Breaking News
Home / ਭਾਰਤ / ਭਾਜਪਾ ਦੇ ਤਿੰਨ ਮੁੱਖ ਬਾਗੀ ਆਗੂ ਆਮ ਆਦਮੀ ਪਾਰਟੀ ਦੀ ਸ਼ਰਣ ਵਿਚ

ਭਾਜਪਾ ਦੇ ਤਿੰਨ ਮੁੱਖ ਬਾਗੀ ਆਗੂ ਆਮ ਆਦਮੀ ਪਾਰਟੀ ਦੀ ਸ਼ਰਣ ਵਿਚ

ਯਸ਼ਵੰਤ ਸਿਨਹਾ ਦਿੱਲੀ ਤੋਂ ‘ਆਪ’ ਦੀ ਟਿਕਟ ‘ਤੇ ਲੜ ਸਕਦੇ ਹਨ ਚੋਣ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤਾ ਜਨਤਾ ਪਾਰਟੀ (ਭਾਜਪਾ) ਦੇ ਤਿੰਨ ਮੁੱਖ ਬਾਗ਼ੀ ਆਗੂ ਆਮ ਆਦਮੀ ਪਾਰਟੀ (ਆਪ) ਦੇ ਸੰਪਰਕ ਵਿਚ ਹਨ ਤੇ ਕੌਮੀ ਪੱਧਰ ‘ਤੇ ਭਾਜਪਾ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕਣ ਵਾਲੇ ਸਾਬਕਾ ਕੇਂਦਰੀ ਵਿੱਤ ਮੰਤਰੀ ਯਸ਼ਵੰਤ ਸਿਨਹਾ ਦਿੱਲੀ ਤੋਂ ‘ਆਪ’ ਦੀ ਟਿਕਟ ਤੋਂ ਚੋਣ ਲੜ ਸਕਦੇ ਹਨ।
ਸੂਤਰਾਂ ਅਨੁਸਾਰ ਕੌਮੀ ਪੱਧਰ ‘ਤੇ ਭਾਜਪਾ ਵਿਰੁੱਧ ਸਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਬਣ ਰਹੇ ਮਹਾਂ ਗਠਬੰਧਨ ਵਿਚ ‘ਆਪ’ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਾਮਲ ਕਰਨ ਵਿਚ ਵੀ ਯਸ਼ਵੰਤ ਸਿਨਹਾ ਅਤੇ ਸੰਸਦ ਮੈਂਬਰ ਤੇ ਫਿਲਮੀ ਅਭਿਨੇਤਾ ਸ਼ਤਰੂਘਨ ਸਿਨਹਾ ਅਹਿਮ ਭੂਮਿਕਾ ਨਿਭਾ ਰਹੇ ਹਨ। ਦੱਸਣਯੋਗ ਹੈ ਕਿ ਭਾਜਪਾ ਦੀ ਬਾਗ਼ੀ ਤਿਕੜੀ ਯਸ਼ਵੰਤ ਸਿਨਹਾ, ਸ਼ਤਰੂਘਨ ਸਿਨਹਾ ਅਤੇ ਚੰਡੀਗੜ੍ਹ ਤੋਂ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੇ ਹੀ ਸਭ ਤੋਂ ਪਹਿਲਾਂ ਭਾਜਪਾ ਵਿਰੁੱਧ ਝੰਡਾ ਚੁੱਕਿਆ ਸੀ। ਪਿਛਲੇ ਸਮੇਂ ਇਨ੍ਹਾਂ ਤਿੰਨਾਂ ਆਗੂਆਂ ਨੇ ਹੀ ਚੰਡੀਗੜ੍ਹ ਵਿਚ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ਅਤੇ ਵਿਸ਼ੇਸ਼ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕਿਆ ਸੀ। ਸੂਤਰਾਂ ਅਨੁਸਾਰ ਭਾਵੇਂ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਸਾਲ 