਿਆਣਾ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਿਚਕਾਰ ਪਿਛਲੇ ਲੰਮੇਂ ਸਮੇਂ ਤੋਂ ਖਿੱਚੋਤਾਣ ਚੱਲਦੀ ਆ ਰਹੀ ਸੀ। ਇਸ ਨੂੰ ਮੁੱਖ ਰੱਖਦਿਆਂ ਕਾਂਗਰਸ ਹਾਈਕਮਾਂਡ ਵੱਲੋਂ ਪਿਛਲੇ ਦਿਨੀਂ ਹੀ ਤੰਵਰ ਦੀ ਥਾਂ ਕੁਮਾਰੀ ਸੈਲਜ਼ਾ ਨੂੰ ਸੂਬੇ ਦੀ ਪ੍ਰਧਾਨ ਬਣਾਇਆ ਗਿਆ ਹੈ। ਦਰਅਸਲ ਪਿਛਲੇ ਸਮੇਂ ਤੋਂ ਹੁੱਡਾ ਨੇ ਆਪਣੀਆਂ ਸਰਗਰਮੀਆਂ ਵੱਖਰੀਆਂ ਵਿੱਢ ਦਿੱਤੀਆਂ ਸਨ, ਜਿਸ ਕਰਨ ਹਾਈਕਮਾਂਡ ਨੂੰ ਹੰਗਾਮੀ ਹਾਲਤ ਵਿਚ ਹੁੱਡਾ ਨੂੰ ਸ਼ਾਂਤ ਕਰਨ ਲਈ ਤੰਵਰ ਨੂੰ ਲਾਂਭੇ ਕਰਨਾ ਪਿਆ ਸੀ। ਤੰਵਰ ਦਾ ਧੜਾ ਫਿਲਹਾਲ ਵੱਖਰੀਆਂ ਸਰਗਰਮੀਆਂ ਚਲਾ ਰਿਹਾ ਹੈ। ਇਸੇ ਤਰ੍ਹਾਂ ਚੌਟਾਲਾ ਪਰਿਵਾਰ ਵਿਚ ਦੋਫਾੜ ਪੈਣ ਕਾਰਨ ਮੁੱਖ ਵਿਰੋਧੀ ਧਿਰ ਇਨੈਲੋ ਦੀ ਸਥਿਤੀ ਵੀ ਬਹੁਤੀ ਚੰਗੀ ਨਹੀਂ ਹੈ। ਇਨੈਲੋ ਦੇ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਦੇ ਦੋ ਪੁੱਤਰ ਅਭੈ ਚੌਟਾਲਾ ਅਤੇ ਅਜੈ ਚੌਟਾਲਾ ਵਿਚਕਾਰ ਪੂਰੀ ਤਰਾਂ ਸਿਆਸੀ ਦਰਾੜ ਪੈ ਚੁੱਕੀ ਹੈ। ਅਜੈ ਚੌਟਾਲਾ ਦੇ ਪੁੱਤਰ ਤੇ ਸਾਬਕਾ ਸੰਸਦ ਮੈਂਬਰ ਦੁਸ਼ਿਅੰਤ ਚੌਟਾਲਾ ਵੱਲੋਂ ਵੱਖਰੀ ਪਾਰਟੀ (ਜੇਜੇਪੀ) ਬਣਾਉਣ ਕਾਰਨ ਦੋਵਾਂ ਨੇ ਵੱਖੋ-ਵੱਖਰੇ ਰਸਤੇ ਫੜ ਲਏ ਹਨ। ਇਸ ਦਾ ਸਿੱਧਾ ਲਾਭ ਹੁਕਮਰਾਨ ਪਾਰਟੀ ਭਾਜਪਾ ਨੂੰ ਹੋ ਸਕਦਾ ਹੈ। ਪਿਛਲੇ ਸਮੇਂ ਓਮ ਪ੍ਰਕਾਸ਼ ਚੌਟਾਲਾ ਨੇ ਦੋਵਾਂ ਪੁੱਤਰਾਂ ਨੂੰ ਸਿਆਸੀ ਤੌਰ ‘ਤੇ ਇਕ ਕਰਨ ਦੇ ਯਤਨ ਵਿੱਢੇ ਸਨ ਪਰ ਇਸੇ ਦੌਰਾਨ ਜੇਜੇਪੀ ਦੇ ਦੁਸ਼ਿਅੰਤ ਚੌਟਾਲਾ ਵੱਲੋਂ ਆਪਣੇ ਕੁਝ ਉਮੀਦਵਾਰਾਂ ਦਾ ਐਲਾਨ ਕਰਨ ਕਾਰਨ ਮੁੜ ਕੁੜੱਤਣ ਪੈਦਾ ਹੋ ਗਈ ਜਾਪਦੀ ਹੈ। ਇਸ ਵਾਰ ਆਮ ਆਦਮੀ ਪਾਰਟੀ (ਆਪ) ਵੀ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਿਸਮਤ ਅਜ਼ਮਾ ਰਹੀ ਹੈ ਅਤੇ ਇਸ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ ਸਮੇਂ ਲੋਕ ਸਭਾ ਚੋਣਾਂ ਵੇਲੇ ਹਰਿਆਣਾ ਵਿਚ ਕਾਫੀ ਸਰਗਰਮ ਰਹੇ ਸਨ। ਦੂਜੇ ਪਾਸੇ ‘ਆਪ’ ਵਿਚੋਂ ਨਿਕਲੇ ਯੋਗਿੰਦਰ ਯਾਦਵ ਦੀ ਸਵਰਾਜ ਇੰਡੀਆ ਪਾਰਟੀ ਵੀ ਪੂਰੇ ਜ਼ੋਰ ਨਾਲ ਹਰਿਆਣਾ ਦੀਆਂ ਚੋਣਾਂ ਵਿਚ ਉਤਰ ਰਹੀ ਹੈ।

RELATED ARTICLES
POPULAR POSTS