2019 ਦੀ ਚੋਣ ਦੌਰਾਨ ਹਰਮੋਹਨ ਧਵਨ ਨੂੰ ‘ਆਪ’ ਦੀ ਟਿਕਟ ਦੇਣ ਦੀ ਸਭ ਤੋਂ ਪਹਿਲਾਂ ‘ਆਪ’ ਚੰਡੀਗੜ੍ਹ ਇਕਾਈ ਦੇ ਕਨਵੀਨਰ ਪ੍ਰੇਮ ਗਰਗ ਨੇ ਆਵਾਜ਼ ਉਠਾਈ ਸੀ, ਪਰ ਦਿੱਲੀ ਵਿਚ ਕੇਜਰੀਵਾਲ ਕੋਲੋਂ ਧਵਨ ਨੂੰ ਟਿਕਟ ਦਿਵਾਉਣ ਵਿਚ ਅਹਿਮ ਭੂਮਿਕਾ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ ਨੇ ਹੀ ਨਿਭਾਈ। ਦੱਸਣਯੋਗ ਹੈ ਕਿ ਪਿਛਲੇ ਸਮੇਂ ਕੇਜਰੀਵਾਲ ਦੇ ਦੂਤ ਵਜੋਂ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੇ ਮੈਂਬਰ ਤੇ ਪੰਜਾਬ ਦੇ ਸਾਬਕਾ ਇੰਚਾਰਜ ਦੁਰਗੇਸ਼ ਪਾਠਕ ਨੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸਣੇ ਚੰਡੀਗੜ੍ਹ ਆ ਕੇ ਧਵਨ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਸਪੱਸ਼ਟ ਸੰਕੇਤ ਦਿੱਤੇ ਸਨ ਕਿ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ‘ਆਪ’ ਦੇ ਉਮੀਦਵਾਰ ਧਵਨ ਹੀ ਹੋਣਗੇ। ਸੂਤਰਾਂ ਅਨੁਸਾਰ ‘ਆਪ’ ਵੱਲੋਂ ਯਸ਼ਵੰਤ ਸਿਨਹਾ ਨੂੰ ਦਿੱਲੀ ਤੋਂ ਟਿਕਟ ਦੇ ਕੇ ਲੋਕ ਸਭਾ ਦੀ ਚੋਣ ਲੜਾਈ ਜਾ ਸਕਦੀ ਹੈ। ਦੱਸਣਯੋਗ ਹੈ ਕਿ ਕੇਜਰੀਵਾਲ ਨੇ ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਲੰਮਾਂ ਸਮਾਂ ਪਹਿਲਾਂ ਹੀ ਪੰਜ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਹਾਲੇ ਦਿੱਲੀ ਲਈ ਆਪਣੇ ਸੱਤ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ, ਜਿਸ ਦਾ ਕਾਰਨ ਸਿਨਹਾ ਨੂੰ ਚੋਣ ਲੜਾਉਣ ਦੀ ਸੰਭਾਵਨਾ ਮੰਨੀ ਜਾ ਸਕਦੀ ਹੈ। ਪਿਛਲੇ ਸਮੇਂ ਕੇਜਰੀਵਾਲ ਨੇ ਦਿੱਲੀ ਸਥਿਤ ਆਪਣੀ ਸਰਕਾਰੀ ਰਿਹਾਇਸ਼ ‘ਤੇ ਪੰਜਾਬ ਦੇ ਪੰਜ ਉਮੀਦਵਾਰਾਂ ਨੂੰ ਮੀਟਿੰਗ ਲਈ ਸੱਦਿਆ ਸੀ। ਇਸ ਵਿਚ ਚੋਣ ਪ੍ਰਚਾਰ ਦੀ ਰਣਨੀਤੀ ਤੈਅ ਕੀਤੀ ਗਈ ਸੀ। ਸੂਤਰਾਂ ਅਨੁਸਾਰ ਉਸ ਮੀਟਿੰਗ ਵਿਚ ਦਿੱਲੀ ਤੋਂ ‘ਆਪ’ ਦੇ ਸੱਤ ਸੰਭਾਵੀ ਉਮੀਦਵਾਰ ਵੀ ਸ਼ਾਮਲ ਸਨ ਪਰ ਕੇਜਰੀਵਾਲ ਨੇ ਅੱਜ ਤਕ ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਉਮੀਦਵਾਰ ਨਹੀਂ ਐਲਾਨਿਆ। ਸੂਤਰਾਂ ਅਨੁਸਾਰ ਸ਼ਤਰੂਘਨ ਸਿਨਹਾ ਬਾਰੇ ਵੀ ਚਰਚਾ ਹੋਈ ਸੀ ਪਰ ਉਹ ਲੋਕ ਸਭਾ ਹਲਕਾ ਪਟਨਾ ਤੋਂ ਹੀ ਚੋਣ ਲੜਨ ਦੇ ਚਾਹਵਾਨ ਹਨ। ਸੂਤਰਾਂ ਅਨੁਸਾਰ ਕੌਮੀ ਪੱਧਰ ‘ਤੇ ਭਾਜਪਾ ਵਿਰੁੱਧ ਕਾਂਗਰਸ ਸਣੇ ਵਿਰੋਧੀ ਪਾਰਟੀਆਂ ਦੇ ਬਣ ਰਹੇ ਮਹਾਂ ਗਠਬੰਧਨ ਵਿਚ ‘ਆਪ’ ਦੇ ਵੀ ਸ਼ਾਮਲ ਹੋਣ ਦੀ ਸੂਰਤ ਵਿਚ ਪੰਜਾਬ ਵਿਚ ਇਸ ਪਾਰਟੀ ਦੀ ਸਿਆਸੀ ਸਥਿਤੀ ਕੀ ਰਹੇਗੀ, ਇਸ ਉਪਰ ਪੰਜਾਬ ਇਕਾਈ ਵਿਚ ਭਾਰੀ ਭੰਬਲਭੂਸਾ ਬਣਿਆ ਪਿਆ ਹੈ। ਦਰਅਸਲ, ਪੰਜਾਬ ਦੇ ਆਗੂਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ‘ਆਪ’ ਬਤੌਰ ਮੁੱਖ ਵਿਰੋਧੀ ਧਿਰ ਹੁਕਮਰਾਨ ਕਾਂਗਰਸ ਪਾਰਟੀ ਨਾਲ ਸਿਆਸੀ ਗੱਠਜੋੜ ਕਿਵੇਂ ਕਰ ਸਕਦੀ ਹੈ। ਦੱਸਣਯੋਗ ਹੈ ਕਿ ਪਿਛਲੇ ਸਮੇਂ ਵੀ ‘ਆਪ’ ਦੀ ਪੰਜਾਬ ਇਕਾਈ ਦੀਆਂ ਮੀਟਿੰਗਾਂ ਵਿਚ ਇਸ ਮੁੱਦੇ ਉਪਰ ਚਰਚਾ ਹੁੰਦੀ ਰਹੀ ਹੈ ਪਰ ਲੀਡਰਸ਼ਿਪ ਇਸ ਮੁੱਦੇ ਨੂੰ ਇਹ ਕਹਿ ਕੇ ਬੰਦ ਕਰ ਦਿੰਦੀ ਰਹੀ ਹੈ ਕਿ ਜਦੋਂ ਹਾਈਕਮਾਂਡ ਕੌਮੀ ਪੱਧਰ ‘ਤੇ ਮਹਾਂ ਗਠਬੰਧਨ ਵਿਚ ਸ਼ਾਮਲ ਹੋਵੇਗੀ, ਉਸ ਤੋਂ ਬਾਅਦ ਹੀ ਇਸ ਮੁੱਦੇ ਉਪਰ ਚਰਚਾ ਕੀਤੀ ਜਾਵੇਗੀ। ਪਤਾ ਲੱਗਾ ਹੈ ਕਿ ਪਿਛਲੇ ਸਮੇਂ ਦਿੱਲੀ ਵਿਚ ਕੇਜਰੀਵਾਲ ਨਾਲ ਹੋਈ ਮੀਟਿੰਗ ਵਿਚ ਪੰਜਾਬ ਦੀ ਲੀਡਰਸ਼ਿਪ ਨੇ ਸਾਫ਼ ਕੀਤਾ ਸੀ ਕਿ ਸੂਬੇ ਵਿਚ ਕਾਂਗਰਸ ਨਾਲ ਗੱਠਜੋੜ ਕਰਨਾ ਪਾਰਟੀ ਲਈ ਲਾਹੇਵੰਦ ਨਹੀਂ ਹੈ। ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਫ਼ਿਲਹਾਲ ਉਹ ਇਸ ਮੁੱਦੇ ਉਪਰ ਕੁਝ ਨਹੀਂ ਕਹਿ ਸਕਦੇ।

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …